ਮਾਨਸਾ ਦੇ ਸੀਵਰੇਜ਼ ਨਿਕਾਸੀ ਪ੍ਰੋਜੈਕਟ ਦਾ ਜਾਇਜ਼ਾ: ਨਗਰ ਕੌਂਸਲ ਦੀ ਨਵੀਂ ਟੀਮ ਵੱਲੋਂ ਕੰਮ ’ਚ ਤੇਜ਼ੀ ਲਿਆਉਣ ਦਾ ਭਰੋਸਾ ਮਾਨਸਾ ਸ਼ਹਿਰ ਦੀ ਸੀਵਰੇਜ ਸਮੱਸਿਆ ਦੇ
Publish Date: Wed, 08 Jul 2026 06:21 PM (IST)
Updated Date: Thu, 09 Jul 2026 04:03 AM (IST)
ਫ਼ੋਟੋ : 16 ਐਮਏਐਨ ਕੈਪਸ਼ਨ : ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਕੌਂਸਲਰ ਸੀਵਰੇਜ਼ ਨਿਕਾਸੀ ਪ੍ਰੋਜੈਕਟ ਦਾ ਜਾਇਜ਼ਾ ਲੈਂਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਸ਼ਹਿਰ ਦੀ ਸੀਵਰੇਜ਼ ਸਮੱਸਿਆ ਦੇ ਹੱਲ ਲਈ ਚੱਲ ਰਹੇ ਮਹੱਤਵਪੂਰਨ ਪ੍ਰੋਜੈਕਟ ਦਾ ਨਗਰ ਕੌਂਸਲ ਮਾਨਸਾ ਦੀ ਨਵੀਂ ਚੁਣੀ ਗਈ ਟੀਮ ਵੱਲੋਂ ਨਿਰੀਖਣ ਕੀਤਾ ਗਿਆ। ਸੀਨੀਅਰ ਵਾਈਸ ਪ੍ਰਧਾਨ ਪ੍ਰੇਮ ਸਾਗਰ ਭੋਲਾ ਦੀ ਅਗਵਾਈ ਵਿੱਚ ਕੀਤੇ ਗਏ ਇਸ ਦੌਰੇ ਦੌਰਾਨ ਐਸਟੀਪੀ (ਐਸਟੀਪੀ) ਪਲਾਂਟ ਤੋਂ ਬਰਸਾਤੀ ਚੋਅ ਤੱਕ ਪਾਈ ਜਾ ਰਹੀ ਪਾਈਪ ਲਾਈਨ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੀਵਰੇਜ ਬੋਰਡ ਦੇ ਐਸਡੀਓ ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਐੱਸਡੀਓ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਈਪ ਲਾਈਨ ਰਾਹੀਂ ਪਾਣੀ ਦੀ ਸਫ਼ਲ ਨਿਕਾਸੀ ਲਈ ਟੈਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਈਪਾਂ ਵਿੱਚ ਹਵਾ ਦੇ ਦਬਾਅ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਪਾਣੀ ਹੌਲੀ ਹੌਲੀ ਭਰਿਆ ਜਾ ਰਿਹਾ ਹੈ। ਜੇਕਰ ਪਾਈਪ ਲਾਈਨ ਬਿਨਾਂ ਕਿਸੇ ਲੀਕੇਜ਼ ਦੇ ਦਬਾਅ ਝੱਲ ਲੈਂਦੀ ਹੈ ਤਾਂ ਇਸ ਮਹੀਨੇ ਦੇ ਅੰਤ ਤੱਕ ਇਸ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਜਾਵੇਗਾ। ਪਲਾਂਟ ਲਈ ਲੋੜੀਂਦੀਆਂ ਮੋਟਰਾਂ ਵਿੱਚੋਂ ਦੋ ਪਹੁੰਚ ਚੁੱਕੀਆਂ ਹਨ ਅਤੇ ਬਾਕੀਆਂ ਦੀ ਪ੍ਰਕਿਰਿਆ ਜਾਰੀ ਹੈ। ਨਿਰੀਖਣ ਦੌਰਾਨ ਸੀਨੀਅਰ ਵਾਈਸ ਪ੍ਰਧਾਨ ਪ੍ਰੇਮ ਸਾਗਰ ਭੋਲਾਂ ਅਤੇ ਕੌਂਸਲਰ ਅਰਪਿਤ ਚੌਧਰੀ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਐਸਟੀਪੀ ਪਲਾਂਟ ਵਿੱਚ ਗਾਰਦ ਜਮ੍ਹਾਂ ਹੋਣ ਕਾਰਨ ਟੋਭੇ ਦੀ ਸਮਰੱਥਾ ਘੱਟ ਗਈ ਹੈ, ਜਿਸ ਨੂੰ ਤੁਰੰਤ ਸਾਫ਼ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਪਾਣੀ ਸਟੋਰ ਕਰਨ ਵਾਲੇ ਟੋਭੇ ਨੂੰ ਡੂੰਘਾ ਅਤੇ ਵੱਡਾ ਕਰਨ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਸਟੋਰੇਜ਼ ਸਮਰੱਥਾ ਵਿੱਚ ਸੁਧਾਰ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਗਾਰਦ ਕੱਢਣ ਵਾਲੀ ਆਟੋਮੈਟਿਕ ਮਸ਼ੀਨ ਦੇ ਰੱਖ-ਰਖਾਅ ਲਈ ਫੰਡਾਂ ਦੀ ਕਮੀ ਇੱਕ ਵੱਡੀ ਰੁਕਾਵਟ ਹੈ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ, ਨਗਰ ਕੌਂਸਲ ਦੇ ਨੁਮਾਇੰਦਿਆਂ ਨੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ। ਸੀਨੀਅਰ ਵਾਈਸ ਪ੍ਰਧਾਨ ਪ੍ਰੇਮ ਸਾਗਰ ਭੋਲਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸੀਵਰੇਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਣਾ ਨਵੀਂ ਟੀਮ ਦੀ ਪਹਿਲੀ ਤਰਜ਼ੀਹ ਹੈ। ਇਸ ਪ੍ਰੋਜੈਕਟ ਨੂੰ ਕਾਮਯਾਬ ਬਣਾਉਣ ਲਈ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਫੰਡਾਂ ਦੀ ਮੰਗ ਸਬੰਧੀ ਮਾਮਲਾ ਉਠਾਉਣ ਲਈ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪ੍ਰੋਜੈਕਟ ਨੂੰ ਮੁਕੰਮਲ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਇਸ ਸਮੇਂ ਪ੍ਰੇਮ ਸਾਗਰ ਭੋਲਾ ਸੀਨੀਅਰ ਵਾਈਸ ਪ੍ਰਧਾਨ, ਅਰਪਿਤ ਚੋਧਰੀ ਕੌਂਸਲਰ, ਪ੍ਰਵੀਨ ਟੋਨੀ ਕੌਂਸਲਰ, ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ, ਦਵਿੰਦਰ ਢਿੱਲੋਂ, ਹਰਬੰਸ ਪੰਮੀ ਕੌਂਸਲਰ, ਅਸ਼ਵਨੀ ਕੁਮਾਰ, ਕਮਲ ਚੂਨੀਆਂ, ਸੁਖਰਾਜ ਸਿੰਘ, ਜਸਪ੍ਰੀਤ ਜੱਸੀ ਕੌਂਸਲਰ, ਕਮਲੇਸ਼ ਰਾਣੀ ਐਮ ਸੀ, ਸੁਖਚੈਨ ਸਿੰਘ, ਆਤਮਾ ਸਿੰਘ ਭੋਲਾ, ਰੋਮਾ ਅਗਰਵਾਲ ਹਾਜ਼ਰ ਸਨ।