ਪੰਜਾਬੀ ਯੂਨੀਵਰਸਿਟੀ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ : ਐੱਸਐੱਸ ਚੱਠਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ
Publish Date: Sat, 13 Jun 2026 05:52 PM (IST)
Updated Date: Sat, 13 Jun 2026 05:54 PM (IST)

ਫ਼ੀਸ ਫੰਡ ਵਾਧਾ ਤੁਰੰਤ ਵਾਪਸ ਲਿਆ ਜਾਵੇ : ਪੁਡਕਾ, ਪੰਜਾਬੀ ਯੂਨੀਵਰਸਿਟੀ ਵੱਲੋਂ ਕੰਟੀਨਿਊਏਸ਼ਨ, ਐਫ਼ੀਲੀਏਸ਼ਨ ਫ਼ੀਸਾਂ ਤੇ ਰਿਜ਼ਰਵ ਫੰਡ ਵਿੱਚ 100 ਤੋਂ 300 ਫ਼ੀਸਦੀ ਵਾਧਾ ਪ੍ਰਾਈਵੇਟ ਕਾਲਜਾਂ ਤੇ ਵਿਦਿਆਰਥੀਆਂ ‘ਤੇ ਵੱਡਾ ਹਮਲਾ : ਐੱਸਐੱਸ ਚੱਠਾ ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਲਜਾਂ ਤੋਂ ਲਈਆਂ ਜਾਣ ਵਾਲੀਆਂ ਕੰਟੀਨਿਊਏਸ਼ਨ, ਐਫ਼ੀਲੀਏਸ਼ਨ ਫ਼ੀਸਾਂ, ਰਜਿਸਟ੍ਰੇਸ਼ਨ ਫ਼ੀਸਾਂ ਅਤੇ ਰਿਜ਼ਰਵ ਫੰਡ ਵਿੱਚ 100 ਤੋਂ 300 ਫ਼ੀਸਦੀ ਤੱਕ ਕੀਤੇ ਗਏ ਭਾਰੀ ਵਾਧੇ ਖ਼ਿਲਾਫ਼ ਪੰਜਾਬ ਅਣਏਡਿਡ ਡਿਗਰੀ ਕਾਲਜ ਐਸੋਸੀਏਸ਼ਨ (ਪੁਡਕਾ) ਨੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਐੱਸ. ਐੱਸ. ਚੱਠਾ ਨੇ ਇਸ ਫੈਸਲੇ ਨੂੰ ਕਾਲਜਾਂ ਅਤੇ ਵਿਦਿਆਰਥੀਆਂ ਉੱਪਰ ਵੱਡਾ ਵਿੱਤੀ ਹਮਲਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਪੁਡਕਾ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਐੱਸਐੱਸ ਚੱਠਾ ਨੇ ਕਿਹਾ ਕਿ ਪਹਿਲਾਂ ਹੀ ਦਾਖ਼ਲਿਆਂ ਵਿਚ ਆਈ ਭਾਰੀ ਗਿਰਾਵਟ ਕਾਰਨ ਨਿੱਜੀ ਕਾਲਜ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਫ਼ੀਸਾਂ ਅਤੇ ਹੋਰ ਵਿੱਤੀ ਬੋਝ ਵਿੱਚ ਕੀਤਾ ਗਿਆ ਬੇਤਹਾਸ਼ਾ ਵਾਧਾ ਉੱਚ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲਾ ਕਦਮ ਹੈ। ਇਸ ਨਾਲ ਉੱਚ ਸਿੱਖਿਆ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਫ਼ੀਸ ਵਿਚ ਲਗਭਗ 80 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜਦਕਿ ਕਾਲਜਾਂ ਲਈ ਲਾਜ਼ਮੀ ਰਿਜ਼ਰਵ ਫ਼ੰਡ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ। ਚੱਠਾ ਨੇ ਦੋਸ਼ ਲਗਾਇਆ ਕਿ ਕਾਲਜਾਂ ਦੇ ਰਿਜ਼ਰਵ ਫੰਡ ਦੀ ਐੱਫਡੀਆਰ ਉੱਪਰ ਲਿਆ ਜਾਣ ਵਾਲਾ ਸਰਵਿਸ ਚਾਰਜ 3 ਫੀਸਦੀ ਤੋਂ ਵਧਾ ਕੇ 50 ਫੀਸਦੀ ਤੱਕ ਕਰ ਦਿੱਤਾ ਗਿਆ ਹੈ, ਜੋ ਕਿ ਕਰੋੜਾਂ ਰੁਪਏ ਦੀ ਨਾਜਾਇਜ਼ ਵਸੂਲੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਹ ਚਾਰਜ ਲੰਬੇ ਸਮੇਂ ਤੋਂ ਗੈਰ-ਵਾਜਬ ਢੰਗ ਨਾਲ ਵਸੂਲਿਆ ਜਾ ਰਿਹਾ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਾਲਜਾਂ ਅਤੇ ਅਧਿਆਪਕਾਂ ਨੂੰ ਪ੍ਰੀਖਿਆ ਕੇਂਦਰਾਂ, ਪ੍ਰੀਖਿਆ ਡਿਊਟੀਆਂ ਅਤੇ ਮੁਲਾਂਕਣ ਕਾਰਜਾਂ ਦੇ ਕਰੋੜਾਂ ਰੁਪਏ ਵੀ ਅਜੇ ਤੱਕ ਅਦਾ ਨਹੀਂ ਕੀਤੇ ਗਏ, ਜਿਸ ਕਾਰਨ ਸੰਸਥਾਵਾਂ ਨੂੰ ਹੋਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲਜਾਂ ਦੇ ਸਟਾਫ ਵੱਲੋਂ ਆਪਣੀਆਂ ਪ੍ਰੀਖਿਆ ਕੇਂਦਰਾਂ ਵਿੱਚ ਡਿਊਟੀਆਂ ਅਤੇ ਪੇਪਰ ਮੁਲਾਕਣ ਕਰਨ ਤੋਂ ਇੰਨਕਾਰ ਕੀਤਾ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਗੁਰਮੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਡਾ. ਆਰ. ਕੇ. ਗੋਇਲ, ਤਰਸੇਮ ਸੈਣੀ, ਗੁਰਤੇਜ ਸਿੰਘ ਬਰਾੜ, ਬਲਵਿੰਦਰ ਸਿੰਘ ਬਰਾੜ, ਸਤਨਾਮ ਸਿੰਘ ਸੰਧੂ, ਬੀ.ਐੱਡ. ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਮੀਤ ਪ੍ਰਧਾਨ ਨਿਰਮਲ ਸਿੰਘ, ਰਾਮ ਸਿੰਘ ਢੱਲ, ਲਾਅ ਕਾਲਜਾਂ ਵੱਲੋਂ ਡਾ. ਮੋਹਨ ਲਾਲ ਗਰਗ, ਸਰੀਰਕ ਸਿੱਖਿਆ ਕਾਲਜਾਂ ਵੱਲੋਂ ਗੁਰਪ੍ਰੀਤ ਸਿੰਘ ਮਾਨ, ਮਨਜੀਤ ਸਿੰਘ ਚਹਿਲ, ਡਾ. ਅਮਰਜੀਤ ਸਿੰਘ ਸਿੱਧੂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀ ਫੈਡਰੇਸ਼ਨ ਵੱਲੋਂ ਐੱਮਐੱਲ ਬਾਂਸਲ ਨੇ ਵੀ ਪੰਜਾਬੀ ਯੂਨੀਵਰਸਿਟੀ ਦੀ ਇਸ ਨੀਤੀ ਦੀ ਨਿਖੇਧੀ ਕੀਤੀ। ਮੀਟਿੰਗ ਵਿੱਚ ਹਾਜ਼ਰ ਸਮੂਹ ਕਾਲਜ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਵਧਾਈ ਗਈ ਐੱਫ.ਡੀ.ਆਰ. ਰਾਸ਼ੀ ਕੋਈ ਵੀ ਕਾਲਜ ਜਮ੍ਹਾਂ ਨਹੀਂ ਕਰਵਾਏਗਾ। ਆਗੂਆਂ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਦੀ ਇਸ ਧੱਕੇਸ਼ਾਹੀ ਵਿਰੁੱਧ ਹਰ ਮੋਰਚੇ ‘ਤੇ ਡਟ ਕੇ ਸੰਘਰਸ਼ ਕੀਤਾ ਜਾਵੇਗਾ। ਪੁਡਕਾ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬੀ ਯੂਨੀਵਰਸਿਟੀ ਵੱਲੋਂ ਫ਼ੀਸ ਵਾਧੇ ਦਾ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੂਬਾ ਪੱਧਰ ‘ਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