ਮਹਿੰਗਾਈ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਚੰਡੀਗੜ੍ਹ ਕੂਚ ਲਈ ਔਰਤਾਂ ਦੀ ਲਾਮਬੰਦੀ ਤੇਜ਼
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ
Publish Date: Sun, 21 Jun 2026 05:42 PM (IST)
Updated Date: Sun, 21 Jun 2026 05:45 PM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੀ ਔਰਤ ਵਿੰਗ ਦੀ ਇਕ ਵਧਵੀਂ ਮੀਟਿੰਗ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਵਿਸ਼ਾਲ ਰੋਸ ਮੁਜ਼ਾਹਰੇ ਨੂੰ ਸਫ਼ਲ ਬਣਾਉਣ ਲਈ ਪਿੰਡ-ਪਿੰਡ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਅਮਰੀਕਾ ਵੱਲੋਂ ਥੋਪੇ ਜਾ ਰਹੇ ਮੁਕਤ ਵਪਾਰ ਸਮਝੌਤੇ, ਇਰਾਨ ਉੱਤੇ ਅਮਰੀਕੀ ਹਮਲੇ ਅਤੇ ਇਸ ਦੇ ਸਿੱਟੇ ਵਜੋਂ ਦੇਸ਼ ਦੇ ਲੋਕਾਂ ਉੱਤੇ ਵਧ ਰਹੀ ਮਹਿੰਗਾਈ ਖ਼ਿਲਾਫ਼ 4 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ, ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਆਮ ਲੋਕਾਂ ਅਤੇ ਕਿਸਾਨਾਂ ਉੱਤੇ ਭਾਰੀ ਆਰਥਿਕ ਬੋਝ ਪੈ ਰਿਹਾ ਹੈ। ਖਾਦਾਂ ਦੀ ਕਮੀ ਅਤੇ ਵਿਦੇਸ਼ੀ ਮੁਲਕਾਂ ‘ਤੇ ਨਿਰਭਰਤਾ ਕਾਰਨ ਖੇਤੀ ਉਤਪਾਦਨ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਖਾਦਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਵਧੀਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ। ਆਗੂਆਂ ਨੇ ਕਿਹਾ ਕਿ ਅਮਰੀਕਾ-ਇਰਾਨ ਟਕਰਾਅ ਦੀ ਆੜ ਹੇਠ ਲੋਕਾਂ ਉੱਤੇ ਵਾਧੂ ਬੋਝ ਪਾਉਣ ਦੀ ਬਜਾਏ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਬਹੁਕੌਮੀ ਕੰਪਨੀਆਂ ਉੱਤੇ ਟੈਕਸ ਲਗਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੀ ਵਾਰਤਾ ਰੱਦ ਕਰਨ ਅਤੇ ਇਰਾਨ ਉੱਤੇ ਅਮਰੀਕੀ ਹਮਲੇ ਦਾ ਵਿਰੋਧ ਕਰਨ ਦੀ ਮੰਗ ਵੀ ਕੀਤੀ। ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸਹਿਕਾਰੀ ਅਦਾਰਿਆਂ ਵਿੱਚ ਹੱਦ ਕਰਜ਼ੇ ਵਧਾਉਣ ਦਾ ਫ਼ੈਸਲਾ ਮੁੜ ਲਾਗੂ ਕੀਤਾ ਜਾਵੇ, ਬੈਂਕਾਂ ਵਿਚ ਨਕਦੀ ਪ੍ਰਾਪਤੀ ਲਈ ਹੋ ਰਹੀ ਖੱਜਲ-ਖੁਆਰੀ ਖਤਮ ਕੀਤੀ ਜਾਵੇ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਰਾਜਾਂ ਦੀ ਸਥਾਈ ਮੈਂਬਰੀ ਖਤਮ ਕਰਨ ਸਬੰਧੀ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਚੰਡੀਗੜ੍ਹ ਜਾ ਕੇ ਰੋਸ ਪ੍ਰਗਟ ਕਰਨ ਦੇ ਜਮਹੂਰੀ ਹੱਕਾਂ ‘ਤੇ ਪਾਬੰਦੀਆਂ ਲਗਾਉਣੀਆਂ ਬੰਦ ਕਰੇ। ਉਨ੍ਹਾਂ ਕਿਹਾ ਕਿ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਤੱਕ ਪਹੁੰਚ ਕਰਕੇ ਪਿੰਡ-ਪਿੰਡ ਅਤੇ ਗਲੀ-ਮੁਹੱਲਿਆਂ ਵਿੱਚ ਔਰਤਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਕੱਠ ਵੱਲੋਂ ਮਤਾ ਪਾਸ ਕਰਕੇ ਆਦਰਸ਼ ਸਕੂਲ ਚੌਕੇ ਦੇ ਅਧਿਆਪਕ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕਾਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਨ੍ਹਾਂ ਉੱਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਸੰਦੀਪ ਸਿੰਘ ਨੂੰ ਤੁਰੰਤ ਰਿਹਾਅ ਕਰਨ ਅਤੇ ਦਰਜ ਮਾਮਲਾ ਰੱਦ ਕਰਨ ਦੀ ਮੰਗ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਹਰਪ੍ਰੀਤ ਕੌਰ ਜੇਠੂਕੇ ਨੇ ਨਿਭਾਈ। ਮੀਟਿੰਗ ਵਿਚ ਮਾਲਣ ਕੌਰ ਕੋਠਾ ਗੁਰੂ, ਪਰਮਜੀਤ ਕੌਰ ਪਿੱਥੋ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਗੁਲਾਬ ਸਿੰਘ ਜਿਉਂਦ, ਜਗਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਪਾਲ ਸਿੰਘ ਕੋਠਾ ਗੁਰੂ ਅਤੇ ਅਵਤਾਰ ਸਿੰਘ ਭਗਤਾ ਸਮੇਤ ਹੋਰ ਆਗੂ ਹਾਜ਼ਰ ਸਨ।