ਫ਼ੀਸਾਂ ‘ਤੇ ਰਿਜ਼ਰਵ ਫ਼ੰਡ ‘ਚ ਕੀਤੇ ਵਾਧੇ ਵਿਰੁੱਧ ਰੋਸ
ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ
Publish Date: Sun, 14 Jun 2026 04:16 PM (IST)
Updated Date: Sun, 14 Jun 2026 04:18 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਭਗਤਾ ਭਾਈਕਾ ਦੇ ਕੰਟਰੋਲਰ ਇੰਦਰਪਾਲ ਕੌਰ ਅਤੇ ਕਾਲਜ ਪ੍ਰਸ਼ਾਸਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਂਟੀਨਿਊਏਸ਼ਨ ਐਫ਼ਿਲੀਏਸ਼ਨ ਫ਼ੀਸਾਂ ਨਾਲ ਸੰਬੰਧਿਤ ਰਿਜ਼ਰਵ ਫੰਡ ਵਿਚ 100 ਤੋਂ 300 ਫ਼ੀਸਦੀ ਤੱਕ ਕੀਤੇ ਗਏ ਅਚਾਨਕ ਵਾਧੇ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਕੰਟਰੋਲਰ ਇੰਦਰਪਾਲ ਕੌਰ ਨੇ ਕਿਹਾ ਕਿ ਕਾਲਜਾਂ ਲਈ ਰਿਜਰਵ ਫੰਡ 20 ਲੱਖ ਤੋਂ ਵਧਾ ਕੇ 40 ਲੱਖ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਲਈ ਇਹ ਵਾਧਾ ਇੱਕ ਵੱਡਾ ਵਿੱਤੀ ਬੋਝ ਹੈ। ਇਸ ਫੈਸਲੇ ਦਾ ਸਿੱਧਾ ਅਸਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਪਵੇਗਾ, ਕਿਉਂਕਿ ਵਧੀਆਂ ਹੋਈਆਂ ਫੀਸਾਂ ਦਾ ਭਾਰ ਅੰਤ ਵਿੱਚ ਵਿਦਿਆਰਥੀਆਂ ਨੂੰ ਹੀ ਝੱਲਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਅਜਿਹੇ ਫੈਸਲੇ ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਲਈ ਰੁਕਾਵਟਾਂ ਪੈਦਾ ਕਰਦੇ ਹਨ। ਪਿੰਡਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀ ਪਹਿਲਾਂ ਹੀ ਵਧ ਰਹੀਆਂ ਸਿੱਖਿਆ ਲਾਗਤਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਰਿਜ਼ਰਵ ਫੰਡ ਵਿੱਚ ਭਾਰੀ ਵਾਧਾ ਵਿਦਿਆਰਥੀਆਂ ਦੀ ਉੱਚ ਸਿੱਖਿਆ ਤੱਕ ਪਹੁੰਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਦੇ ਕੰਟਰੋਲਰ ਇੰਦਰਪਾਲ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅਪੀਲ ਕੀਤੀ ਹੈ ਕਿ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸਿੱਖਿਆ ਸੰਸਥਾਵਾਂ, ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਰਿਜ਼ਰਵ ਫੰਡ ਵਿੱਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ ਜਾਂ ਇਸ ਵਿੱਚ ਯੋਗ ਕਟੌਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਵਪਾਰਕ ਨਜ਼ਰੀਏ ਨਾਲ ਨਹੀ ਦੇਖਿਆ ਜਾਣਾ। ਵਧੀਆ ਹੋਈਆਂ ਫੀਸਾਂ ਸਿੱਖਿਆ ਨੂੰ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਕਰਨ ਦਾ ਕੰਮ ਕਰਨਗੀਆਂ। ਵਿਦਿਆਰਥੀਆਂ ਦੀ ਘੱਟਦੀ ਹੋਈ ਗਿਣਤੀ ਵੱਧ ਪ੍ਰਬੰਧਕੀ ਖਰਚੇ ਅਤੇ ਆਰਥਿਕ ਦਬਾਅ ਹੇਠ ਕੰਮ ਕਰਦੇ ਹੋਏ ਪ੍ਰਾਈਵੇਟ ਕਾਲਜਾਂ ਲਈ ਫੀਸਾਂ ਦਾ ਭਾਰੀ ਵਾਧਾ ਅਣਉਚਿਤ ਅਤੇ ਗੈਰ ਵਾਜਬ ਹੈ। ਕਾਲਜ ਦੇ ਕੰਟਰੋਲਰ ਇੰਦਰਪਾਲ ਕੌਰ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਉੱਚ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਤੇ ਸਿੱਖਿਆ ਸੰਸਥਾਵਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਸ ਵਾਧੇ ਨੂੰ ਤੁਰੰਤ ਰੱਦ ਕੀਤਾ ਜਾਵੇ।