- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿੱਚ ਲਗਾਤਾਰ ਵਾਪਰ ਰਹੀਆਂ ਚੋਰੀ

-ਵਾਹਨ ਚੋਰ ਗਿਰੋਹ ਬੇਲਗਾਮ, 72 ਘੰਟਿਆਂ ’ਚ 4 ਕੀਤੀਆਂ ਵਾਰਦਾਤਾਂ, ਸੀਸੀਟੀਵੀ ਫੁਟੇਜ ਵਾਇਰਲ ਹੋਣ ਮਗਰੋਂ ਲੋਕਾਂ ’ਚ ਦਹਿਸ਼ਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ’ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਸਥਾਨਕ ਲੋਕਾਂ ’ਚ ਦਹਿਸ਼ਤ ਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਏ ਦਿਨ ਕਿਸੇ ਨਾ ਕਿਸੇ ਵਾਹਨ ਦੇ ਚੋਰੀ ਹੋਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜੋ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਤੇ ਮੁਸਤੈਦੀ ਦੀ ਪੋਲ ਖੋਲ੍ਹਦੀਆਂ ਨਜ਼ਰ ਆ ਰਹੀਆਂ ਨੇ। ਚੋਰ ਹੁਣ ਇੰਨੇ ਬੇਖ਼ੌਫ਼ ਹੋ ਚੁੱਕੇ ਹਨ ਕਿ ਉਹ ਸ਼ਰੇਆਮ ਗਲੀਆਂ ਵਿੱਚੋਂ ਅਤੇ ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ ਤੇ ਮਹਿੰਗੀਆਂ ਕਾਰਾਂ ਚੋਰੀ ਕਰਕੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਸਿੱਧੀ ਚੁਣੌਤੀ ਦੇ ਰਹੇ ਹਨ। ਇਸੇ ਦੌਰਾਨ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਦੇ ਹੋਏ ‘ਨੌਜਵਾਨ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਤਾਜ਼ਾ ਮਾਮਲਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਲਗਾਤਾਰ ਵਾਇਰਲ ਹੋ ਰਹੀਆਂ ਸੀਸੀਟੀਵੀ ਵੀਡੀਓਜ਼ ਚੋਰਾਂ ਦੇ ਵਧੇ ਹੋਏ ਹੌਸਲਿਆਂ ਦੀ ਗਵਾਹੀ ਭਰ ਰਹੀਆਂ ਹਨ, ਜਿੱਥੇ ਦਿਨ-ਦਿਹਾੜੇ ਤੇ ਰਾਤ ਵੇਲੇ ਵਾਹਨਾਂ ਨੂੰ ਬੜੀ ਆਸਾਨੀ ਨਾਲ ਨਿਸ਼ਾਨਾ ਬਣਾਇਆ ਹੈ।
-ਜੁਝਾਰ ਸਿੰਘ ਨਗਰ ’ਚੋਂ ਬਾਈਕ ਚੋਰੀ
ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦਾ ਸਿਲਸਿਲਾ 10 ਜੁਲਾਈ ਨੂੰ ਸ਼ੁਰੂ ਹੋਇਆ, ਜਦੋਂ ਚੋਰਾਂ ਨੇ ਸ਼ਹਿਰ ਦੇ ਜੁਝਾਰ ਸਿੰਘ ਨਗਰ ਦੀ ਗਲੀ ਨੰਬਰ 3 ਨੂੰ ਨਿਸ਼ਾਨਾ ਬਣਾਇਆ। ਦੁਪਹਿਰ ਦੇ ਕਰੀਬ 1 ਵਜ ਕੇ 40 ਮਿੰਟ ’ਤੇ ਸੀਸੀਟੀਵੀ ਵਿੱਚ ਕੈਦ ਹੋਈ ਵੀਡੀਓ ਅਨੁਸਾਰ, ਦੋ ਨੌਜਵਾਨ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਉਂਦੇ ਹਨ। ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਤਾਂ ਜੋ ਪਛਾਣ ਨਾ ਹੋ ਸਕੇ। ਇਹ ਚੋਰ ਗਲੀ ਵਿੱਚ ਖੜ੍ਹਾ ਇੱਕ ਮੋਟਰਸਾਈਕਲ, ਜਿਸ ਦਾ ਨੰਬਰ ਪੀਬੀ 30 ਜੀ 4332 ਹੈ, ਬੜੀ ਸਫ਼ਾਈ ਨਾਲ ਚੋਰੀ ਕਰਕੇ ਰਫ਼ੂਚੱਕਰ ਹੋ ਗਏ। ਪੀੜਤ ਪਰਿਵਾਰ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਕੇ ਲੋਕਾਂ ਨੂੰ ਚੋਰਾਂ ਬਾਰੇ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।
-ਜੀਟੀ ਰੋਡ ਸਥਿਤ ਹਸਪਤਾਲ ਦੇ ਬਾਹਰੋਂ ਸਕੂਟਰੀ ਗਾਇਬ
ਅਜੇ ਇਸ ਚੋਰੀ ਨੂੰ 24 ਘੰਟੇ ਵੀ ਨਹੀਂ ਸਨ ਬੀਤੇ ਕਿ 11 ਜੁਲਾਈ ਨੂੰ ਚੋਰਾਂ ਨੇ ਜੀਟੀ ਰੋਡ ’ਤੇ ਸਥਿਤ ਸੁਖਮਨੀ ਹਸਪਤਾਲ (ਪੋਖਰਾਜ ਸਿਨੇਮਾ ਦੇ ਸਾਹਮਣੇ) ਦੇ ਬਾਹਰ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਦੁਪਹਿਰ ਦੇ ਕਰੀਬ 3 ਵਜੇ ਇੱਕ ਸ਼ੱਕੀ ਨੌਜਵਾਨ, ਜਿਸ ਨੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਗਲੇ ਵਿੱਚ ਕਾਲੇ ਰੰਗ ਦਾ ਪਰਨਾ ਲਪੇਟਿਆ ਹੋਇਆ ਸੀ, ਕਾਫ਼ੀ ਦੇਰ ਤੱਕ ਹਸਪਤਾਲ ਦੇ ਬਾਹਰ ਖੜ੍ਹੀ ਸਕੂਟਰੀ ’ਤੇ ਬੈਠ ਕੇ ਬੀੜੀ ਪੀਂਦਾ ਰਿਹਾ। ਹਸਪਤਾਲ ਦੇ ਸੁਰੱਖਿਆ ਗਾਰਡ ਦੀ ਨਜ਼ਰ ਵੀ ਉਸ ’ਤੇ ਪਈ ਸੀ, ਪਰ ਜਿਵੇਂ ਹੀ ਸਾਰਿਆਂ ਦਾ ਧਿਆਨ ਭਟਕਿਆ, ਉਸ ਨੇ ਆਪਣੀ ਹੱਥ-ਸਫ਼ਾਈ ਦਿਖਾਈ ਅਤੇ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਿਆ। ਚੋਰੀ ਹੋਈ ਇਸ ਸਕੂਟਰੀ ਦਾ ਨੰਬਰ ਪੀਬੀ 19 ਪੀ 3933 ਦੱਸਿਆ ਜਾ ਰਿਹਾ ਹੈ।
-ਪਾਵਰ ਹਾਊਸ ਰੋਡ ਤੋਂ ਵੀ ਬਾਈਕ ਚੋਰੀ
ਸ਼ਹਿਰ ਅੰਦਰ ਵਾਹਨ ਚੋਰਾਂ ਦੀ ਸਰਗਰਮੀ ਇਸ ਕਦਰ ਵਧ ਚੁੱਕੀ ਹੈ ਕਿ ਪਾਵਰ ਹਾਊਸ ਰੋਡ ’ਤੇ ਸਥਿਤ ਡਾਕਟਰ ਦਿਓਲ ਵਾਲੀ ਸਾਈਡ ਤੋਂ ਵੀ ਇੱਕ ਹੋਰ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਚੋਰਾਂ ਨੇ ਇੱਥੋਂ ਕਾਲੇ ਰੰਗ ਦਾ ਇੱਕ ਐੱਚਐੱਫ ਡੀਲਕਸ (HF Deluxe) ਮੋਟਰਸਾਈਕਲ ਉਡਾ ਲਿਆ, ਜਿਸ ਦਾ ਨੰਬਰ ਪੀਬੀ 03 ਬੀਈ 2462 (PB-03-BE-2462) ਹੈ। ਇਸ ਚੋਰੀ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ।
