ਯੋਗ ਆਤਮ-ਅਨੁਸ਼ਾਸਨ, ਸੰਜਮ ਅਤੇ ਇਕਾਗਰਤਾ ਦੇ ਵਿਕਾਸ ਦਾ ਪ੍ਰਭਾਵਸ਼ਾਲੀ ਸਾਧਨ ਹੈ: ਸਵਾਮੀ ਵਿਗਿਆਨਾਨੰਦ
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ" ਵੱਲੋਂ
Publish Date: Mon, 22 Jun 2026 05:20 PM (IST)
Updated Date: Mon, 22 Jun 2026 05:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ‘ਵਿਸ਼ਵ ਯੋਗ ਦਿਵਸ 2026’ ਦੇ ਮੌਕੇ ਤੇ ਸਥਾਨਕ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਆਪਣੇ ਸਿਹਤ ਜਾਗਰੂਕਤਾ ਪ੍ਰੋਗਰਾਮ ਆਰੋਗਯ ਤਹਿਤ ਵਿਲੱਖਣ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਸੰਸਥਾਨ ਵੱਲੋਂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਆਪਣੇ ਆਪ ਵਿੱਚ ਸਥਿਤ ਹੋਣਾ ਹੀ ਚੰਗੀ ਸਿਹਤ ਦੀ ਜੜ੍ਹ ਹੈ। ਭਾਰਤੀ ਸੰਸਕ੍ਰਿਤੀ ਦੀ ਮਹਾਨ ਵਿਰਾਸਤ ਯੋਗ ਤੋਂ ਜਾਣੂ ਕਰਵਾਉਂਦੇ ਹੋਏ ਸਵਾਮੀ ਜੀ ਨੇ ਯੋਗ ਸਾਧਕਾਂ ਨੂੰ ਦੱਸਿਆ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਵਿੱਚੋਂ ਇੱਕ ਹੈ। ਇਹ ਇਕ ਅਨਮੋਲ ਤੋਹਫ਼ਾ ਹੈ, ਇਹ ਸਰੀਰ, ਮਨ ਅਤੇ ਆਤਮਾ ਦੀ ਇਕ ਅਵਸਥਾ, ਮਨੁੱਖ ਅਤੇ ਕੁਦਰਤ ਵਿਚਕਾਰ ਏਕਤਾ, ਸੰਜਮ ਅਤੇ ਪੂਰਤੀ ਪ੍ਰਦਾਨ ਕਰਦਾ ਹੈ ਅਤੇ ਸਿਹਤ ਅਤੇ ਤੰਦਰੁਸਤੀ ਲਈ ਇਕ ਸੰਪੂਰਨ ਪਹੁੰਚ ਨੂੰ ਦਰਸਾਉਂਦਾ ਹੈ। ਇਹ ਕੇਵਲ ਕਸਰਤ ਬਾਰੇ ਨਹੀਂ ਹੈ, ਸਗੋਂ ਆਪਣੇ ਅੰਦਰ ਏਕਤਾ ਦੀ ਭਾਵਨਾ, ਸੰਸਾਰ ਅਤੇ ਕੁਦਰਤ ਦੀ ਖੋਜ ਹੈ। ਸਾਡੀ ਬਦਲਦੀ ਜੀਵਨਸ਼ੈਲੀ ਵਿਚ ਇਹ ਚੇਤਨਾ ਬਣ ਕੇ, ਇਹ ਸਾਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ। ਇਸੇ ਲਈ ਇਹ ਬੜੇ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤੀ ਯੋਗ ਰਿਸ਼ੀਆਂ ਦੁਆਰਾ ਦਿੱਤੀ ਗਈ ਯੋਗ ਵਿਧੀ ਨੂੰ ਸਾਰੇ ਸੰਸਾਰ ਵਿੱਚ ਅਗਵਾਈ ਕਰਨ ਵਾਲੀਆਂ ਸਾਰੀਆਂ ਕੌਮਾਂ ਨੇ ਸਰਬਸੰਮਤੀ ਨਾਲ ਇੱਕ ਉੱਤਮ ਨਿਧੀ ਵਜੋਂ ਸਵੀਕਾਰ ਕੀਤਾ ਸੀ। ਇਸ ਲਈ ਦਸੰਬਰ 2014 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਮਹਾਂਸਭਾ ਨੇ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਸੀ। ਯੋਗ ਦੀ ਰਹੱਸਮਈ ਵਿਆਖਿਆ ਤੇ ਚਾਨਣਾ ਪਾਉਂਦੇ ਹੋਏ, ਸਵਾਮੀ ਜੀ ਨੇ ਕਿਹਾ ਕਿ ਅੱਜ ਮੂਲ ਰੂਪ ਵਿੱਚ ਸਿਰਫ ਕੁਝ ਯੋਗਾਸਨਾਂ ਅਤੇ ਪ੍ਰਾਣਾਯਾਮ ਨੂੰ ਸੰਪੂਰਨ ਯੋਗ ਪ੍ਰਣਾਲੀ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ। ਯੋਗ ਸ਼ਬਦ ਸੰਸਕ੍ਰਿਤ ਦੇ ਮੂਲ ਯੁਜ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਮਿਲਾਪ ਹੋਣਾ। ਯਾਨੀ ਸਾਡੇ ਸਰੀਰ, ਮਨ ਅਤੇ ਆਤਮਾ ਦਾ ਮਿਲਾਪ ਹੀ ਯੋਗ ਹੈ। ਮਹਾਰਿਸ਼ੀ ਪਤੰਜਲੀ ਨੇ ਯੋਗ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਹੈ ਕਿ ਯੋਗ: ਚਿਤ ਵਿਰਤਿ ਨਿਰੋਧ ਜਿਸ ਦਾ ਅਰਥ ਹੈ ਮਨ ਦੀਆਂ ਪ੍ਰਵਿਰਤੀਆਂ ਦਾ ਖਾਤਮਾ ਹੀ ਯੋਗ ਹੈ ਤਦ ਹੀ ਯੋਗਹ ਕਰਮਸੁ ਕੌਸ਼ਲਮ ਦਾ ਸੰਕਲਪ ਸਿੱਧ ਹੁੰਦਾ ਹੈ। ਇਸ ਲਈ ਹੀ ਯੋਗ ਮਨੁੱਖੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਦਾ ਪ੍ਰਤੀਕ ਹੈ। ਪਤੰਜਲੀ ਯੋਗ ਸੂਤਰ ਦੇ ਅਨੁਸਾਰ, ਸਾਧਕਾਂ ਨੂੰ ਉਨ੍ਹਾਂ ਦੇ ਵਿਗਿਆਨਕ ਪੱਖ ਦੁਆਰਾ ਸਰੀਰਕ ਲਾਭਾਂ ਤੋਂ ਜਾਣੂ ਕਰਵਾਇਆ ਗਿਆ ਜਦੋਂ ਕਿ ਉਨ੍ਹਾਂ ਨੂੰ ਤਾੜਾਸਨ, ਦੰਡਾਸਨ, ਕਟੀਚਕ੍ਰਾਸਨ, ਅਰਧ ਚੰਦਰਾਸਨ, ਦਵਿਚਕ੍ਰਾਸਨ, ਭੁਜੰਗਾਸਨ, ਨਾੜੀ ਸ਼ੋਧਨ, ਅਨੁਲੋਮ ਵਿਲੋਮ ਪ੍ਰਾਣਾਯਾਮ ਆਦਿ ਦਾ ਅਭਿਆਸ ਕਰਵਾਇਆ ਗਿਆ। ਧਿਆਨ ਦੇਣ ਯੋਗ ਹੈ ਕਿ ਜ਼ਿਲ੍ਹਾ ਜੇਲ੍ਹ ਮਾਨਸਾ ਦੇ ਐਸਪੀ ਰਾਹੁਲ ਰਾਜਾ ਅਤੇ ਡੀਐਸਪੀ ਨਵਦੀਪ ਨੇ ਵੀ ਕੈਦੀਆਂ ਨਾਲ ਮਿਲ ਕੇ ਯੋਗ ਦਾ ਅਭਿਆਸ ਵੀ ਕੀਤਾ। ਸਾਰੇ ਹੀ ਕੈਦੀਆਂ ਨੇ ਸਰੀਰਕ ਸਿਹਤ ਨਾਲ ਭਰਪੂਰ ਪ੍ਰੋਗਰਾਮ ਦਾ ਭਰਪੂਰ ਲਾਭ ਉਠਾਇਆ।