ਪਲਾਸਟਿਕ ਮੁਕਤ ਵਾਤਾਵਰਨ ਮਨੁੱਖੀ ਸੱਭਿਅਤਾ ਲਈ ਜ਼ਰੂਰੀ : ਡਾ. ਬਲਰਾਜ ਸਿੰਘ
ਭਾਰਤ ਸਰਕਾਰ ਦੇ ਖੇਤੀ ਮੰਤਰਾਲਾ ਅਤੇ
Publish Date: Sun, 28 Jun 2026 03:39 PM (IST)
Updated Date: Sun, 28 Jun 2026 03:40 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਭਾਰਤ ਸਰਕਾਰ ਦੇ ਖੇਤੀ ਮੰਤਰਾਲਾ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਵੱਲੋਂ ਰਾਸ਼ਟਰੀ ਪੱਧਰ ਤੇ ਚਲਾਈ ਜਾ ਰਹੀ ਖੇਤ ਬਚਾਓ ਮੁਹਿੰਮ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫ਼ੈਕਲਟੀ ਆੱਫ਼ ਐਗਰੀਕਲਚਰ ਤੇ ਨਿਰਦੇਸ਼ਕ ਪਸਾਰ ਵੱਲੋਂ ਪਿੰਡ ਲਹਿਰੀ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਵਿਚ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵੱਜੋਂ ਸ਼ਿਰਕਤ ਕੀਤੀ, ਜਦਕਿ ਨਿਰਦੇਸ਼ਕ ਪਸਾਰ ਡਾ. ਜਗਦੀਸ਼ ਗੋਰਵਰ ਨੇ ਖੇਤੀ ਸੰਬੰਧੀ ਮਸ਼ੀਨਰੀ ਦੀ ਸਾਂਭ ਸੰਭਾਲ ਬਾਰੇ ਮਾਹਿਰ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਰਪੰਚ ਹਰਮੰਦਰ ਸਿੰਘ, ਪ੍ਰਧਾਨ ਗੁਰਦੁਆਰਾ ਸਾਹਿਬ, ਨਛੱਤਰ ਸਿੰਘ, ਮੈਂਬਰ ਸ਼ੇਰੇ ਪੰਜਾਬ ਕਲੱਬ ਜਗਸੀਰ ਸਿੰਘ ਤੋਂ ਇਲਾਵਾ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਤੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਬੁਲਾਰੇ ਵਾਇਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਮੇਂ ਭਾਰਤ ਦੀ ਅਬਾਦੀ ਤਕਰੀਬਨ 34 ਕਰੋੜ ਸੀ, ਜੋ ਕਿ ਹੁਣ ਵੱਧ ਕੇ 148 ਕਰੋੜ ਹੋ ਚੁੱਕੀ ਹੈ। ਆਜ਼ਾਦੀ ਸਮੇਂ ਭਾਰਤ ਕਣਕ ਬਾਹਰਲੇ ਮੁਲਕਾਂ ਤੋਂ ਮੰਗਵਾਇਆ ਕਰਦਾ ਸੀ, ਪਰ ਹੁਣ ਇੰਨ੍ਹੀ ਵੱਡੀ ਜਨਸੰਖਿਆ ਹੋਣ ਦੇ ਬਾਵਜੂਦ ਅਸੀਂ ਦੂਜੇ ਮੁਲਕਾਂ ਨੂੰ ਕਣਕ ਨਿਰਯਾਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਬਦਲਵੇਂ ਫ਼ਸਲੀ ਚੱਕਰ ਤਹਿਤ ਬਾਗਬਾਨੀ ਸਬਜ਼ੀਆਂ, ਫ਼ਲਾਂ ਤੇ ਫੁੱਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਪੈਸੇ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕਿਸਾਨ ਤੇਲ ਬੀਜਾਂ ਅਤੇ ਦਾਲਾਂ ਦੀ ਖੇਤੀ ਕਰਕੇ ਆਤਮ ਨਿਰਭਰ ਹੋਣ ਦੇ ਨਾਲ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਵੀ ਕਰ ਸਕਦੇ ਹਨ। ਉਨ੍ਹਾਂ ਸਾਰਿਆਂ ਨੂੰ ਪਲਾਸਟਿਕ ਮੁਕਤ ਆਲਾ ਦੁਆਲਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਦਿਸ਼ਾ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਡਾ. ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਵਿਚ ਲਗਾਈਆਂ ਜਾਂਦੀਆਂ ਪਾਣੀ ਦੀਆਂ ਛਬੀਲਾਂ ਸਮੇਂ ਸਟੀਲ ਦੇ ਗਲਾਸਾਂ ਦੀ ਵਰਤੋਂ ਕਰਨ ਲਈ ਕਿਹਾ, ਜਿਹੜਾ ਕਿ ਯੂਨੀਵਰਸਿਟੀ ਵੱਲੋਂ ਵੀ ਕੀਤਾ ਜਾਂਦਾ ਹੈ। ਜਿਸ ਦਾ ਸਥਾਨਕ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਪ੍ਰੋਗਰਾਮ ਦੌਰਾਨ ਛਬੀਲਾਂ ਦੇ ਠੰਢੇ ਮਿੱਠੇ ਜਲ ਨੂੰ ਸਟੀਲ ਦੇ ਗਲਾਸਾਂ ਵਿਚ ਹੀ ਵਰਤਾਇਆ ਗਿਆ। ਇਸ ਮੌਕੇ ਨਿਰਦੇਸ਼ਕ ਪਸਾਰ ਨੇ ਖੇਤੀ, ਮਸ਼ੀਨਰੀ ਰਾਹੀਂ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਦੀ ਅਪੀਲ ਕੀਤੀ।