15 ਦਿਨਾਂ ਬਾਅਦ ਖੁੱਲ੍ਹਿਆ ਤਿਕੋਣੀ ਚੌਕ ਦਾ ਰਾਹ, ਪਰਵਿੰਦਰ ਝੋਟਾ ਦੇ ਪਿਤਾ ਨੇ ਕਿਹਾ—ਇੱਕ ਪਾਸੇ ਕੇਸ ਰੱਦ ਕਰਨ ਦੀ ਗੱਲ, ਦੂਜੇ ਪਾਸੇ ਅਦਾਲਤਾਂ ਦੇ ਚੱਕਰ!
ਮਾਨਸਾ ਬੱਸ ਸਟੈਂਡ ਤੋਂ ਅੱਜ ਤੋਂ ਸਿਰਸਾ, ਬਰਨਾਲਾ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਸਮੇਤ ਹੋਰ ਆਵਾਜਾਈ ਤਿਕੋਣੀ ਚੌਕ ਰਾਹੀਂ ਲੰਘੇਗੀ। ਜਦਕਿ ਬਠਿੰਡਾ, ਬਰਨਾਲਾ ਅਤੇ ਚੰਡੀਗੜ੍ਹ ਤੋਂ ਬੱਸ ਸਟੈਂਡ ਤੱਕ ਆਉਣ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਨੂੰ ਮਾਨਸਾ ਕੈਂਚੀਆਂ ਤੋਂ ਐੱਚਐੱਸ ਰੋਡ ਰਾਹੀਂ ਮਾਨਸਾ ਖੁਰਦ ਦੇ ਰਸਤੇ ਬੱਸ ਸਟੈਂਡ ਪਹੁੰਚਣਾ ਪਵੇਗਾ।
Publish Date: Tue, 27 Oct 2026 02:57 PM (IST)
Updated Date: Tue, 27 Oct 2026 03:01 PM (IST)
ਜਾਗਰਣ ਸੰਵਾਦਦਾਤਾ, ਮਾਨਸਾ : 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਸਿਰਸਾ-ਬਰਨਾਲਾ ਰੋਡ 'ਤੇ ਪਿਛਲੇ 15 ਦਿਨਾਂ ਤੋਂ ਬੰਦ ਪਈ ਆਵਾਜਾਈ ਨੂੰ ਮੰਗਲਵਾਰ ਐਕਸ਼ਨ ਕਮੇਟੀ ਦੀ ਵਪਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਬਰਨਾਲਾ ਤੋਂ ਸਿਰਸਾ ਅਤੇ ਸਿਰਸਾ ਤੋਂ ਬਰਨਾਲਾ ਵੱਲ ਜਾਣ ਵਾਲੇ ਵਾਹਨ ਚਾਲਕਾਂ ਅਤੇ ਸ਼ਹਿਰ ਦੇ ਬੱਸ ਸਟੈਂਡ ਤੱਕ ਆਉਣ ਵਾਲੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਤਿਕੋਣੀ ਚੌਕ 'ਤੇ ਚੱਲ ਰਹੇ ਧਰਨੇ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਧਰਨੇ ਦੇ ਨੇੜੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ, ਤਾਂ ਜੋ ਟ੍ਰੈਫਿਕ ਜਾਮ ਨਾ ਲੱਗੇ।
ਮਾਨਸਾ ਬੱਸ ਸਟੈਂਡ ਤੋਂ ਅੱਜ ਤੋਂ ਸਿਰਸਾ, ਬਰਨਾਲਾ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਸਮੇਤ ਹੋਰ ਆਵਾਜਾਈ ਤਿਕੋਣੀ ਚੌਕ ਰਾਹੀਂ ਲੰਘੇਗੀ। ਜਦਕਿ ਬਠਿੰਡਾ, ਬਰਨਾਲਾ ਅਤੇ ਚੰਡੀਗੜ੍ਹ ਤੋਂ ਬੱਸ ਸਟੈਂਡ ਤੱਕ ਆਉਣ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਨੂੰ ਮਾਨਸਾ ਕੈਂਚੀਆਂ ਤੋਂ ਐੱਚਐੱਸ ਰੋਡ ਰਾਹੀਂ ਮਾਨਸਾ ਖੁਰਦ ਦੇ ਰਸਤੇ ਬੱਸ ਸਟੈਂਡ ਪਹੁੰਚਣਾ ਪਵੇਗਾ।
