- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਰਾਂ ਦੇ ਅੰਤਿਮ ਸੰਸਕਾਰ ਲਈ ਵੀ ਪਰਿਵਾਰ ਕੋਲ ਪੈਸੇ ਨਹੀਂ ਸਨ। ਬਾਅਦ ਵਿੱਚ ਸ਼ਹਿਰ ਦੇ ਸਮਾਜਸੇਵੀਆਂ ਅਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਰਾਮਬਾਗ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਵਾਇਆ ਗਿਆ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਮਾਨਸਾ ਵਿੱਚ ਆਪਣੇ ਤਿੰਨ ਬੱਚਿਆਂ ਦੀ ਜਾਨ ਲੈਣ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੀ ਸੰਦੀਪ ਕੌਰ ਦੇ ਮਾਮਲੇ ਵਿੱਚ ਮੁੱਢਲੀ ਜਾਂਚ ਦੌਰਾਨ ਆਰਥਿਕ ਮੰਦਹਾਲੀ ਮੁੱਖ ਕਾਰਨ ਵਜੋਂ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਚਾਰਾਂ ਦਾ ਅੰਤਿਮ ਸੰਸਕਾਰ ਮਾਨਸਾ ਦੇ ਰਾਮਬਾਗ ਸ਼ਮਸ਼ਾਨਘਾਟ ਵਿੱਚ ਸਮਾਜਸੇਵੀਆਂ ਦੀ ਮਦਦ ਨਾਲ ਕੀਤਾ ਗਿਆ।
ਮ੍ਰਿਤਕਾ ਦੀ ਮਾਂ ਮੂਰਤੀ ਨੇ ਦੱਸਿਆ ਕਿ ਸੰਦੀਪ ਕੌਰ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਆ ਗਈ। ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ, ਪਰ ਚਾਰ ਹਜ਼ਾਰ ਰੁਪਏ ਮਹੀਨਾ ਕਿਰਾਇਆ, ਬੱਚਿਆਂ ਦੀ ਪੜ੍ਹਾਈ ਅਤੇ ਰੋਜ਼ਾਨਾ ਦੇ ਖ਼ਰਚ ਪੂਰੇ ਕਰਨੇ ਉਸ ਲਈ ਬਹੁਤ ਔਖੇ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਕੌਰ ਹਮੇਸ਼ਾ ਬੱਚਿਆਂ ਦੇ ਭਵਿੱਖ ਅਤੇ ਧੀਆਂ ਦੇ ਵਿਆਹ ਦੀ ਚਿੰਤਾ ਕਰਦੀ ਰਹਿੰਦੀ ਸੀ। ਕਈ ਵਾਰ ਘਰ ਵਿੱਚ ਰੋਜ਼ਾਨਾ ਦੀਆਂ ਲੋੜੀਂਦੀਆਂ ਚੀਜ਼ਾਂ ਖਰੀਦਣ ਲਈ ਵੀ ਪੈਸੇ ਨਹੀਂ ਹੁੰਦੇ ਸਨ।
ਅੰਤਿਮ ਸੰਸਕਾਰ ਲਈ ਵੀ ਨਹੀਂ ਸਨ ਪੈਸੇ
ਪਰਿਵਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਰਾਂ ਦੇ ਅੰਤਿਮ ਸੰਸਕਾਰ ਲਈ ਵੀ ਪਰਿਵਾਰ ਕੋਲ ਪੈਸੇ ਨਹੀਂ ਸਨ। ਬਾਅਦ ਵਿੱਚ ਸ਼ਹਿਰ ਦੇ ਸਮਾਜਸੇਵੀਆਂ ਅਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਰਾਮਬਾਗ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਵਾਇਆ ਗਿਆ।
ਮੌਕੇ 'ਤੇ ਮੌਜੂਦ ਸਮਾਜਸੇਵੀਆਂ ਅਤੇ ਵੱਖ-ਵੱਖ ਸਿਆਸੀ ਆਗੂਆਂ ਨੇ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਲੋੜਵੰਦ ਪਰਿਵਾਰਾਂ ਤੱਕ ਸਰਕਾਰੀ ਮਦਦ ਪਹੁੰਚੇ ਤਾਂ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਥਾਣਾ ਸਿਟੀ-2 ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਆਰਥਿਕ ਤੰਗੀ ਘਟਨਾ ਦਾ ਕਾਰਨ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਬੀਐੱਨਐੱਸ ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।