ਝੁੱਗੀ ਵਾਲਿਆਂ ਦੇ ਸਮਾਗਮ 'ਚ ਉਮੜਿਆ ਸੰਗਤਾਂ ਦਾ ਸੈਲਾਬ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ
Publish Date: Sat, 04 Jul 2026 04:37 PM (IST)
Updated Date: Sat, 04 Jul 2026 04:38 PM (IST)
51 ਸ੍ਰੀ ਅਖੰਡ ਜਾਪਾਂ ਦੇ ਭੋਗ ਪਏ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਤਪ ਅਸਥਾਨ ਪਿੰਡ ਦੌਲੇਵਾਲਾ ਮਾਇਰ ਵਿਖੇ ਕਰਵਾਏ ਗਏ ਸਾਲਾਨਾ ਧਾਰਮਿਕ ਸਮਾਗਮ ਦੇ ਅਖੀਰਲੇ ਦਿਨ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਲਈ ਪੁੱਜੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ 51 ਸ੍ਰੀ ਅਖੰਡ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਸਮੂਹ ਸੰਗਤ ਵੱਲੋਂ ਸਰਬੱਤ ਦੇ ਭਲੇ, ਦੇਸ਼ ਦੀ ਚੜ੍ਹਦੀ ਕਲਾ, ਆਪਸੀ ਭਾਈਚਾਰੇ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਧਾਰਮਿਕ ਦੀਵਾਨਾਂ ਵਿਚ ਹਾਜ਼ਰ ਸੰਗਤ ਨੇ ਸ਼ਰਧਾ ਅਤੇ ਸਤਿਕਾਰ ਨਾਲ ਗੁਰਬਾਣੀ ਦਾ ਸ੍ਰਵਣ ਕੀਤਾ ਅਤੇ ਆਤਮਿਕ ਅਨੰਦ ਪ੍ਰਾਪਤ ਕੀਤਾ। ਜਾਣਕਾਰੀ ਅਨੁਸਾਰ ਇਹ ਇਤਿਹਾਸਕ ਸਮਾਗਮ ਦੇਸ਼ ਦੀ ਵੰਡ ਤੋਂ ਪਹਿਲਾਂ ਬਾਬਾ ਤੁਲਸੀ ਦਾਸ ਜੀ ਵੱਲੋਂ ਪਾਕਿਸਤਾਨ ਦੇ ਚੱਕ ਨੰਬਰ 15 ਵਿਖੇ ਮਨਾਇਆ ਜਾਂਦਾ ਸੀ। ਵੰਡ ਤੋਂ ਬਾਅਦ ਇਸ ਮਹਾਨ ਪਰੰਪਰਾ ਨੂੰ ਦੌਲੇਵਾਲਾ ਮਾਇਰ ਵਿਖੇ ਲਗਾਤਾਰ ਨਿਭਾਇਆ ਜਾ ਰਿਹਾ ਹੈ, ਜਿਸ ਕਾਰਨ ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਠੰਡੇ-ਮਿੱਠੇ ਜਲ, ਨਿੰਬੂ ਪਾਣੀ, ਸ਼ਰਧਾਈ ਅਤੇ ਹੋਰ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੰਗਤਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ। ਸੇਵਾਦਾਰਾਂ ਨੇ ਤਨ, ਮਨ ਅਤੇ ਧਨ ਨਾਲ ਸੇਵਾ ਨਿਭਾਉਂਦਿਆਂ ਆਉਣ ਵਾਲੀ ਹਰ ਸੰਗਤ ਦੀ ਪੂਰੇ ਪਿਆਰ ਅਤੇ ਸਤਿਕਾਰ ਨਾਲ ਸੇਵਾ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸੰਗਤਾਂ ਦੀ ਸਹੂਲਤ ਲਈ ਕੂਲਰਾਂ, ਵੱਡੇ ਪੱਖਿਆਂ, ਸਾਫ਼ ਪੀਣ ਵਾਲੇ ਪਾਣੀ, ਪਾਰਕਿੰਗ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ, ਜਿਸ ਦੀ ਸੰਗਤਾਂ ਨੇ ਭਰਪੂਰ ਸ਼ਲਾਘਾ ਕੀਤੀ। ਧਾਰਮਿਕ ਦੀਵਾਨਾਂ ਵਿਚ ਉੱਚ ਕੋਟੀ ਦੇ ਰਾਗੀ ਜਥਿਆਂ, ਢਾਡੀ ਜਥਿਆਂ ਅਤੇ ਕਵੀਸ਼ਰਾਂ ਨੇ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੁੜ ਕੇ ਨਾਮ ਸਿਮਰਨ ਅਤੇ ਸੇਵਾ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਪੂਰਾ ਮਾਹੌਲ ਧਾਰਮਿਕ ਰੰਗ ਵਿਚ ਰੰਗਿਆ ਰਿਹਾ ਅਤੇ ਹਰ ਪਾਸੇ ਵਾਹਿਗੁਰੂ ਦੇ ਜਾਪ ਅਤੇ ਗੁਰਬਾਣੀ ਦੀਆਂ ਧੁਨਾਂ ਗੂੰਜਦੀਆਂ ਰਹੀਆਂ। ਸਮੂਹ ਪ੍ਰਬੰਧਕ ਕਮੇਟੀ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।