ਹਸਪਤਾਲ ’ਚ ਐਂਬੂਲੈਂਸ ਨਹੀਂ, ਲੋੜਵੰਦ ਮਰੀਜ਼ ਹੋ ਰਹੇ ਖੱਜਲ ਖੁਆਰ ਸ਼ਹੀਦ ਬਾਬਾ ਦੀਪ ਸਿੰਘ ਸਬ ਡਿਵੀਜ਼ਨਲ
Publish Date: Thu, 02 Jul 2026 09:13 PM (IST)
Updated Date: Fri, 03 Jul 2026 04:17 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਸ਼ਹੀਦ ਬਾਬਾ ਦੀਪ ਸਿੰਘ ਸਬ ਡਿਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਿਛਲੇ ਲੰਮੇ ਸਮੇਂ ਤੋਂ ਐਂਬੂਲੈਂਸ ਦੀ ਸਹੂਲਤ ਉਪਲਬਧ ਨਹੀਂ ਹੈ ਭਾਵੇਂ ਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਹਸਪਤਾਲ ਅੰਦਰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਸਬੰਧੀ ਸਮੇਂ-ਸਮੇਂ ਤੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹੰਗਾਮੀ ਹਾਲਤ ਵਿੱਚ ਮਰੀਜ਼ ਦੀ ਮੁਢਲੀ ਜਰੂਰਤ ਐਂਬੂਲੈਂਸ ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਹੈ। ਕਿਸੇ ਵੀ ਹੰਗਾਮੀ ਹਾਲਾਤ ਸਮੇਂ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਜਾਂ ਫਿਰ ਹਸਪਤਾਲ ਦੇ ਅੰਦਰ ਹੀ ਖੜ੍ਹੀਆਂ ਪ੍ਰਾਈਵੇਟ ਐਂਬੂਲੈਂਸਾਂ ਜੇਬ ਢਿੱਲੀ ਕਰ ਕੇ ਲਿਜਾਣੀਆਂ ਪੈਂਦੀਆਂ ਹਨ। ਆਊਟਸੋਰਸ ਕੰਪਨੀ ਵੱਲੋਂ ਉਪਲਬਧ 108 ਨੰਬਰ ਐਂਬੂਲੈਂਸ ਸਿੱਧੇ ਤੌਰ ਤੇ ਮਰੀਜ਼ ਨੂੰ ਮੁਹੱਈਆ ਨਹੀਂ ਹੋ ਸਕਦੀ। ਇਸ ਸੰਬੰਧੀ ਪਹਿਲਾਂ 108 ਤੇ ਡਾਇਲ ਕਰਨਾ ਪੈਂਦਾ ਹੈ। ਫ਼ਿਰ ਸਬੰਧਿਤ ਮੁੱਖ ਦਫ਼ਤਰ ਚੋਂ ਐਬੂਲੈਂਸ ਦੇ ਡਰਾਈਵਰ ਕੋਲ ਕਾਲ ਆਉਂਦੀ ਹੈ। ਉਸ ਬਾਅਦ ਹੀ ਮਰੀਜ਼ ਨੂੰ ਲਿਜਾਇਆ ਸਕਦਾ ਹੈ। ਇਸ ਪ੍ਰਕਿਰਿਆ ਤੇ ਕਈ ਵਾਰੀ ਕਾਫ਼ੀ ਲੰਮਾ ਸਮਾਂ ਲੱਗ ਜਾਂਦਾ ਹੈ ਤੇ ਉਦੋਂ ਤੱਕ ਮਰੀਜ਼ ਤੜਫਦਾ ਰਹਿੰਦਾ ਹੈ। ਜੇਕਰ ਸੂਤਰਾਂ ਦੀ ਗੱਲ ਤੇ ਯਕੀਨ ਕਰੀਏ ਤਾਂ ਉਕਤ 108 ਨੰਬਰ ਐਬੂਲੈਂਸ ਨੂੰ ਵੀ ਹਸਪਤਾਲ ਪ੍ਰਬੰਧਕ ਆਪਣੇ ਹੋਰ ਕੰਮਾਂ ਵਿੱਚ ਵਰਤ ਲੈਂਦੇ ਹਨ ਅਤੇ ਤੇ ਲੋੜਵੰਦ ਮਰੀਜ਼ ਇਸ ਸਹੂਲਤ ਤੋਂ ਵੀ ਵਾਂਝੇ ਹੋ ਜਾਂਦੇ ਹਨ। ਜਦੋਂ ਇਸ ਸਬੰਧੀ ਸ਼ਹੀਦ ਬਾਬਾ ਦੀਪ ਸਿੰਘ ਸਬ-ਡਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵੀਕਾਂਤ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀ ਐਂਬੂਲੈਂਸ ਕਰੀਬ ਢਾਈ ਸਾਲ ਪਹਿਲਾਂ ਕੰਡਮ ਕਰਾਰ ਦੇ ਦਿੱਤੀ ਗਈ ਸੀ ਤੇ ਉਨ੍ਹਾਂ ਵੱਲੋਂ ਛੇ ਕੁ ਮਹੀਨੇ ਪਹਿਲਾਂ ਸਿਵਲ ਸਰਜਨ ਰਾਹੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਨਵੀਂ ਐਬੂਲੈਂਸ ਦੇਣ ਬਾਰੇ ਬੇਨਤੀ ਪੱਤਰ ਭੇਜਿਆ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਐੱਮਪੀ ਫੰਡ ਵਿੱਚੋਂ ਵੀ ਬਠਿੰਡਾ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਵੱਲੋਂ ਕਈ ਵਾਰ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਅਜੇ ਤੱਕ ਐਬੂਲੈਂਸ ਨਹੀਂ ਭੇਜੀ ਗਈ। ਉਨ੍ਹਾਂ ਕਿਹਾ ਉਮੀਦ ਹੈ ਜਲਦੀ ਹੀ ਹਸਪਤਾਲ ਵਿੱਚ ਐਂਬੂਲੈਂਸ ਮੁਹਈਆ ਹੋ ਜਾਵੇਗੀ।