'ਹੁਣ ਗਣਿਤ ਤੋਂ ਨਹੀਂ ਲੱਗੇਗਾ ਡਰ' 17 ਸਾਲਾ ਅਪੇਕਸ਼ਾ ਨੇ ਵਿਦਿਆਰਥੀਆਂ ’ਚ ਭਰਿਆ ਨਵਾਂ ਆਤਮ-ਵਿਸ਼ਵਾਸ "ਗਣਿਤ ਔਖਾ ਨਹੀਂ, ਸਹੀ ਤਰੀਕੇ ਨਾਲ ਸਿੱਖਣ
Publish Date: Sun, 05 Jul 2026 04:58 PM (IST)
Updated Date: Sun, 05 Jul 2026 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਨਥਾਣਾ /ਭੁੱਚੋ ਗਣਿਤ ਔਖਾ ਨਹੀਂ, ਸਹੀ ਤਰੀਕੇ ਨਾਲ ਸਿੱਖਣ ਦੀ ਲੋੜ ਹੈ। ਇਹ ਸੰਦੇਸ਼ ਉਸ ਵੇਲੇ ਹਕੀਕਤ ਬਣ ਗਿਆ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲੀ ਵਿਖੇ ਆਯੋਜਿਤ ਵੈਦਿਕ ਮੈਥ ਵਰਕਸ਼ਾਪ ਵਿਚ 17 ਸਾਲਾ ਸਟੇਟ ਐਵਾਰਡੀ ਅਤੇ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਵੈਦਿਕ ਮੈਥ ਟ੍ਰੇਨਰ ਅਪੇਕਸ਼ਾ ਨੇ ਵਿਦਿਆਰਥੀਆਂ ਨੂੰ ਗਣਿਤ ਸਿੱਖਣ ਦਾ ਨਵਾਂ ਨਜ਼ਰੀਆ ਦਿੱਤਾ। ਵਰਕਸ਼ਾਪ ਦੌਰਾਨ ਉਨ੍ਹਾਂ ਨੇ ਕੁਝ ਹੀ ਸਕਿੰਟਾਂ ਵਿੱਚ ਵੱਡੇ-ਵੱਡੇ ਗਣਿਤੀ ਸਵਾਲ ਹੱਲ ਕਰਕੇ ਇਹ ਸਾਬਤ ਕੀਤਾ ਕਿ ਸਹੀ ਤਕਨੀਕ ਨਾਲ ਗਣਿਤ ਹਰ ਵਿਦਿਆਰਥੀ ਲਈ ਆਸਾਨ ਬਣ ਸਕਦੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਚਮਕੌਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ ਇਸ ਵਰਕਸ਼ਾਪ ਦੀ ਅਗਵਾਈ ਸਕੂਲ ਮੁਖੀ ਗਗਨਦੀਪ ਕੌਰ ਨੇ ਕੀਤੀ। ਆਪਣੇ ਸੰਬੋਧਨ ਦੌਰਾਨ ਅਪੇਕਸ਼ਾ ਨੇ ਵਿਦਿਆਰਥੀਆਂ ਨੂੰ ਵੈਦਿਕ ਮੈਥ ਦੇ ਅਜਿਹੇ ਸੂਤਰ ਸਿਖਾਏ, ਜਿਨ੍ਹਾਂ ਦੀ ਮਦਦ ਨਾਲ ਗੁਣਾ, ਭਾਗ, ਵਰਗਮੂਲ ਅਤੇ ਘਣਮੂਲ ਵਰਗੇ ਜਟਿਲ ਸਵਾਲ ਬਿਨਾਂ ਕੈਲਕੂਲੇਟਰ ਦੇ ਤੇਜ਼ੀ ਨਾਲ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵੈਦਿਕ ਮੈਥ ਕੇਵਲ ਗਣਨਾ ਦੀ ਗਤੀ ਨਹੀਂ ਵਧਾਉਂਦੀ, ਸਗੋਂ ਦਿਮਾਗ ਨੂੰ ਤੇਜ਼, ਇਕਾਗਰ ਅਤੇ ਵਿਸ਼ਲੇਸ਼ਣਾਤਮਕ ਬਣਾਉਂਦੀ ਹੈ। ਇਹ ਤਕਨੀਕਾਂ ਖ਼ਾਸ ਕਰਕੇ ਜੇਈਈ, ਬੈਂਕਿੰਗ, ਐੱਸਐੱਸਸੀ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਬਹੁਤ ਲਾਭਦਾਇਕ ਸਾਬਤ ਹੁੰਦੀਆਂ ਹਨ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਵੀ ਮੰਚ ਤੇ ਆ ਕੇ ਵੈਦਿਕ ਮੈਥ ਦੇ ਸੂਤਰਾਂ ਦੀ ਮਦਦ ਨਾਲ ਸਵਾਲ ਹੱਲ ਕੀਤੇ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਕਾਫ਼ੀ ਵਧਿਆ। ਅਧਿਆਪਕਾਂ ਨੇ ਵੀ ਇਸ ਪੱਧਤੀ ਨੂੰ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਦੱਸਿਆ। ਮੈਥ ਅਧਿਆਪਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਅਪੇਕਸ਼ਾ ਨੇ ਆਪਣੀ ਉਮਰ ਤੋਂ ਕਿਤੇ ਵੱਧ ਉੱਚੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਕਈ ਵਿਸ਼ਵ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਮ ਦਰਜ ਕਰਵਾ ਚੁੱਕੀ ਅਪੇਕਸ਼ਾ ਅੱਜ ਹਜ਼ਾਰਾਂ ਵਿਦਿਆਰਥੀਆਂ ਲਈ ਪ੍ਰੇਰਣਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਨਵੀਆਂ ਸਿੱਖਣ ਤਕਨੀਕਾਂ ਨਾਲ ਜੋੜਿਆ ਜਾ ਸਕਦਾ ਹੈ। ਅੰਤ ਵਿੱਚ ਸਕੂਲ ਪ੍ਰਬੰਧਨ ਵੱਲੋਂ ਅਪੇਕਸ਼ਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਰਜਨੀ ਅਰੋੜਾ, ਸੁਖਜਿੰਦਰ ਕੌਰ, ਅਮਨਦੀਪ ਕੌਰ, ਸੋਨਿਕਾ ਬਾਂਸਲ, ਨਿਰਮਲ ਸਿੰਘ, ਮਨਦੀਪ ਸਿੰਘ, ਜੀਵਨ ਜੋਤੀ, ਧਰਮਿੰਦਰਪਾਲ ਸਿੰਘ ਸਮੇਤ ਸਮੂਹ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।