ਬਜ਼ੁਰਗ ਨਾਗਰਿਕਾਂ ਨੂੰ ਹੈਲਪਲਾਈਨ ਨੰਬਰ ਬਾਰੇ ਜਾਣਕਾਰੀ ਦੇਣ ਲਈ ਸਹਿਯੋਗ ਕਰਨ ਲੋਕ : ਡੀਸੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ
Publish Date: Wed, 08 Jul 2026 06:28 PM (IST)
Updated Date: Thu, 09 Jul 2026 04:04 AM (IST)
* ਬੇਸਹਾਰਾ ਬਜ਼ੁਰਗ ਮਾਨਸਾ ਦੇ ਸਤਿਕਾਰ ਘਰ ’ਚ ਕਰ ਸਕਦੇ ਨੇ ਰੈਣ ਬਸੇਰਾ ਫ਼ੋਟੋ : 11 ਐਮਏਐਨ ਕੈਪਸ਼ਨ : ਡਿਪਟੀ ਕਮਿਸ਼ਨਰ ਨਵਜੋਤ ਕੌਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਦੇ ਸੀਨੀਅਰ ਸਿਟੀਜ਼ਨਾਂ (ਬਜ਼ੁਰਗਾਂ) ਦੀ ਭਲਾਈ, ਸੁਰੱਖਿਆ ਅਤੇ ਸਨਮਾਨਯੋਗ ਜੀਵਨ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿਭਾਗ ਵੱਲੋਂ ਚਲਾਈ ਜਾ ਰਹੀ ਪੰਜਾਬ ਐਲਡਰਲਾਈਨ ਹੈਲਪਲਾਈਨ-14567 ਬਾਰੇ ਆਮ ਲੋਕਾਂ ਅਤੇ ਖ਼ਾਸ ਕਰਕੇ ਬਜ਼ੁਰਗਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਆਪਕ ਮੁਹਿੰਮ ਵਿੱਢੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐਸ ਨੇ ਦੱਸਿਆ ਕਿ ਇਸ ਮੁਫ਼ਤ ਹੈਲਪਲਾਈਨ ਨੰਬਰ 14567 ਰਾਹੀਂ ਬਜ਼ੁਰਗਾਂ ਨੂੰ ਕਾਨੂੰਨੀ ਮਾਰਗਦਰਸ਼ਨ, ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ, ਕਾਊਂਸਲਿੰਗ (ਮਾਨਸਿਕ ਸਹਾਇਤਾ), ਸ਼ਿਕਾਇਤਾਂ ਦੇ ਨਿਪਟਾਰੇ ਅਤੇ ਹੋਰ ਲੋੜੀਂਦੀਆਂ ਸਹਾਇਤਾ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਅਜੇ ਵੀ ਇਸ ਹੈਲਪਲਾਈਨ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਸਥਾਨਕ ਪੱਧਰ ਤੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਬਲਾਕ ਅਤੇ ਪਿੰਡ ਪੱਧਰ ਦੇ ਅਧਿਕਾਰੀਆਂ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨਾਂ ਅਤੇ ਹੋਰ ਗੈਰ-ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਅਤੇ ਬਜ਼ੁਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਲਈ ਬਿਨਾਂ ਕਿਸੇ ਝਿਜਕ ਦੇ ਟੋਲ-ਫ੍ਰੀ ਨੰਬਰ 14567 ਤੇ ਸੰਪਰਕ ਕਰਨ ਤਾਂ ਜੋ ਰਾਜ ਦੇ ਵੱਧ ਤੋਂ ਵੱਧ ਲੋੜਵੰਦ ਬਜ਼ੁਰਗ ਇਸ ਸੇਵਾ ਦਾ ਲਾਭ ਉਠਾਅ ਸਕਣ। ਉਨ੍ਹਾਂ ਨਾਲ ਹੀ ਦੱਸਿਆ ਮਾਨਸਾ ਵਿਖੇ ਸਤਿਕਾਰ ਘਰ, ਸੀਨੀਅਰ ਸਿਟੀਜ਼ਨ ਹੋਮ ਚਲਾਇਆ ਜਾ ਰਿਹਾ ਹੈ ਜਿੱਥੇ 72 ਲੋੜਵੰਦ ਅਤੇ ਬੇਸਹਾਰਾ ਬਜ਼ੁਰਗਾਂ ਲਈ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਸੀਨੀਅਰ ਸਿਟੀਜਨ ਹੋਮ ਵਿਖੇ ਡੇ ਕੇਅਰ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਯੋਗਾ ਅਤੇ ਲਾਈਬ੍ਰੇਰੀ ਵਰਗੀ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਹੋਮ ਵਿੱਚ ਕਿਸੇ ਵੀ ਬਜ਼ੁਰਗ (ਉਮਰ 60 ਸਾਲ ਜਾਂ ਉਸ ਤੋਂ ਵੱਧ) ਦੀ ਭਰਤੀ ਲਈ ਡੀਸੀ ਦਫ਼ਤਰ, ਐਸ.ਡੀ.ਐਮ ਦਫ਼ਤਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਸੀਡੀਪੀਓ ਦਫ਼ਤਰ ਜਾਂ ਆਂਗਣਵਾੜੀ ਦਫ਼ਤਰ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।