- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ ਪਿੰਡ ਸਿਵੀਆਂ ਵਾਸੀਆਂ ਨੂੰ ਪੁਲਿਸ ਦੀ ਇਹ ਗੱਲ ਗਲੇ ਨਹੀਂ ਉੱਤਰ ਰਹੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਬਦਨਾਮੀ ਦੇ ਡਰੋਂ ਪੁਲਿਸ ਮਾਮਲੇ ਨੂੰ ਦਬਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਅਤੇ ਨਸ਼ੇ ਲਈ ਵਰਤੇ ਜਾਣ ਵਾਲੇ ਕੈਪਸੂਲ ਬੱਚੇ ਕੋਲੋ ਮਿਲੇ ਹਨ।

ਗਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਸਿਵੀਆਂ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀ ਦੇ ਬੈਗ ਵਿੱਚੋਂ ਕੈਪਸੂਲ ਮਿਲਣ ਦੇ ਮਾਮਲੇ ਨੇ ਸਕੂਲ ਪ੍ਰਬੰਧਕਾਂ, ਮਾਪਿਆਂ ਅਤੇ ਪਿੰਡ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਹਾਲਾਂਕਿ ਸ਼ੁਰੂਆਤੀ ਸ਼ੱਕ ਨਸ਼ੀਲੇ ਕੈਪਸੂਲਾਂ ਨੂੰ ਲੈ ਕੇ ਜਤਾਇਆ ਗਿਆ, ਪਰ ਪੁਲਿਸ ਨੇ ਜਾਂਚ ਵਿੱਚ ਕਿਹਾ ਹੈ ਕਿ ਕਿ ਬਰਾਮਦ ਹੋਏ ਕੈਪਸੂਲ ਨਸ਼ੀਲੇ ਨਹੀਂ ਸਨ, ਸਗੋਂ ਵਿਦਿਆਰਥੀ ਦੇ ਪਿਤਾ ਦੀ ਦਵਾਈ ਸੀ, ਜਿਹੜੀ ਗਲਤੀ ਨਾਲ ਉਸ ਦੇ ਬੈਗ ਵਿੱਚ ਆ ਗਈ। ਪਰ ਪਿੰਡ ਸਿਵੀਆਂ ਵਾਸੀਆਂ ਨੂੰ ਪੁਲਿਸ ਦੀ ਇਹ ਗੱਲ ਗਲੇ ਨਹੀਂ ਉੱਤਰ ਰਹੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਬਦਨਾਮੀ ਦੇ ਡਰੋਂ ਪੁਲਿਸ ਮਾਮਲੇ ਨੂੰ ਦਬਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਅਤੇ ਨਸ਼ੇ ਲਈ ਵਰਤੇ ਜਾਣ ਵਾਲੇ ਕੈਪਸੂਲ ਬੱਚੇ ਕੋਲੋ ਮਿਲੇ ਹਨ। ਪਿੰਡ ਵਾਸੀਆਂ ਅਨੁਸਾਰ ਕੁਝ ਦਿਨ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਵੱਲੋਂ ਇਕ ਛੋਟੀ ਜਿਹੀ ਪਾਰਟੀ ਕੀਤੀ ਗਈ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਕੋਲਡ ਡਰਿੰਕ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦਾ ਸੇਵਨ ਕੀਤਾ। ਘਰ ਵਾਪਸ ਜਾਣ ਤੋਂ ਬਾਅਦ ਕੁਝ ਬੱਚਿਆਂ ਦੇ ਜਲਦੀ ਡੂੰਘੀ ਨੀਂਦ ਵਿੱਚ ਚਲੇ ਜਾਣ ਕਾਰਨ ਪਰਿਵਾਰਕ ਮੈਂਬਰ ਚਿੰਤਤ ਹੋ ਗਏ। ਮਾਪਿਆਂ ਨੇ ਦੱਸਿਆ ਕਿ ਬੱਚਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਆਮ ਤਰ੍ਹਾਂ ਪ੍ਰਤੀਕਿਰਿਆ ਨਹੀਂ ਦੇ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੋਇਆ। ਇਸ ਘਟਨਾ ਤੋਂ ਬਾਅਦ ਸਕੂਲ ਦੀ ਹੈੱਡ ਟੀਚਰ ਪ੍ਰੇਮ ਲਤਾ ਨੇ ਸਖਤੀ ਕਰ ਦਿੱਤੀ ਹੈ। ਸਕੂਲ ਵਿਚ ਅਧਿਆਪਕਾਂ ਤੇ ਬੱਚਿਆਂ ’ਤੇ ਕਿਸੇ ਕਿਸਮ ਦੀ ਪਾਰਟੀ ਕਰਨ ’ਤੇ ਰੋਕ ਲਗਾ ਦਿੱਤੀ ਹੈ। ਬੱਚੇ ਤੋਂ ਮਿਲੇ ਕੈਪਸੂਲਾਂ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿਚ ਚਿੰਤਾ ਦਾ ਮਾਹੌਲ ਹੈ। ਸਕੂਲ ਪ੍ਰਬੰਧਕਾਂ ਨੇ ਘਟਨਾ ਸਬੰਧੀ ਪਿੰਡ ਦੀ ਪੰਚਾਇਤ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਪੰਚਾਇਤ ਸਕੂਲ ਵਿਚ ਪੁੱਜੀ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਉਕਤ ਬੱਚੇ ਦੇ ਪਿਤਾ ਨੂੰ ਇਕ ਵਾਰ ਹਿਰਾਸਤ ਵਿਚ ਲੈ ਲਿਆ ਸੀ। ਇਸ ਮਾਮਲੇ ਸਬੰਧੀ ਸਕੂਲ ਦੀ ਹੈੱਡ ਟੀਚਰ ਪ੍ਰੇਮ ਲਤਾ ਨੂੰ ਫੋਨ ਕੀਤਾ ਪਰ ਉਨ੍ਹਾਂ ਨਹੀ ਚੁੱਕਿਆ। ਜ਼ਿਲ੍ਹਾ ਸਿੱਖਿਆ ਅਫਸਰ ਮਨਿੰਦਰ ਕੌਰ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਦੇ ਸਹਿਯੋਗ ਗੁਰਪ੍ਰੀਤ ਸਿੰਘ ਫੋਨ ਰਸੀਵ ਕੀਤਾ ਪਰ ਡੀਈਓ ਦੇ ਵੀਸੀ ਵਿਚ ਹੋਣ ਦੀ ਗੱਲ ਕਹੀ।
ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਸਕੂਲ ਵਿੱਚ ਹੋਈ ਜਾਂਚ
ਕੁਝ ਬੱਚਿਆਂ ਦੇ ਮਾਪਿਆਂ ਨੇ ਸਕੂਲ ਪਹੁੰਚ ਕੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਸ਼ੱਕ ਜਤਾਇਆ ਕਿ ਸ਼ਾਇਦ ਬੱਚਿਆਂ ਨੂੰ ਦਿੱਤੀ ਗਈ ਕੋਲਡ ਡਰਿੰਕ ਜਾਂ ਹੋਰ ਖਾਣ-ਪੀਣ ਵਾਲੀ ਚੀਜ਼ ਵਿੱਚ ਕੋਈ ਅਜਿਹਾ ਪਦਾਰਥ ਮਿਲਾਇਆ ਗਿਆ ਹੋ ਸਕਦਾ ਹੈ, ਜਿਸ ਕਾਰਨ ਬੱਚੇ ਡੂੰਘੀ ਨੀਂਦ ਵਿੱਚ ਚਲੇ ਗਏ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਗਈ। ਬੁੱਧਵਾਰ ਨੂੰ ਸਬੰਧਤ ਵਿਦਿਆਰਥੀ ਦੇ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਕੁਝ ਕੈਪਸੂਲ ਮਿਲੇ। ਕੈਪਸੂਲ ਮਿਲਣ ਦੀ ਜਾਣਕਾਰੀ ਫੈਲਦੇ ਹੀ ਸਕੂਲ ਅਤੇ ਪਿੰਡ ਵਿੱਚ ਹੜਕੰਪ ਮੱਚ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਆਪਣੀ ਬਦਨਾਮੀ ਦੇ ਡਰੋਂ ਮਾਮਲੇ ਨੂੰ ਦਬਾ ਰਿਹਾ ਹੈ।
ਸਰਪੰਚ ਨੇ ਕੈਪਸੂਲ ਮਿਲਣ ਦੀ ਕੀਤੀ ਪੁਸ਼ਟੀ
ਪਿੰਡ ਦੇ ਸਰਪੰਚ ਗੋਗੀ ਚਹਿਲ ਨੇ ਦੱਸਿਆ ਕਿ ਵਿਦਿਆਰਥੀ ਦੇ ਬੈਗ ਵਿੱਚੋਂ ਕੈਪਸੂਲ ਮਿਲਣ ਦੀ ਘਟਨਾ ਸਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਸੀ, ਜਿਸ ਕਾਰਨ ਇਸ ਦੀ ਜਾਂਚ ਕਰਵਾਉਣੀ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦਾ ਪਿਤਾ ਦਵਾਈਆਂ ਲੈਂਦਾ ਹੈ ਅਤੇ ਸੰਭਵ ਹੈ ਕਿ ਉਹ ਦਵਾਈਆਂ ਗਲਤੀ ਨਾਲ ਬੱਚੇ ਦੇ ਬੈਗ ਵਿੱਚ ਆ ਗਈਆਂ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਇੰਚਾਰਜ ਨਾਲ ਗੱਲ ਕਰਕੇ ਵਿਦਿਆਰਥੀ ਦਾ ਨਾਮ ਸਕੂਲ ਤੋਂ ਨਾ ਕੱਟਣ ਲਈ ਕਿਹਾ ਗਿਆ ਹੈ।
ਐੱਸਐੱਚਓ ਨੇ ਕਿਹਾ- ਕੈਪਸੂਲ ਨਸ਼ੀਲੇ ਨਹੀਂ ਸਨ
ਥਾਣਾ ਥਰਮਲ ਦੇ ਐੱਸਐੱਚਓ ਹਰਜੋਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇ ਬੈਗ ਵਿੱਚੋਂ ਮਿਲੇ ਕੈਪਸੂਲ ਨਸ਼ੀਲੇ ਨਹੀਂ ਸਨ, ਬਲਕਿ ਉਸ ਦੇ ਪਿਤਾ ਦੀ ਦਵਾਈ ਸੀ। ਬੱਚਾ ਇਹ ਦਵਾਈ ਗਲਤੀ ਨਾਲ ਆਪਣੇ ਨਾਲ ਸਕੂਲ ਲੈ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ ਹੈ। ਉੱਧਰ ਪਿੰਡ ਵਾਸੀਆਂ ਅਤੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਅਤੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਿਆ ਜਾ ਸਕੇ।