ਕਪਾਹ ਮੰਡੀ ’ਚ ਲਗਾਏ ਝੁੱਗੀ-ਝੌਂਪੜੀਆਂ ਵਾਲਿਆਂ ਨੇ ਲਗਾਏ ਡੇਰੇ
ਅੱਜ ਤੋਂ ਕਈ ਸਾਲ ਪਹਿਲਾਂ ਸਰਦੂਲਗੜ੍ਹ
Publish Date: Wed, 17 Jun 2026 06:47 PM (IST)
Updated Date: Thu, 18 Jun 2026 04:03 AM (IST)

ਆਸੇ, ਪਾਸੇ ਲੋਕ ਹੋਏ ਫ਼ੈਲਾਈ ਜਾ ਰਹੀ ਹੈ ਗੰਦਗੀ ਕਾਰਨ ਪ੍ਰੇਸ਼ਾਨ, ਮੰਡੀ ਬੋਰਡ ਦੇ ਅਧਿਕਾਰੀਆਂ ਨੇ ਧਾਰੀ ਚੁੱਪੀ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਅੱਜ ਤੋਂ ਕਈ ਸਾਲ ਪਹਿਲਾਂ ਸਰਦੂਲਗੜ੍ਹ ਵਿੱਚ ਮੰਡੀ ਬੋਰਡ ਵੱਲੋਂ ਕਪਾਹ ਮੰਡੀ (ਟੀਐਮਸੀ) ਬਣਾਈ ਗਈ ਸੀ, ਜਿਸ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਫੜ੍ਹ ਅਤੇ ਸੜਕਾਂ ਦਾ ਨਿਰਮਾਣ ਕੀਤਾ ਗਿਆ ਸੀ ਪਰ ਇਸ ਨੂੰ ਬਣਾਉਣ ਉਪਰੰਤ ਮੰਡੀ ਬੋਰਡ ਵੱਲੋਂ ਇਸ ਦੀ ਸਾਰ ਨਹੀਂ ਲਈ ਗਈ। 2023 ਵਿੱਚ ਆਏ ਹੜ੍ਹਾਂ ਦੌਰਾਨ ਮੰਡੀ ਦੀ ਚਾਰ ਦਵਾਰੀ ਦਾ ਵੱਡਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ ਸੀ, ਜਿਸ ਦੀ ਹਾਲੇ ਤੱਕ ਦੁਆਰਾ ਉਸਾਰੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਇਸ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਝੁੱਗੀ, ਝੌਂਪੜੀ ਵਾਲਿਆਂ ਨੇ ਡੇਰੇ ਲਗਾਏ ਹੋਏ ਹਨ। ਇਨ੍ਹਾਂ ਵਲੋਂ ਆਲੇ ਦੁਆਲੇ ਫ਼ੈਲਾਈ ਜਾ ਰਹੀ ਗੰਦਗੀ, ਨਸ਼ਾ ਅਤੇ ਗੈਰ ਸਮਾਜਿਕ ਕੰਮ ਵੀ ਇਸ ਜਗ੍ਹਾ ਤੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਨਜ਼ਦੀਕ ਰਹਿੰਦੇ ਮੰਡੀ ਦੇ ਗੁਆਂਢੀ ਲੋਕਾਂ ਨੇ ਦਿੰਦਿਆ ਦਸਿਆ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਇੰਨ੍ਹਾਂ ਨੂੰ ਇਥੋਂ ਉਠਾਉਣ ਸਬੰਧੀ ਕਿਹਾ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਸਮਾਜਸੇਵੀ ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਮੰਡੀ ਦੀ ਹਦੂਦ ਵਿਚ ਬੈਠੇ ਇਹ ਝੁੱਗੀ, ਝੌਂਪੜੀਆਂ ਵਾਲੇ ਜਿਥੇ ਗੰਦਗੀ ਫ਼ੈਲਾ ਰਹੇ ਹਨ, ਉਥੇ ਹੀ ਇਨ੍ਹਾਂ ਵੱਲੋਂ ਗੈਰ ਸਮਾਜਿਕ ਕੰਮ ਵੀ ਕੀਤੇ ਜਾ ਰਹੇ ਹਨ। ਨਜਾਇਜ਼ ਤੌਰ ਤੇ ਬਿਜਲੀ ਅਤੇ ਪਾਣੀ ਦੀ ਵਰਤੋਂ ਕਰ ਕੇ ਮੰਡੀ ਬੋਰਡ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਮੰਡੀ ਨੇੜੇ ਰਹਿੰਦੇ ਲੋਕ ਇੰਨ੍ਹਾਂ ਵਲੋਂ ਫ਼ੈਲਾਈ ਜਾ ਰਹੀ ਗੰਦਗੀ ਅਤੇ ਗੈਰ ਸਮਾਜਿਕ ਕੰਮਾ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਇਸ ਸਬੰਧੀ ਵਾਰ ਵਾਰ ਮਾਰਕੀਟ ਕਮੇਟੀ ਦੇ ਸਕੱਤਰ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦਰਸ਼ਨ ਮਿੱਤਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਨੇ ਦੱਸਿਆ ਕਿ ਕਪਾਹ ਮੰਡੀ ਵਿੱਚ ਬੈਠੇ ਝੁੱਗੀ, ਝੌਂਪੜੀ ਵਾਲਿਆਂ ਨੂੰ ਹਟਾਉਣ ਲਈ ਉਹ ਕਈ ਵਾਰ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਇਸ ਪਾਸੇ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ। ਮੰਡੀ ਦੀ ਹਦੂਦ ਵਿੱਚ ਬੈਠੇ ਇਹ ਝੁੱਗੀ, ਝੌਂਪੜੀਆਂ ਵਾਲੇ ਜਿੱਥੇ ਮੰਡੀ ਵਿੱਚ ਗੰਦਗੀ ਫ਼ੈਲਾ ਰਹੇ ਹਨ, ਉਥੇ ਹੀ ਇੰਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਤੋਂ ਮੰਡੀ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਅਸੀਂ ਆਪਣੇ ਤੌਰ ‘ਤੇ ਪੁਲਿਸ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਵੀਨਾ ਰਾਣੀ ਦੇ ਪਤੀ ਪ੍ਰੇਮ ਗਰਗ ਦਾ ਸਹਿਯੋਗ ਲੈ ਕੇ ਇੰਨ੍ਹਾਂ ਨੂੰ ਇਥੋਂ ਉਠਾਉਣ ਦਾ ਕਈ ਵਾਰ ਯਤਨ ਵੀ ਕੀਤਾ ਹੈ, ਜਿਸ ਦੌਰਾਨ ਕਈ ਝੁੱਗੀ, ਝੌਂਪੜੀਆਂ ਵਾਲੇ ਇੱਥੋਂ ਚਲੇ ਵੀ ਗਏ ਪਰ ਹਾਲੇ ਵੀ ਵੱਡੀ ਗਿਣਤੀ ਵਿੱਚ ਇਹ ਲੋਕ ਇੱਥੇ ਡੇਰੇ ਲਗਾ ਕੇ ਬੈਠੇ ਹੋਏ ਹਨ। ਇਨ੍ਹਾਂ ਵੱਲੋਂ ਨਜਾਇਜ਼ ਤੌਰ ਤੇ ਕੁੰਡੀਆਂ ਲਗਾ ਕੇ ਬਿਜਲੀ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਮੰਡੀ ਦੀ ਚਾਰ ਦੀਵਾਰੀ ਨੂੰ ਲੈ ਕੇ ਉਨ੍ਹਾਂ ਵੱਲੋਂ ਕਈ ਵਾਰ ਮਤਾ ਪਾਇਆ ਜਾ ਚੁੱਕਿਆ ਹੈ ਪਰ ਹਾਲੇ ਤੱਕ ਇਸ ਦਾ ਵੀ ਕੋਈ ਹੱਲ ਨਹੀਂ ਹੋਇਆ। ਕਿਮੀ ਗਰਗ ਸਕੱਤਰ ਮਾਰਕੀਟ ਕਮੇਟੀ ਨੇ ਕਿਹਾ ਕਿ ਮੰਡੀ ਵਿੱਚ ਬੈਠੇ ਝੁੱਗੀ, ਝੌਂਪੜੀਆਂ ਵਾਲੇ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹਨ। ਜਲਦੀ ਹੀ ਉਹ ਦਫ਼ਤਰ ਦਾ ਬੰਦਾ ਭੇਜ ਕੇ ਇਸ ਸਬੰਧੀ ਜਾਣਕਾਰੀ ਲੈਣਗੇ। ਮੰਡੀ ਦੀ ਚਾਰ ਦੀਵਾਰੀ ਸਬੰਧੀ ਮਤਾ ਪਾਇਆ ਜਾ ਰਿਹਾ ਹੈ। ਜਲਦੀ ਹੀ ਇਸ ਨੂੰ ਬਣਵਾਇਆ ਜਾਵੇਗਾ। ਫੰਡਾਂ ਦੀ ਘਾਟ ਕਾਰਨ ਚਾਰ ਦੀਵਾਰੀ ਦਾ ਕੰਮ ਲੇਟ ਹੋ ਗਿਆ, ਜੋ ਫੰਡ ਪਏ ਸਨ ਉਨ੍ਹਾਂ ਦੀ ਵਰਤੋਂ ਨਵੀਂ ਮੰਡੀ ਵਿੱਚ ਫੰਡ ਪੱਕੇ ਕਰਨ ਅਤੇ ਸ਼ੈਡ ਬਣਾਉਣ ਉਤੇ ਖਰਚ ਕਰ ਦਿਤੇ ਗਏ ਹਨ। ਪ੍ਰੇਮ ਗਰਗ ਪ੍ਰਧਾਨ ਵਪਾਰ ਮੰਡਲ ਨੇ ਕਿਹਾ ਕਿ ਕਪਾਹ ਮੰਡੀ ਵਿੱਚ ਬੈਠੇ ਝੁੱਗੀ, ਝੌਂਪੜੀਆਂ ਵਾਲਿਆਂ ਨੇ ਉਥੇ ਬਹੁਤ ਗੰਦਗੀ ਫ਼ੈਲਾਈ ਹੋਈ ਹੈ, ਜਿਸ ਨਾਲ ਮੰਡੀ ਵਿੱਚ ਰਹਿੰਦੇ ਲੋਕ ਬਹੁਤ ਪ੍ਰੇਸ਼ਾਨ ਹਨ। ਉਹ ਇਸ ਸਬੰਧੀ ਕਈ ਵਾਰ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਵਲੋਂ ਉਨ੍ਹਾਂ ਨੂੰ ਹਟਾਉਣ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਸਕੱਤਰ ਦੀ ਇੱਕ ਗੱਲ ਤਾਂ ਸਮਝ ਤੋਂ ਪਰ੍ਹੇ ਹੈ ਕਿ ਇੱਕ ਪਾਸੇ ਤਾਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਮਾਜ ਸੇਵੀ ਬਿਕਰਜੀਤ ਸਿੰਘ ਕਹਿ ਰਹੇ ਹਨ ਕਿ ਉਹ ਕਈ ਵਾਰ ਝੁੱਗੀ, ਝੌਂਪੜੀਆਂ ਦੇ ਮਸਲੇ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਦੂਜੇ ਪਾਸੇ ਸਕੱਤਰ ਇਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਧਿਆਨ ਵਿੱਚ ਹੀ ਨਹੀਂ ਹੈ ਕਿ ਮੰਡੀ ਵਿੱਚ ਝੁੱਗੀ, ਝੌਂਪੜੀਆਂ ਵਾਲੇ ਬੈਠੇ ਹਨ।