ਹਰ ਘਰ ਯੋਗ, ਭਜਾਵੇ ਰੋਗ ਤਹਿਤ ਸਾਧਕਾਂ ਨੇ ਕੀਤਾ ਅਭਿਆਸ
ਪੰਜਾਬ ਸਰਕਾਰ ਦੇ ਡਾਇਰੈਕਟੋਰੇਟ
Publish Date: Sun, 21 Jun 2026 03:28 PM (IST)
Updated Date: Mon, 22 Jun 2026 04:01 AM (IST)

ਕਸ਼ਮੀਰੀ ਪਾਰਕ ਮੋਗਾ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ ਆਯੁਰਵੇਦਾ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਜ਼ਿਲ੍ਹਾ ਮੋਗਾ ਦੇ ਕਸ਼ਮੀਰੀ ਪਾਰਕ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਆਮ ਲੋਕਾਂ, ਵਿਦਿਆਰਥੀਆਂ, ਯੋਗਾ ਇੰਸਟ੍ਰਕਟਰਾਂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜਿਕ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਏਡੀਸੀ ਮੋਗਾ ਜਸਪਿੰਦਰ ਸਿੰਘ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰ ਘਰ ਵਿਚ ਯੋਗ ਹੋਵੇ ਅਤੇ ਹਰੇਕ ਘਰ ਦੇ ਮੈਂਬਰ ਰੋਗ ਮੁਕਤ ਜਿੰਦਗੀ ਜਿਉਣ। ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ, ਅੰਤਰਰਾਸ਼ਟਰੀ ਯੋਗ ਦਿਵਸ ਨੂੰ ਇਕ ਜਨਤਕ ਜਸ਼ਨ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਯੋਗਾ ਦਾ ਅਭਿਆਸ ਦੁਨੀਆ ਭਰ ਵਿਚ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ। ਅੱਜ ਦੀ ਜੀਵਨ ਸ਼ੈਲੀ ਵਿਚ ਜਦੋਂ ਸਿਹਤ ਸਮੱਸਿਆ ਜਿਵੇਂ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਚਿੰਤਾ ਸੰਬੰਧੀ ਵਿਕਾਰ ਬਹੁਤ ਹੀ ਪ੍ਰਚਲਿਤ ਹਨ ਅਜਿਹੇ ਵੇਲੇ ਯੋਗਾ ਸੰਪੂਰਣ ਸਿਹਤ ਅਭਿਆਸ ਹੈ। ਯੋਗਾ, ਸਰੀਰਕ ਤੰਦਰੁਸਤੀ, ਮਾਨਵ ਪ੍ਰਣਾਲੀ ਦੇ ਕੰਮਕਾਜ ਅਤੇ ਕਾਰਡੀਓ-ਨਾੜੀ ਲਈ ਲਾਭਦਾਇਕ ਹਨ। ਇਹ ਸ਼ੂਗਰ, ਸਾਹ ਦੀ ਬਿਮਾਰੀ, ਹਾਈਪਰਟੈਨਸ਼ਨ ਅਤੇ ਜੀਵਨ ਸ਼ੈਲੀ ਨਾਲ ਸੰਬੰਧਤ ਕਈ ਵਿਕਾਰਾਂ ਦੇ ਪ੍ਰਬੰਧਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਹ ਡਿਪਰੈਸ਼ਨ, ਥਕਾਵਟ, ਚਿੰਤਾ ਅਤੇ ਤਣਾਉ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਸਮਾਗਮ ਵਿਚ ਐੱਸਡੀਐੱਮ ਮੋਗਾ ਸਤਵਿੰਦਰ ਪਾਲ ਸਿੰਘ ਰਣੀਕੇ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ ਪਲਵਿੰਦਰ ਸਿੰਘ, ਸਿਵਲ ਸਰਜਨ ਮੋਗਾ ਡਾ ਅਸ਼ੋਕ ਸਿੰਗਲਾ, ਆਯੂਸ਼ ਹਸਪਤਾਲ ਤੋਂ ਡਾਕਟਰ ਗੁਰਪ੍ਰੀਤ ਸਿੰਘ, ਐੱਸਪੀ ਸੰਦੀਪ ਸਿੰਘ ਮੰਡ ਮੌਜੂਦ ਸਨ। ਉੱਚ ਪੱਧਰੀ ਸਿਵਲ, ਪੁਲਿਸ ਅਧਿਕਾਰੀਆਂ ਆਦਿ ਨੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨਾਲ ਯੋਗਾ ਦੇ ਮਾਹਿਰ ਇੰਸਟ੍ਰਕਟਰਾਂ ਨਾਲ ਯੋਗ ਕਿਰਿਆਵਾਂ ਕੀਤੀਆਂ। ਏਡੀਸੀ ਨੇ ਦੱਸਿਆ ਕਿ ਇਕ ਸਿਹਤਮੰਦ ਮਨ ਬਿਮਾਰ ਸਰੀਰ ਵਿਚ ਨਹੀਂ ਰਹਿ ਸਕਦਾ। ਜੇਕਰ ਮਨ ਤੰਦਰੁਸਤ ਨਹੀਂ ਤਾਂ ਵਿਚਾਰ ਵੀ ਤੰਦਰੁਸਤ ਨਹੀਂ ਹੋ ਸਕਦੇ ਅਤੇ ਜਦੋਂ ਵਿਚਾਰ ਹੀ ਤੰਦਰੁਸਤ ਨਹੀਂ ਤਾਂ ਕਰਮ ਦਾ ਅਭਿਆਸ ਕਿਵੇਂ ਹੋਵੇਗਾ, ਮਨੁੱਖ ਆਪਣੇ ਕਰਤੱਵ ਕਿਵੇਂ ਨਿਭਾਏਗਾ। ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਯੋਗਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਵਿਚਾਰ ਮਜ਼ਬੂਤ ਕਰਨੇ ਪੈਣਗੇ ਅਤੇ ਵਿਚਾਰਾਂ ਦੀ ਮਜ਼ਬੂਤੀ ਲਈ ਯੋਗਾ ਜਰੂਰੀ ਹੈ। ਯੋਗ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਿਹਤਮੰਦ ਜੀਵਨ ਜਿਊਣ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਹਾਜ਼ਰੀਨ ਨੇ ਯੋਗਾ ਨੂੰ ਰੋਜ਼ਾਨਾ ਵਕਤ ਦੇਣ ਦਾ ਪ੍ਰਣ ਲਿਆ। ਜ਼ਿਲ੍ਹੇ ਤੋਂ ਇਲਾਵਾ ਸਮੂਹ ਸਬ ਡਿਵੀਜ਼ਨਾਂ ਵਿੱਚ ਵੀ ਸਮੂਹਿਕ ਯੋਗ ਅਭਿਆਸ ਪ੍ਰੋਗਰਾਮ, ਯੋਗ ਪ੍ਰਦਰਸ਼ਨ, ਸਿਹਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।