'ਮੇਰੇ ਪੁੱਤ ਨੂੰ ਭਰੇ ਬਾਜ਼ਾਰ 'ਚ ਮਾਰ ਦਿੱਤਾ...', SSP ਸਾਹਮਣੇ ਛਲਕਿਆ ਪਰਵਿੰਦਰ ਝੋਟਾ ਦੇ ਪਿਤਾ ਦਾ ਦਰਦ; ਘਰੋਂ ਨਿਕਲਣ ਤੋਂ ਪਹਿਲਾਂ ਮਾਂ ਦੇ ਛੂਹੇ ਸਨ ਪੈਰ
Parvinder SIngh Jhota ਦੀ ਮਾਂ ਅਮਰਜੀਤ ਕੌਰ ਦੀਆਂ ਅੱਖਾਂ ਸਾਹਮਣੇ ਵਾਰ-ਵਾਰ ਪੁੱਤ ਦੇ ਘਰੋਂ ਨਿਕਲਣ ਸਮੇਂ ਕਹੇ ਸ਼ਬਦ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਵਿੰਦਰ ਕਹਿੰਦਾ ਸੀ ਕਿ ਕੁਝ ਲੋਕ ਉਸ ਨੂੰ ਮਾਰ ਦੇਣਗੇ, ਪਰ ਇਸ ਦੇ ਬਾਵਜੂਦ ਉਸ ਨੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਬੰਦ ਨਹੀਂ ਕੀਤੀ।
Publish Date: Wed, 14 Oct 2026 09:44 AM (IST)
Updated Date: Wed, 14 Oct 2026 10:12 AM (IST)
ਡਿਜੀਟਲ ਡੈਸਕ, ਮਾਨਸਾ : ਨਸ਼ੇ ਦੀ ਲਤ ਛੱਡ ਕੇ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਪਰਵਿੰਦਰ ਸਿੰਘ ਝੋਟਾ ਦੀ ਮੰਗਲਵਾਰ ਸਵੇਰੇ ਸਵਾ 9 ਵਜੇ ਕੈਮਰੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 45 ਸਾਲਾ ਪਰਵਿੰਦਰ ਨੂੰ ਇਕ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਵੇਚੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹ ਫੇਸਬੁੱਕ 'ਤੇ ਲਾਈਵ ਹੋ ਕੇ ਮੈਡੀਕਲ ਸਟੋਰ ਪਹੁੰਚੇ ਸਨ। ਝੋਟਾ ਉਸ ਬਜ਼ੁਰਗ ਨੂੰ ਵੀ ਆਪਣੇ ਨਾਲ ਲੈ ਗਏ ਸਨ, ਜਿਸ ਨੇ ਨਸ਼ਾ ਖਰੀਦਿਆ ਸੀ। ਉਨ੍ਹਾਂ ਕੈਮਿਸਟ ਅਸ਼ਵਨੀ ਨੂੰ ਪੁੱਛਿਆ ਕਿ ਕੀ ਉਸ ਨੇ ਇਸ ਬਜ਼ੁਰਗ ਨੂੰ ਨਸ਼ਾ ਵੇਚਿਆ ਹੈ। ਇਸ ਦੌਰਾਨ ਦੁਕਾਨਦਾਰ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਹੋ ਗਈ। ਝੋਟਾ ਨੇ ਕੈਮਿਸਟ ਨੂੰ ਫੁਟੇਜ ਦਿਖਾਉਣ ਤੇ ਡੀਐੱਸਪੀ ਨੂੰ ਫ਼ੋਨ ਕਰਨ ਲਈ ਕਿਹਾ। ਇਸ 'ਤੇ ਦੁਕਾਨਦਾਰ ਨੇ ਪਿਸਤੌਲ ਕੱਢ ਲਈ। ਝੋਟਾ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਤੇ ਕਿਹਾ ਕਿ ਗੋਲੀ ਚਲਾ ਦੇ। ਕਰੀਬ ਸਵਾ ਚਾਰ ਮਿੰਟ ਤਕ ਬਹਿਸ ਹੋਣ ਤੋਂ ਬਾਅਦ ਕੈਮਿਸਟ ਨੇ ਝੋਟਾ 'ਤੇ ਦੋ ਗੋਲੀਆਂ ਚਲਾ ਦਿੱਤੀਆਂ। ਆਪਣਾ ਬਚਾਅ ਕਰਨ ਲਈ ਉਹ ਕਰੀਬ 200 ਮੀਟਰ ਤਕ ਭੱਜੇ, ਪਰ ਮੁਲਜ਼ਮ ਨੇ ਪਿੱਛਾ ਕਰ ਕੇ ਉਨ੍ਹਾਂ 'ਤੇ ਇਕ ਹੋਰ ਗੋਲੀ ਚਲਾ ਦਿੱਤੀ।
ਜਾਣਕਾਰੀ ਅਨੁਸਾਰ, ਝੋਟਾ ਤੋਂ ਇਲਾਵਾ ਚਾਰ ਹੋਰ ਲੋਕਾਂ ਨੂੰ ਵੀ ਗੋਲੀਆਂ ਲੱਗੀਆਂ ਹਨ। ਇਨ੍ਹਾਂ 'ਚੋਂ ਸਿਰਫ਼ ਇਕ ਵਿਅਕਤੀ ਝੋਟਾ ਦਾ ਸਾਥੀ ਸੀ, ਜੋ ਚਕੇਰੀਆਂ ਪਿੰਡ ਦਾ ਰਹਿਣ ਵਾਲਾ ਸੀ। ਬਾਕੀ ਜ਼ਖ਼ਮੀ ਰਾਹਗੀਰ ਸਨ।
ਪਿਤਾ ਨੇ ਕੀ ਕਿਹਾ?