-ਪੌਸ਼ ਇਲਾਕੇ ਬਸੰਤ ਵਿਹਾਰ ਵਿੱਚੋਂ ਕਾਰ ਚੋਰੀ
ਸ਼ਹਿਰ ਦੇ ਸਭ ਤੋਂ ਸੁਰੱਖਿਅਤ ਤੇ ਪੌਸ਼ ਮੰਨੇ ਜਾਣ ਵਾਲੇ ਇਲਾਕੇ ਬਸੰਤ ਵਿਹਾਰ ਵਿੱਚੋਂ ਕਾਰ ਚੋਰੀ ਹੋਣ ਦੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਸਾਬਤ ਕਰ ਦਿੱਤਾ ਹੈ। ਰਾਤ ਦੇ ਸਮੇਂ ਆਈ ਇੱਕ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਚਿੱਟੇ ਰੰਗ ਦੀ ਕਾਰ ਵਿੱਚ 3-4 ਚੋਰ ਸਵਾਰ ਹੋ ਕੇ ਆਉਂਦੇ ਹਨ। ਉਨ੍ਹਾਂ ਵਿੱਚੋਂ ਦੋ ਨੌਜਵਾਨ ਬਾਹਰ ਨਿਕਲਦੇ ਹਨ ਅਤੇ ਗਲੀ ਵਿੱਚ ਖੜ੍ਹੀ ਇੱਕ ਦੂਜੀ ਚਿੱਟੇ ਰੰਗ ਦੀ ਸਵਿਫ਼ਟ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਦੇ ਅੰਦਰ ਦਾਖ਼ਲ ਹੋ ਜਾਂਦੇ ਹਨ। ਚੋਰਾਂ ਵੱਲੋਂ ਪਹਿਲਾਂ ਕਾਰ ਨੂੰ ਪਿੱਛੇ ਵੱਲ ਧੱਕਾ ਮਾਰਿਆ ਜਾਂਦਾ ਹੈ ਅਤੇ ਫਿਰ ਉਹ ਕਾਰ ਸਟਾਰਟ ਕਰਕੇ ਮੌਕੇ ਤੋਂ ਭੱਜ ਨਿਕਲਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਇਲਾਕੇ ਵਿੱਚੋਂ ਮਹਿਜ਼ ਤਿੰਨ-ਚਾਰ ਦਿਨ ਪਹਿਲਾਂ ਵੀ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਚੋਰੀ ਹੋਈ ਸੀ। ਬਸੰਤ ਵਿਹਾਰ ਵਿੱਚ ਲਗਾਤਾਰ ਦੂਜੀ ਵਾਰ ਹੋਈ ਇਸ ਵੱਡੀ ਚੋਰੀ ਨੇ ਪੁਲਿਸ ਦੀ ਗਸ਼ਤ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਲੋਕਾਂ ’ਚ ਭਾਰੀ ਰੋਸ
ਸਥਾਨਕ ਲੋਕਾਂ ਅਨੁਸਾਰ ਬਠਿੰਡਾ ਵਿੱਚ ਪਹਿਲਾਂ ਤਾਂ ਛੋਟੀਆਂ-ਮੋਟੀਆਂ ਚੋਰੀਆਂ ਜਿਵੇਂ ਕੋਠੀਆਂ ਦੀਆਂ ਤਾਰਾਂ ਪੱਟਣੀਆਂ, ਏਸੀ ਦੀਆਂ ਕਾਪਰ ਪਾਈਪਾਂ ਚੋਰੀ ਕਰਨੀਆਂ ਜਾਂ ਸਾਈਕਲ ਚੁੱਕਣ ਦੀਆਂ ਘਟਨਾਵਾਂ ਆਮ ਸਨ, ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਲਗਜ਼ਰੀ ਕਾਰਾਂ ਅਤੇ ਮੋਟਰਸਾਈਕਲ ਦਿਨ-ਦਿਹਾੜੇ ਉਡਾ ਰਹੇ ਹਨ। ਸਮਾਜ ਸੇਵੀ ਸੋਨੂ ਮਹੇਸ਼ਵਰੀ ਅਤੇ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਰਾਤ ਦੀ ਗਸ਼ਤ ਤੁਰੰਤ ਵਧਾਈ ਜਾਵੇ ਅਤੇ ਇਨ੍ਹਾਂ ਵਾਇਰਲ ਵੀਡੀਓਜ਼ ਦੇ ਆਧਾਰ ’ਤੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।