- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰ ਵਕਤ ਮਾਨਸਾ ਕੈਂਚੀਆਂ ਸਥਿੱਤ ਮਿੱਠੂ

-ਹਸਪਤਾਲ ’ਚ ਟਰੌਮਾ ਸੈਂਟਰ ਨਾ ਹੋਣ ਕਾਰਨ ਨਿੱਤ ਜਾਂਦੀਆਂ ਨੇ ਕਈ ਜਾਨਾਂ : ਕਮੇਟੀ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੇ ਕੈਂਚੀਆਂ ਸਥਿਤ ਮਿੱਠੂ ਕਬਾੜੀਆ ਦੀ ਦੁਕਾਨ ਸਾਹਮਣੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਪੰਧੇਰ ਪਿੰਡ ਦੇ ਨੌਜਵਾਨ ਜਸਵੀਰ ਸਿੰਘ ਤੇ ਉਨ੍ਹਾਂ ਦੀ ਮਾਤਾ ਪਾਲ ਕੌਰ (65) ਜ਼ਖਮੀ ਹੋ ਗਏ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਸੰਭਾਲਿਆ ਤੇ ਐੱਸਐੱਸਐੱਫ ਨੂੰ ਫ਼ੋਨ ਕੀਤਾ। ਏਐੱਸਆਈ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪੁੱਜੀ ਟੀਮ ਨੇ ਜ਼ਖਮੀਆਂ ਨੂੰ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ। ਇਲਾਜ ਦੌਰਾਨ ਬਜ਼ੁਰਗ ਪਾਲ ਕੌਰ ਦੀ ਮੌਤ ਹੋ ਗਈ। ਇਨ੍ਹਾਂ ਦੇ ਰਿਸ਼ਤੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਤਾ ਪਾਲ ਕੌਰ ਅਤੇ ਜਸਵੀਰ ਸਿੰਘ ਕਿਸੇ ਜ਼ਰੂਰੀ ਕੰਮ ਕੈਂਚੀਆਂ ਤੋਂ ਮਾਨਸਾ ਵੱਲ ਜਾ ਰਹੇ ਸਨ। ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਉਹ ਗੱਡੀ ਲੈ ਕੇ ਭੱਜ ਗਏ। ਪੁਲਿਸ ਮੁਲਾਜ਼ਮਾਂ ਅਨੁਸਾਰ ਉਕਤ ਵਾਹਨ ਚਾਲਕਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਵੇਖੀ ਜਾ ਰਹੀ ਹੈ। ਦੂਜੀ ਘਟਨਾ ’ਚ ਮਲਕਪੁਰ ਪਿੰਡ ਵਿੱਚ ਬਣੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੇ ਸਾਹਮਣੇ ਦੋ ਮੋਟਰਸਾਈਕਲ ਆਹਮੋ-ਸਾਹਮਣੇ ਟਕਰਾਅ ਗਏ। ਇੱਕ ਮੋਟਰਸਾਇਕਲ ਸਵਾਰ ਸ਼ਿਵਜੋਤ ਸਿੰਘ ਪਿੰਡ ਜਵਾਹਰਕੇ ਗੰਭੀਰ ਜ਼ਖ਼ਮੀ ਹੋ ਗਿਆ। ਦੂਸਰਾ ਮੋਟਰਸਾਈਕਲ ਚਲਾ ਰਹੀ ਕੁੜੀ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸੇ ਦੌਰਾਨ ਮੋਟਰਸਾਈਕਲ ਸਵਾਰਾਂ ਨੂੰ ਚੁੱਕ ਕੇ ਲਿਆਉਣ ਵਾਲੇ ਹਸਪਤਾਲ ਅੱਪਗ੍ਰੇਡ ਸੰਘਰਸ਼ ਕਮੇਟੀ ਦੇ ਆਗੂ ਲਖਵੀਰ ਸਿੰਘ ਨੇ ਦੱਸਿਆ ਕਿ ਨੇੜੇ ਹੋਣ ਕਾਰਨ ਮਰੀਜ਼ਾਂ ਨੂੰ ਹਸਪਤਾਲ ’ਚ ਲਿਆਉਣਾ ਮਜਬੂਰੀ ਹੈ ਪਰ ਸਹੂਲਤਾਂ ਨਾ ਹੋਣ ਕਾਰਨ ਸਹੀ ਇਲਾਜ ਨਹੀਂ ਮਿਲਦਾ। ਜੇਕਰ ਟਰੌਮਾ ਸੁਵਿਧਾਵਾਂ ਮੌਜੂਦ ਹੁੰਦੀਆਂ ਤਾਂ ਅੱਜ ਮਾਤਾ ਪਾਲ ਕੌਰ ਨੂੰ ਬਚਾਇਆ ਜਾ ਸਕਦਾ ਸੀ। ਕਮੇਟੀ ਆਗੂ ਡਾ. ਬਿੱਕਰ ਸਿੰਘ ਨੇ ਕਿਹਾ ਕਿ ਇਸ ਨੈਸ਼ਨਲ ਹਾਈਵੇ `ਤੇ ਹਰ ਰੋਜ਼ ਕਈ ਕਈ ਹਾਦਸੇ ਵਾਪਰਦੇ ਹਨ। ਜੇਕਰ ਇਹ ਹਸਪਤਾਲ ਨੂੰ ਟਰੋਮਾ ਸੈਂਟਰ ਬਣਾ ਦਿੱਤਾ ਜਾਵੇ ਤਾਂ ਸੈਂਕੜੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਨਾਲ ਸੰਘਰਸ਼ ਕਮੇਟੀ ਨੇ ਐੱਸਐੱਮਓ ਕੋਲੋਂ ਮੰਗ ਕੀਤੀ ਕਿ ਹਸਪਤਾਲ ’ਚ 108 ਐਂਬੂਲੈਂਸ ਨੂੰ ਖੜ੍ਹਾ ਕਰਨ ਤੇ ਡਰਾਈਵਰਾਂ ਦੀ ਰਿਹਾਇਸ਼ ਲਈ ਚੰਗੀ ਥਾਂ ਦਿੱਤੀ ਜਾਵੇ।