ਉੱਧਰ, ਰਾਤ ਨੂੰ ਐੱਸਐੱਸਪੀ ਵੈਭਵ ਚੌਧਰੀ ਨੇ ਪਰਵਿੰਦਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਿਤਾ ਨੇ ਦਰਦ ਬਿਆਨ ਕਰਦਿਆਂ ਕਿਹਾ, 'ਮੇਰੇ ਪੁੱਤ ਨੂੰ ਭਰੇ ਬਾਜ਼ਾਰ 'ਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਤੁਹਾਡੀ ਪੁਲਿਸ ਕਿੱਥੇ ਸੀ?'
ਜਦੋਂ ਐੱਸਐੱਸਪੀ ਨੇ ਉਨ੍ਹਾਂ ਨੂੰ 'ਪ੍ਰਧਾਨ' ਕਹਿ ਕੇ ਸੰਬੋਧਨ ਕੀਤਾ ਤਾਂ ਉਨ੍ਹਾਂ ਨੇ ਕਿਹਾ, "ਮੈਂ ਕੋਈ ਪ੍ਰਧਾਨ ਨਹੀਂ ਹਾਂ, ਮੈਂ ਤਾਂ ਇੱਕ ਮਾਰੇ ਗਏ ਪੁੱਤ ਦਾ ਪਿਤਾ ਹਾਂ।"
ਉਨ੍ਹਾਂ ਨੇ ਦੋਸ਼ ਲਾਇਆ ਕਿ ਕਿਸ ਪੁਲਿਸ ਅਧਿਕਾਰੀ ਦੇ ਕਹਿਣ 'ਤੇ ਉਨ੍ਹਾਂ ਦੇ ਪੁੱਤ ਦੀ ਹੱਤਿਆ ਕੀਤੀ ਗਈ। ਇਸ 'ਤੇ ਐੱਸਐੱਸਪੀ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਕਿਸੇ ਵੀ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਦੇਖਣ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ...
ਮਾਂ ਨੂੰ ਕਿਹਾ ਸੀ- ਰੋਟੀ ਬਣਾ ਕੇ ਰੱਖੀਂ, ਆ ਕੇ ਖਾਵਾਂਗਾ
ਪਰਵਿੰਦਰ ਝੋਟਾ ਦੀ ਮਾਂ ਅਮਰਜੀਤ ਕੌਰ ਦੀਆਂ ਅੱਖਾਂ ਸਾਹਮਣੇ ਵਾਰ-ਵਾਰ ਪੁੱਤ ਦੇ ਘਰੋਂ ਨਿਕਲਣ ਸਮੇਂ ਕਹੇ ਸ਼ਬਦ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਵਿੰਦਰ ਕਹਿੰਦਾ ਸੀ ਕਿ ਕੁਝ ਲੋਕ ਉਸ ਨੂੰ ਮਾਰ ਦੇਣਗੇ, ਪਰ ਇਸ ਦੇ ਬਾਵਜੂਦ ਉਸ ਨੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਬੰਦ ਨਹੀਂ ਕੀਤੀ। ਮਾਂ ਨੇ ਦੱਸਿਆ ਕਿ ਘਰੋਂ ਨਿਕਲਣ ਸਮੇਂ ਪਰਵਿੰਦਰ ਨੇ ਉਨ੍ਹਾਂ ਦੇ ਪੈਰ ਛੂਹੇ ਤੇ ਕਿਹਾ, 'ਰੋਟੀ ਬਣਾ ਕੇ ਰੱਖੀਂ, ਵਾਪਸ ਆ ਕੇ ਖਾਣਾ ਖਾਵਾਂਗਾ।'