ਕਈ ਸਾਲਾਂ ਦੇ ਖੜ੍ਹੇ ਰਹਿੰਦੇ ਗਲੀਆਂ ’ਚ ਪਾਣੀ ਦੀ ਨਿਕਾਲੀ ਲਈ ਨਵੇਂ ਬਣੇ ਕੌਂਸਲਰਾਂ ਤੋਂ ਲੋਕਾਂ ਨੂੰ ਆਸਾਂ ਮਾਨਸਾ ਸ਼ਹਿਰ ਵਿੱਚ ਕਈ ਸਾਲਾਂ ਤੋਂ ਸੀਵਰੇਜ
Publish Date: Mon, 06 Jul 2026 05:02 PM (IST)
Updated Date: Mon, 06 Jul 2026 05:06 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ ਮਾਨਸਾ ਸ਼ਹਿਰ ਵਿਚ ਕਈ ਸਾਲਾਂ ਤੋਂ ਸੀਵਰੇਜ਼ ਦੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਕਈ ਗਲੀਆਂ ਵਿੱਚ ਹਾਲਾਤ ਅਜਿਹੇ ਹਨ ਕਿ ਮੀਂਹ ਪਵੇ ਜਾਂ ਨਾ ਪਵੇ, ਪਾਣੀ ਹਮੇਸ਼ਾ ਖੜ੍ਹਾ ਰਹਿੰਦਾ ਹੈ। ਇਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਗੰਦੇ ਪਾਣੀ ਕਾਰਨ ਬਿਮਾਰੀਆਂ ਫ਼ੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਹੁਣ ਨਵੇਂ ਚੁਣੇ ਕੌਂਸਲਰਾਂ ਅਤੇ ਕਮੇਟੀ ਮੈਂਬਰਾਂ ਤੋਂ ਲੋਕਾਂ ਨੇ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਦੀ ਉਮੀਦ ਜਤਾਈ ਹੈ। ਮਾਨਸਾ ਵਸਨੀਕ ਸੰਤੋਸ਼ ਰਾਣੀ ਨੇ ਦੱਸਿਆ ਕਿ ਲਾਭ ਸਿੰਘ ਵਾਲੀ ਗਲੀ, ਜੋ ਵਾਰਡ ਨੰਬਰ. 7 ਅਤੇ 8 ਨੂੰ ਆਪਸ ਵਿੱਚ ਜੋੜਦੀ ਹੈ, ਵਿੱਚ ਪਿਛਲੇ ਕਈ ਸਾਲਾਂ ਤੋਂ ਪਾਣੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਤੇ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ ਅਤੇ ਗਲੀ ਵਿੱਚੋਂ ਲੰਘਣਾ ਤੱਕ ਔਖਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਜੇ ਕਿਸੇ ਘਰ ਵਿੱਚ ਕੋਈ ਸਮਾਗਮ ਹੋਵੇ ਤਾਂ ਲੋਕਾਂ ਨੂੰ ਆਪਣੇ ਜੁੱਤੇ ਗਲੀ ਤੋਂ ਬਾਹਰ ਆ ਕੇ ਪਹਿਨਣੇ ਪੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਅਤੇ ਨਗਰ ਕੌਂਸਲਾਂ ਨੇ ਕਈ ਵਾਰ ਸੀਵਰੇਜ਼ ਸਮੱਸਿਆ ਹੱਲ ਕਰਨ ਦੇ ਦਾਅਵੇ ਕੀਤੇ, ਪਰ ਜ਼ਮੀਨੀ ਪੱਧਰ ਤੇ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਦੂਜੇ ਪਾਸੇ, ਵਾਰਡ ਨੰਬਰ. 8 ਤੋਂ ਨਵੇਂ ਚੁਣੇ ਗਏ ਕੌਂਸਲਰ ਹਰਪਾਲ ਸਿੰਘ ਪਾਲੀ ਨੇ ਭਰੋਸਾ ਦਿਵਾਇਆ ਕਿ ਸੀਵਰੇਜ਼ ਪ੍ਰਣਾਲੀ ਨੂੰ ਸੁਧਾਰਨ ਲਈ ਜੰਗੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੀਵਰੇਜ਼ ਦੀ ਸਫ਼ਾਈ ਲਈ ਮਸ਼ੀਨਾਂ ਦੀ ਮਦਦ ਨਾਲ ਵਿਆਪਕ ਮੁਹਿੰਮ ਚਲਾਈ ਜਾਵੇਗੀ ਅਤੇ ਸ਼ਹਿਰ ਦਾ ਗੰਦਾ ਪਾਣੀ ਬਾਹਰ ਕੱਢਣ ਲਈ ਬਣਾਈ ਗਈ ਪਾਈਪਲਾਈਨ ਨੂੰ ਵੀ ਚਾਲੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਸੀਵਰੇਜ਼ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕ ਭਲਾਈ ਦੇ ਕੰਮ ਪਹਿਲਾਂ ਵਾਂਗ ਅੱਗੇ ਵੀ ਜਾਰੀ ਰਹਿਣਗੇ।