ਸਿਰਸਾ ਵੱਲ ਜਾਣ ਅਤੇ ਉੱਥੋਂ ਆਉਣ ਵਾਲੀਆਂ ਬੱਸਾਂ ਤੋਂ ਇਲਾਵਾ ਹੋਰ ਆਵਾਜਾਈ ਹੁਣ ਸਿੱਧੇ ਤਿਕੋਣੀ ਚੌਕ ਤੋਂ ਆ-ਜਾ ਸਕੇਗੀ। ਇਸ ਤੋਂ ਪਹਿਲਾਂ ਸਿਰਸਾ ਤੋਂ ਆਉਣ-ਜਾਣ ਵਾਲੀ ਆਵਾਜਾਈ ਮਾਨਸਾ ਤੋਂ ਭੈਣੀ ਬਾਘਾ, ਖੋਖਰ ਅਤੇ ਰਾਮਦਿੱਤੇ ਵਾਲਾ ਰਾਹੀਂ ਲੰਘ ਰਹੀ ਸੀ। ਇਸ ਕਾਰਨ ਬੱਸ ਚਾਲਕਾਂ ਅਤੇ ਹੋਰ ਵਾਹਨ ਚਾਲਕਾਂ ਨੂੰ 5 ਤੋਂ 6 ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਨਾ ਪੈਂਦਾ ਸੀ।
ਪਰਵਿੰਦਰ ਦੇ ਪਿਤਾ ਤੇ ਸਾਥੀਆਂ ਦੀ ਅਦਾਲਤ 'ਚ ਪੇਸ਼ੀ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਉਸ ਦੇ ਸਾਥੀਆਂ ਦੇ ਮਾਮਲੇ ਦੀ ਸੁਣਵਾਈ ਅੱਜ ਅਦਾਲਤ 'ਚ ਹੋਈ। ਅਦਾਲਤ ਨੇ ਅਗਲੀ ਪੇਸ਼ੀ ਲਈ 26 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਪੇਸ਼ੀ ਭੁਗਤਣ ਤੋਂ ਬਾਅਦ ਝੋਟਾ ਦੇ ਪਿਤਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਉਨ੍ਹਾਂ ਦੇ ਪੁੱਤਰ ਅਤੇ ਸਾਥੀਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਗੱਲ ਮੰਨ ਰਹੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਪਰਵਿੰਦਰ ਝੋਟਾ ਦੇ ਸਾਥੀਆਂ ਖ਼ਿਲਾਫ਼ ਪੁਲਿਸ ਵੱਲੋਂ ਦਰਜ ਕੀਤੇ ਗਏ ਕਥਿਤ ਝੂਠੇ ਮੁਕੱਦਮਿਆਂ ਕਾਰਨ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਅਤੇ ਉਸ ਦੇ ਕਈ ਸਾਥੀਆਂ ਖ਼ਿਲਾਫ਼ ਕੇਸ ਦਰਜ ਹਨ, ਜਿਨ੍ਹਾਂ ਦੀਆਂ ਪੇਸ਼ੀਆਂ ਭੁਗਤਣ ਲਈ ਉਨ੍ਹਾਂ ਨੂੰ ਅਦਾਲਤ ਪਹੁੰਚਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਸਾਲ 2023 'ਚ ਕਥਿਤ ਤੌਰ 'ਤੇ ਝੂਠਾ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੇ ਸੰਮਨ ਉਨ੍ਹਾਂ ਨੂੰ ਦੋ ਸਾਲ ਬਾਅਦ ਮਿਲੇ ਹਨ ਅਤੇ ਪਿਛਲੇ ਇਕ ਸਾਲ ਤੋਂ ਉਹ ਲਗਾਤਾਰ ਅਦਾਲਤ 'ਚ ਪੇਸ਼ ਹੋ ਰਹੇ ਹਨ।