ਸੜਕਾਂ ਕਿਨਾਰੇ ਨਾਜਾਇਜ਼ ਕਬਜ਼ੇ ਹਟਵਾਉਣ ਪਹੁੰਚੇ ਨਗਰ ਪੰਚਾਇਤ ਦੇ ਮੁਲਾਜ਼ਮ ਨਜਾਇਜ਼ ਕਬਜ਼ਿਆਂ ਸਬੰਧੀ
Publish Date: Wed, 01 Jul 2026 06:53 PM (IST)
Updated Date: Thu, 02 Jul 2026 04:05 AM (IST)
ਫ਼ੋਟੋ : 23 ਐਮਏਐਨ ਕੈਪਸ਼ਨ : ਨਜਾਇਜ਼ ਕਬਜ਼ਿਆਂ ਸਬੰਧੀ ਬਜਾਰਾਂ ਵਿਚ ਪੰਹੁਚੇ ਨਗਰ ਪੰਚਾਇਤ ਦੇ ਮੁਲਾਜ਼ਮ। ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਸਰਦੂਲਗੜ ਸ਼ਹਿਰ ਦੀ ਸਰਸਾ-ਮਾਨਸਾ ਰੋਡ ਤੋਂ ਇਲਾਵਾ ਹੋਰ ਵੱਖ-ਵੱਖ ਬਾਜ਼ਾਰਾਂ ’ਚ ਦੁਕਾਨਦਾਰ ਨੇ ਦੁਕਾਨਾਂ ਮੂਹਰੇ ਦੂਰ-ਦੂਰ ਤੱਕ ਸਾਮਾਨ ਰੱਖ ਕੇ ਸੜਕਾਂ ’ਤੇ ਕਬਜ਼ਾ ਕੀਤਾ ਹੋਇਆ ਹੈ ਉਥੇ ਹੀ ਕੌਮੀ ਮਾਰਗ ਕਿਨਾਰੇ ਵੱਡੀ ਗਿਣਤੀ ’ਚ ਖੋਖੇ ਰਖ ਕੇ ਤੇ ਰੇਹੜੀਆਂ ਲਾ ਕੇ ਸੜਕ ਨੂੰ ਰੋਕਿਆ ਹੋਇਆ ਹੈ। ਜਿਸ ਨਾਲ ਜਿੱਥੇ ਸ਼ਹਿਰ ’ਚ ਟ੍ਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ ਉਥੇ ਹੀ ਐਕਸੀਡੈਂਟ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਭਾਂਵੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਵਲੋਂ ਸਮੇਂ-ਸਮੇਂ ਤੇ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਪਰਨਾਲਾ ਉਥੇ ਦਾ ਉਥੇ ਹੀ ਰਹਿ ਜਾਂਦਾ ਹੈ। ਹੁਣ ਇਕ ਵਾਰ ਫੇਰ ਨਵੇੰ ਆਏ ਕਾਰਜ ਸਾਧਕ ਅਫਸਰ ਵਲੋਂ ਨਗਰ ਪੰਚਾਇਤ ਦੇ ਕੰਮਾਂ ’ਚ ਤੇਜੀ ਦਿਖਾਈ ਜਾ ਰਹੀ ਹੈ ਜਿਸ ਕਾਰਨ ਅੱਜ ਕਾਰਜ ਸਾਧਕ ਅਫਸਰ ਆਪਣੀ ਪੂਰੀ ਟੀਮ ਨਾਲ ਸ਼ਹਿਰ ਦੇ ਬੱਸ ਸਟੈਂਡ ਤੇ ਬਾਜ਼ਾਰਾਂ ਵਿਚ ਪੰਹੁਚੇ ਅਤੇ ਨਾਜਾਇਜ਼ ਤਰੀਕੇ ਨਾਲ ਸੜਕ ’ਤੇ ਪਏ ਦੁਕਾਨਦਾਰਾਂ ਦੇ ਸਾਮਾਨ ਤੇ ਰੇਹੜੀਆਂ ਵਾਲੇ ਨੂੰ ਹਟਾਉਣ ਦੀ ਸਖ਼ਤ ਹਦਾਇਤ ਕੀਤੀ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਜਿੱਥੇ ਸਥਾਨਕ ਲੋਕਾਂ ਦੀ ਸ਼ਿਕਾਇਤ ਸੀ ਉੱਥੇ ਹੀ ਉੱਚ ਅਧਿਕਾਰੀਆਂ ਵੱਲੋਂ ਵੀ ਹਦਾਇਤਾਂ ਆਈਆਂ ਹਨ ਕਿ ਸ਼ਹਿਰ ’ਚ ਜਿੱਥੇ ਕਿਤੇ ਵੀ ਨਜਾਇਜ਼ ਕਬਜ਼ੇ ਹਨ ਉਨ੍ਹਾਂ ਨੂੰ ਜਲਦੀ ਹਟਾਇਆ ਜਾਵੇ, ਜਿਸ ਦੇ ਮੱਦੇਨਜ਼ਰ ਅੱਜ ਸਾਡੀ ਟੀਮ ਵੱਲੋਂ ਸ਼ਹਿਰ ਦੇ ਬਾਜ਼ਾਰਾਂ ’ਚ ਜਾ ਕੇ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਤੇ ਰੇਹੜੀ ਵਾਲਿਆਂ ਨੂੰ ਵੀ ਕਿਹਾ ਕਿ ਉਹ ਸੜਕ ਨੂੰ ਛੱਡ ਕੇ ਖੜ੍ਹੇ ਹੋਣ, ਜੇਕਰ ਕੋਈ ਵੀ ਸੜਕ ਦੀ ਜਗ੍ਹਾ ਉੱਪਰ ਸਮਾਨ ਰੱਖ ਕੇ ਜਾਂ ਫਿਰ ਰੇੜੀ ਲਾ ਕੇ ਕੰਮ ਕਰਦਾ ਹੈ ਤਾਂ ਉਸ ਦਾ ਸਾਮਾਨ ਜ਼ਬਤ ਕਰ ਲਿੱਤਾ ਜਾਵੇਗਾ ਤੇ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਮੁਲਾਜ਼ਮਾਂ ਦੀ ਇਕ ਟੀਮ ਤਿਆਰ ਕੀਤੀ ਗਈ ਹੈ ਜੋ ਕਿ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਜਾ ਕੇ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕਰਨਗੇ। ਸੜਕ ਕਿਨਾਰੇ ਲੱਗੇ ਖੋਖਿਆਂ ਨੂੰ ਲੈ ਕੇ ਪੁੱਛ ਗਏ ਸਵਾਲ ਤੇ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਵੀ ਜਲਦੀ ਹਟਾਇਆ ਜਾਵੇਗਾ।