- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਅਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਧਰਮਕੋਟ ਵੱਲੋਂ ਸਮਾਜ ਸੇਵਾ ਦੇ ਤਹਿਤ 44ਵਾਂ ਮਹੀਨਾਵਾਰ ਮੁਫ਼ਤ ਸ਼ੂਗਰ ਚੈੱਕਅਪ ਅਤੇ ਮੈਡੀਕਲ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ, ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ। ਇਸ ਕੈਂਪ ’ਚ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲੋਕਾਂ ਨੇ ਹਿੱਸਾ ਲਿਆ ਅਤੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ। ਕੈਂਪ ਦੌਰਾਨ ਡਾ. ਸੁਰਿੰਦਰਪਾਲ ਜੁਨੇਜਾ ਦੇ ਸਹਿਯੋਗ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਟੌਰੈਂਸ ਕੰਪਨੀ ਵੱਲੋਂ ਸ਼ੂਗਰ ਪੀੜਤ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਵੈਦ ਸ੍ਰੀ ਜੈ ਭਗਵਾਨ ਜੀ ਸਿੱਧਵਾਂਬੇਟ ਵਾਲਿਆਂ ਵੱਲੋਂ ਅੱਖਾਂ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਜੁਨੇਜਾ ਕਲੀਨਿਕ ਵੱਲੋਂ ਆਏ ਹੋਏ ਮਰੀਜ਼ਾਂ ਦਾ ਮੁਫ਼ਤ ਸ਼ੂਗਰ ਟੈਸਟ ਕੀਤਾ ਗਿਆ। ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਜ਼ ਕਲੱਬ ਦੇ ਸੀਨੀਅਰ ਮੈਂਬਰ ਮਾਸਟਰ ਗੋਪਾਲ ਕ੍ਰਿਸ਼ਨ ਕੋੜਾ ਦੀ ਅਗਵਾਈ ਹੇਠ ਕੀਤੀ ਗਈ। ਕੈਂਪ ਵਿਚ ਸਿਰਫ਼ ਜਾਂਚ ਹੀ ਨਹੀਂ, ਸਗੋਂ ਲੋਕਾਂ ਨੂੰ ਸ਼ੂਗਰ, ਅੱਖਾਂ ਦੀਆਂ ਬਿਮਾਰੀਆਂ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਵੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਸਮੇਂ-ਸਮੇਂ ’ਤੇ ਜਾਂਚ ਕਰਵਾਉਣ ਅਤੇ ਸਹੀ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਾਸਟਰ ਪ੍ਰੇਮ ਸਿੰਘ, ਮਾਸਟਰ ਗੋਪਾਲ ਕ੍ਰਿਸ਼ਨ ਕੋੜਾ, ਸਤੀਸ਼ ਕੁਮਾਰ ਪੱਪੂ, ਰਾਮ ਖਿਲਾਵਨ, ਫੋਰਮੈਨ ਕਾਮਰੇਡ ਸਰਦਾਰ ਰਾਮ ਕ੍ਰਿਸ਼ਨ, ਸੰਪਨ ਗੁਪਤਾ, ਨਾਇਬ ਸਿੰਘ ਪਟਵਾਰੀ, ਬਲਕਾਰ ਸਿੰਘ ਛਾਬੜਾ, ਡਾ. ਸੁਰਿੰਦਰਪਾਲ ਜੁਨੇਜਾ, ਅਸਮਾਨੀ ਕੁਮਾਰ ਜੱਸੀ, ਜੀਵਨ ਜੈਦਕਾ, ਨਰਿੰਦਰ ਮਾਸਟਰ, ਮੋਹਿਤ ਕੁਮਾਰ ਗਰੋਵਰ, ਮਨੋਜ਼ ਕੁਮਾਰ ਨਿੱਕੂ, ਨਿਖਿਲ ਨਹੋਰੀਆ, ਸਰਦਾਰ ਸੂਬਾ ਸਿੰਘ, ਬਾਬਾ ਧਰਮਿੰਦਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਰਹੇ। ਸੰਸਥਾ ਦੇ ਪ੍ਰਧਾਨ ਸੰਪਨ ਗੁਪਤਾ ਨੇ ਕਿਹਾ ਕਿ ਸਮਾਜ ਭਲਾਈ ਦੇ ਐਸੇ ਕਾਰਜ ਮਨੁੱਖਤਾ ਦੀ ਸੇਵਾ ਦਾ ਸ੍ਰੇਸ਼ਠ ਉਦਾਹਰਣ ਹਨ ਅਤੇ ਹਰ ਵਿਅਕਤੀ ਨੂੰ ਇਨ੍ਹਾਂ ’ਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਬਲਕਾਰ ਸਿੰਘ ਛਾਬੜਾ ਨੇ ਕਿਹਾ ਕਿ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਤਰ੍ਹਾਂ ਦੇ ਸਿਹਤ ਅਤੇ ਸਮਾਜਿਕ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਨੂੰ ਸ਼ਹਿਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਦਾ ਹੈ। ਅੰਤ ਵਿਚ ਕਾਮਰੇਡ ਰਾਮ ਕ੍ਰਿਸ਼ਨ, ਨਾਇਬ ਸਿੰਘ ਪਟਵਾਰੀ, ਪ੍ਰਧਾਨ ਸੰਪਨ ਗੁਪਤਾ, ਡਾ. ਸੁਰਿੰਦਰਪਾਲ ਜੁਨੇਜਾ ਅਤੇ ਅਸਮਾਨੀ ਕੁਮਾਰ ਜੱਸੀ ਵੱਲੋਂ ਕੈਂਪ ਵਿਚ ਪਹੁੰਚੇ ਸਾਰੇ ਸੱਜਣਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।