ਤਾਮਿਲਨਾਡੂ 'ਚ ਮਾਨਸਾ ਦੇ ਟਰੱਕ ਡਰਾਈਵਰ ਨੇ ਖ਼ੁਦ ਨੂੰ ਲਗਾਈ ਅੱਗ, ਮੌਤ; ਪਰਿਵਾਰ ਨੇ ਟ੍ਰਾਂਸਪੋਰਟ ਮੈਨੇਜਰ 'ਤੇ ਲਾਏ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਤਾਮਿਲਨਾਡੂ ਦੇ ਕੋਇੰਬਟੂਰ ਨੇੜੇ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦੇ ਮਾਨਸਾ ਦੇ ਪਿੰਡ ਮੰਡੇਰ ਦੇ ਟਰੱਕ ਡਰਾਈਵਰ ਗੁਰਲਾਲ ਸਿੰਘ ਵੱਲੋਂ ਕਥਿਤ ਤੌਰ 'ਤੇ ਖੁਦ ਨੂੰ ਅੱਗ ਲਗਾਉਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕੰਪਨੀ ਦੇ ਮੈਨੇਜ਼ਰ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
Publish Date: Sun, 12 Jul 2026 10:00 AM (IST)
Updated Date: Sun, 12 Jul 2026 10:01 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਤਾਮਿਲਨਾਡੂ ਦੇ ਕੋਇੰਬਟੂਰ ਨੇੜੇ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦੇ ਮਾਨਸਾ ਦੇ ਪਿੰਡ ਮੰਡੇਰ ਦੇ ਟਰੱਕ ਡਰਾਈਵਰ ਗੁਰਲਾਲ ਸਿੰਘ ਵੱਲੋਂ ਕਥਿਤ ਤੌਰ 'ਤੇ ਖੁਦ ਨੂੰ ਅੱਗ ਲਗਾਉਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕੰਪਨੀ ਦੇ ਮੈਨੇਜ਼ਰ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਮ੍ਰਿਤਕ ਦੇ ਭਰਾ ਸਤਪਾਲ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਹੈਦਰਾਬਾਦ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਟਰੱਕ ਡਰਾਈਵਰ ਸੀ। ਉਹ ਇਨਵਰਟਰਾਂ ਦੀ ਖੇਪ ਲੈ ਕੇ ਕੋਇੰਬਟੂਰ ਗਿਆ ਹੋਇਆ ਸੀ, ਜਿੱਥੇ ਟਰੱਕ ਵਿੱਚ ਖ਼ਰਾਬੀ ਆ ਗਈ। ਉਸ ਨੇ ਕੰਪਨੀ ਦੇ ਅਧਿਕਾਰੀਆਂ ਤੋਂ ਮਦਦ ਮੰਗੀ, ਪਰ ਪਰਿਵਾਰ ਦਾ ਦੋਸ਼ ਹੈ ਕਿ ਸਹਿਯੋਗ ਕਰਨ ਦੀ ਬਜਾਏ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ।
ਪਰਿਵਾਰ ਅਨੁਸਾਰ ਗੁਰਲਾਲ ਸਿੰਘ ਨੇ ਖੁਦਕੁਸ਼ੀ ਤੋਂ ਪਹਿਲਾਂ ਫੋਨ ਕਰਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਦੀ ਗੱਲ ਦੱਸੀ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਸਥਾਨਕ ਲੋਕਾਂ ਅਤੇ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਪਰਿਵਾਰ ਨੇ ਇਲਾਜ ਵਿੱਚ ਲਾਪਰਵਾਹੀ ਦੇ ਦੋਸ਼ ਲਗਾਏ। ਬਾਅਦ ਵਿੱਚ ਪਰਿਵਾਰ ਉਸ ਨੂੰ ਐਂਬੂਲੈਂਸ ਰਾਹੀਂ ਪੰਜਾਬ ਲੈ ਕੇ ਆ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਮੈਨੇਜ਼ਰ ਦੀਆਂ ਧਮਕੀ ਭਰੀਆਂ ਫੋਨ ਕਾਲਾਂ ਦੀਆਂ ਰਿਕਾਰਡਿੰਗਾਂ ਮੌਜੂਦ ਹਨ ਅਤੇ ਉਨ੍ਹਾਂ ਨੇ ਟਰਾਂਸਪੋਰਟ ਕੰਪਨੀ ਦੇ ਮੈਨੇਜ਼ਰ ਤੇ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।