ਪਿੰਡ ਕੁਲਰੀਆਂ ਦੀ ਜ਼ਮੀਨ ‘ਤੇ ਸਰਕਾਰ ਨੂੰ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ : ਭਾਕਿਯੂ ਏਕਤਾ ਡਕੌਂਦਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Publish Date: Sat, 13 Jun 2026 05:31 PM (IST)
Updated Date: Sat, 13 Jun 2026 05:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿਚ ਗੁਰਦੁਆਰਾ ਭਾਈ ਬਹਿਲੋ ਫ਼ਫ਼ੜੇ ਭਾਈ ਕੇ ਵਿਖੇ ਹੋਈ। ਮੀਟਿੰਗ ਵਿਚ ਮੁੱਖ ਏਜੰਡਿਆਂ ਵਿਚ ਪਿੰਡ ਕੁਲਰੀਆਂ ਦੇ ਜ਼ਮੀਨੀ ਮਸਲਾ ਅਤੇ 4 ਜੁਲਾਈ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਚੰਡੀਗੜ੍ਹ ਕੂਚ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮਸਲੇ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਿਛਲੇ ਲੰਬੇ ਸਮੇਂ ਤੋਂ ਪਿੰਡ ਕੁਲਰੀਆਂ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਜੱਦੀ ਪੁਸ਼ਤੀ ਜ਼ਮੀਨ ਵਿਚੋਂ ਬੇਦਖਲ ਕਰਨਾ ਚਾਹੁੰਦਾ ਹੈ, ਜਿਸ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕਿਸਾਨਾਂ ਦੀਆਂ ਦੇ ਹੱਕ ਵਿੱਚ ਸੰਘਰਸ਼ ਚੱਲ ਰਿਹਾ ਹੈ । ਸਰਕਾਰ ਦੇ ਅਨੇਕਾਂ ਹੱਲਿਆਂ ਦੇ ਬਾਵਜੂਦ ਕਿਸਾਨ, ਜਥੇਬੰਦੀ ਦੀ ਮਦਦ ਨਾਲ ਆਪਣੀਆਂ ਜ਼ਮੀਨਾਂ ‘ਤੇ ਕਾਸ਼ਤ ਕਰ ਰਹੇ ਹਨ ਪਰ ਹੁਣ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਵਿਭਾਗ 16 ਜੂਨ ਨੂੰ ਧੱਕੇ ਨਾਲ ਕਬਜ਼ਾ ਕਾਰਵਾਈ ਕਰਕੇ ਜ਼ਮੀਨਾਂ ‘ਤੇ ਕਾਬਜ਼ ਹੋਣਾ ਚਾਹੁੰਦਾ ਹੈ, ਜਿਸ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੱਥੇਬੰਦੀ ਲੰਬੇ ਸਮੇਂ ਤੋਂ ਕਿਸਾਨਾਂ ਲਈ ਸੰਘਰਸ਼ ਲੜ ਰਹੀ ਹੈ ਅਤੇ ਆਪਣੇ ਫ਼ੈਸਲੇ ’ਤੇ ਬਜ਼ਿਦ ਹੈ ਅਤੇ ਆਉਣ ਵਾਲੀ 16 ਜੂਨ ਨੂੰ ਸਰਕਾਰ ਦੇ ਨਾਦਰਸ਼ਾਹੀ ਫ਼ੈਸਲੇ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ 4 ਜੁਲਾਈ ਨੂੰ ਦੋ ਜੱਥੇਬੰਦੀਆਂ ਭਾਕਿਯੂ ਏਕਤਾ ਡਕੌਂਦਾ ਅਤੇ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਸਾਂਝੇ ਤੌਰ ‘ਤੇ ਕਿਸਾਨੀ ਮਸਲਿਆਂ ਜਿਵੇਂ ਕਿ ਬੀਬੀਐਮਬੀ ਬੋਰਡ ਵਿਚ ਪੰਜਾਬ ਦੀ ਨੁਮਾਇੰਦਗੀ ਬਹਾਲ ਕਰਵਾਉਣ, ਹੱਦ ਕਰਜ਼ਾ ਲਾਗੂ ਕਰਵਾਉਣਾ, ਐਮਐਸਪੀ ‘ਤੇ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿਲ 2025 ਅਤੇ ਬੀਜ ਬਿਲ 2025 ਨੂੰ ਰੱਦ ਕਰਨਾ ਸਮੇਤ ਓਟੀਐਸ ਸਕੀਮ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅਤੇ ਮਜ਼ਦੂਰ ਵਰਗ ਸਰਕਾਰਾਂ ਦੇ ਲੋਕਮਾਰੂ ਹੱਲਿਆਂ ਤੋਂ ਲਗਾਤਾਰ ਪੀੜ੍ਹਤ ਹੈ ਅਤੇ ਆਪਣੀ ਉਜ਼ਰਤ ਵਿੱਚ ਵਾਧਾ ਹੋਣ ਦੀ ਬਜਾਏ ਆਰਥਿਕ ਤੌਰ ‘ਤੇ ਕੰਗਾਲ ਹੋ ਰਿਹਾ । ਉਨ੍ਹਾਂ ਕਿਹਾ ਕਿ ਆਉਂਦੀ 4 ਜੁਲਾਈ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਮੇਟੀ ਦੇ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਗੜਿਆਲ, ਗੁਰਜੰਟ ਸਿੰਘ ਮੰਗਾਣੀਆਂ, ਸਤਪਾਲ ਸਿੰਘ ਬਰ੍ਹੇ, ਬਲਜੀਤ ਸਿੰਘ ਭੈਣੀ ਬਾਘਾ, ਬਲਦੇਵ ਸਿੰਘ ਪਿੱਪਲੀਆਂ, ਜਗਜੀਵਨ ਸਿੰਘ ਹਸਨਪੁਰ, ਤਰਸੇਮ ਸਿੰਘ ਚੱਕ ਅਲੀਸ਼ੇਰ ਆਦਿ ਮੌਜੂਦ ਰਹੇ।