ਕਿਸਾਨ ਜੱਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਹੋ ਰਹੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਭੈਣੀਬਾਘਾ ਕਿਸਾਨ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ
Publish Date: Thu, 09 Jul 2026 04:23 PM (IST)
Updated Date: Thu, 09 Jul 2026 04:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਕਿਸਾਨ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ) ਦੇ ਸੱਦੇ ਤੇ 10 ਜੁਲਾਈ ਨੂੰ ਚੰਡੀਗੜ੍ਹ ਵਿੱਚ ਹੋ ਰਹੀ ਇੱਕ ਵੱਡੀ ਕਿਸਾਨ ਰੈਲੀ ਵਿੱਚ ਸ਼ਾਮਲ ਹੋਣ ਲਈ ਮਾਨਸਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਰੈਲੀ ਵਿੱਚ ਜ਼ਿਲ੍ਹਾ ਮਾਨਸਾ ਵਿੱਚੋਂ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਅਤੇ ਔਰਤਾਂ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜੱਥੇਬੰਦੀ ਦੇ ਆਧਾਰ ਵਾਲੇ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਕਰਵਾਈਆਂ ਗਈਆਂ ਹਨ ਅਤੇ ਕਿਸਾਨਾਂ ਵਿੱਚ ਰੈਲੀ ਪ੍ਰਤੀ ਭਾਰੀ ਉਤਸ਼ਾਹ ਹੈ। ਕਿਸਾਨ ਆਗੂ ਨੇ ਰੈਲੀ ਦੀਆਂ ਮੰਗਾਂ ਬਾਰੇ ਦੱਸਿਆ ਕਿਹਾ ਕਿ ਮੁੱਖ ਮੰਗਾਂ ਅਮਰੀਕਾ ਨਾਲ ਜੋ ਕਰ ਮੁਕਤ ਵਪਾਰਿਕ ਡੀਲ ਕੀਤੀ ਜਾ ਰਹੀ ਹੈ ਉਸ ਨੂੰ ਰੱਦ ਕੀਤਾ ਜਾਵੇ, ਕਿਉਂਕਿ ਜੇਕਰ ਇਹ ਡੀਲ ਸਿਰੇ ਚੜ੍ਹਦੀ ਹੈ ਤਾਂ ਦੇਸ਼ ਦੀ ਕਿਸਾਨੀ ਤਬਾਹ ਹੋ ਜਾਵੇਗੀ, ਡੇਅਰੀ ਅਤੇ ਪੋਲਟਰੀ ਫਾਰਮ ਦਾ ਕਾਰੋਬਾਰ ਖਤਮ ਹੋਵੇਗਾ ਉੱਥੇ ਇਸ ਦੀ ਵੱਡੀ ਸੱਟ ਦੇਸ਼ ਦੇ ਸਾਰੇ ਤਬਕਿਆਂ ਤੇ ਪਵੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਜੰਗ ਦੀ ਆੜ ਹੇਠ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਲਗਾਤਾਰ ਵਧਾਈਆ ਜਾ ਰਹੀਆਂ ਹਨ, ਜਿਸਨੂੰ ਵਾਪਸ ਲੈਣ ਦੀ ਮੰਗ ਹੈ। ਪੰਜਾਬ ਸਰਕਾਰ ਵੱਲੋਂ ਦੁਬਾਰਾ ਲਿਆਂਦੀ ਗਈ ਲੈਂਡ ਪਾਲਿਸੀ ਜੋ ਕਿਸਾਨਾਂ ਦੀਆਂ ਜ਼ਮੀਨਾਂ ਬਿਨ੍ਹਾਂ ਕੁੱਝ ਦਿੱਤਿਆਂ ਖੋਹੇਗੀ, ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ, ਕਿਸਾਨਾਂ ਲਈ ਯੂਰੀਆ ਅਤੇ ਡੀਏਪੀ ਖਾਦ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਕਿਸਾਨਾਂ, ਮਜ਼ਦੂਰਾਂ ਦੇ ਕਰਜੇ ਖਤਮ ਕਰੇ ਅਤੇ ਸਾਰੀਆਂ ਫਸਲਾਂ ਦੇ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਤੈਅ ਕੀਤੇ ਜਾਣ, ਫਸਲਾਂ ਦੀ ਮਿਥੇ ਭਾਅ ਤੇ ਖਰੀਦ ਯਕੀਨੀ ਬਣਾਉਣ ਲਈ ਐਮਐਸਪੀ ਗਾਰੰਟੀ ਕਾਨੂੰਨ ਬਣੇ। ਭੈਣੀ ਬਾਘਾ ਨੇ ਕਿਸਾਨਾਂ ਮਜ਼ਦੂਰਾਂ, ਔਰਤਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ 10 ਜੁਲਾਈ ਨੂੰ ਚੰਡੀਗੜ੍ਹ ਪਹੁੰਚਣ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅਤੇ ਹੋਰ ਤਬਕੇ ਹੁਣ ਵੀ ਅਵੇਸਲੇ ਰਹੇ ਤਾਂ ਆਉਣ ਵਾਲਾ ਭਵਿੱਖ ਕੁੱਝ ਸਾਲਾਂ ਵਿੱਚ ਤਬਾਅ ਹੋ ਜਾਵੇਗਾ। ਆਮ ਕਿਸਾਨੀ ਖ਼ਤਮ ਹੋਵੇਗੀ, ਵੱਡੀਆਂ ਕੰਪਨੀਆਂ ਦਾ ਜ਼ਮੀਨਾਂ ਤੇ ਕਬਜਾ ਹੋਵੇਗਾ, ਬੇਰੁਜ਼ਗਾਰੀ ਤੇ ਮਹਿੰਗਾਈ ਵਧੇਗੀ।