ਐੱਨਐੱਚਐੱਮ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਸਰਕਾਰ ਖ਼ਿਲਾਫ਼ ਗੂੰਜੇ ਨਾਅਰੇ
ਐਨ.ਐਚ.ਐਮ. ਜੁਆਇੰਟ ਫਰੰਟ ਪੰਜਾਬ ਦੇ
Publish Date: Fri, 26 Jun 2026 04:43 PM (IST)
Updated Date: Fri, 26 Jun 2026 04:46 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਐਨਐਚਐਮ ਜੁਆਇੰਟ ਫ਼ਰੰਟ ਪੰਜਾਬ ਦੇ ਸੱਦੇ ਤੇ ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਮੁਕੰਮਲ ਹੜਤਾਲ ਪੰਜਵੇਂ ਦਿਨ ਵੀ ਪੂਰ੍ਹੇ ਜੋਸ਼, ਏਕਤਾ ਅਤੇ ਦ੍ਰਿੜ੍ਹ ਇਰਾਦੇ ਨਾਲ ਜਾਰੀ ਰਹੀ। ਦਫ਼ਤਰ ਸਿਵਲ ਸਰਜਨ ਮਾਨਸਾ ਅੱਗੇ ਦਿੱਤੇ ਗਏ ਵਿਸ਼ਾਲ ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦੀ ਲਗਾਤਾਰ ਅਣਗਹਿਲੀ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਨਿਰਮਲ ਸਿੰਘ ਨੇ ਕਿਹਾ ਕਿ ਐਨਐਚਐਮ ਮੁਲਾਜ਼ਮਾਂ ਨੇ ਪਿਛਲੇ ਕਈ ਸਾਲਾਂ ਦੌਰਾਨ ਆਪਣੀਆਂ ਜਾਇਜ਼ ਮੰਗਾਂ ਦੇ ਹੱਲ ਲਈ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ। ਮੰਗ ਪੱਤਰ ਸੌਂਪੇ ਅਤੇ ਹਰ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕੀਤੀ, ਪਰ ਹਰ ਵਾਰ ਸਿਰਫ਼ ਭਰੋਸੇ ਅਤੇ ਲਾਰੇ ਹੀ ਮਿਲੇ। ਉਨ੍ਹਾਂ ਕਿਹਾ ਕਿ ਬਰਾਬਰ ਕੰਮ, ਬਰਾਬਰ ਤਨਖ਼ਾਹ ਹਰ ਮੁਲਾਜ਼ਮ ਦਾ ਸੰਵਿਧਾਨਕ ਹੱਕ ਹੈ, ਪਰ ਐਨਐਚਐਮ ਕਰਮਚਾਰੀਆਂ ਨੂੰ ਅੱਜ ਵੀ ਘੱਟ ਤਨਖ਼ਾਹਾਂ, ਅਸੁਰੱਖਿਅਤ ਭਵਿੱਖ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਇਲਟੀ ਬੋਨਸ ਦੀ ਬਹਾਲੀ, ਨਵੇਂ ਇੰਸੈਂਟਿਵ ਪ੍ਰੋਫ਼ਾਰਮੇ ਦੀ ਵਾਪਸੀ, ਕਮਿਊਨਟੀ ਹੈਲਥ ਅਫ਼ਸਰਾਂ ਦੇ ਕੇਡਰ ਅਤੇ ਅਸਾਮੀਆਂ ਨੂੰ ਸੈਕਸ਼ਨ ਕਰਨਾ, ਤਨਖ਼ਾਹ ਅਤੇ ਇੰਸੈਂਟਿਵ ਨੂੰ ਮਰਜ਼ ਕਰਨਾ ਅਤੇ ਹੋਰ ਸਾਰੀਆਂ ਲਟਕਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਨਿਸ਼ਾ ਅਗਰਵਾਲ ਨੇ ਕਿਹਾ ਕਿ 22 ਜੂਨ ਤੋਂ ਲਗਾਤਾਰ ਚੱਲ ਰਹੀ ਹੜ੍ਹਤਾਲ ਦੇ ਬਾਵਜੂਦ ਸਰਕਾਰ ਵੱਲੋਂ ਨਾ ਤਾਂ ਕੋਈ ਗੰਭੀਰਤਾ ਦਿਖਾਈ ਗਈ ਹੈ ਅਤੇ ਨਾ ਹੀ ਯੂਨੀਅਨ ਨਾਲ ਕੋਈ ਸਾਰਥਕ ਗੱਲਬਾਤ ਕੀਤੀ ਗਈ ਹੈ। ਇਸ ਕਾਰਨ ਪੰਜਾਬ ਭਰ ਵਿੱਚ ਆਯੁਸ਼ਮਾਨ ਅਰੋਗਿਆ ਕੇਂਦਰਾਂ ਦੀਆਂ ਸੇਵਾਵਾਂ, ਐਨਸੀਡੀ ਸਕ੍ਰੀਨਿੰਗ, ਟੀਬੀ ਪ੍ਰੋਗਰਾਮ, ਓਪੀਡੀ ਸੇਵਾਵਾਂ, ਘਰ ਘਰ ਸਰਵੇਖਣ ਅਤੇ ਹੋਰ ਅਹਿਮ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਦੀ ਪੂਰ੍ਹੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੈ। ਲਵਲੀ ਗੋਇਲ ਨੇ ਐਲਾਨ ਕੀਤਾ ਕਿ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਪਲਸ ਪੋਲੀਓ ਮੁਹਿੰਮ ਦਾ ਐਨਐਚਐਮ ਮੁਲਾਜ਼ਮਾਂ ਵੱਲੋਂ ਸੂਬਾ ਪੱਧਰ ਤੇ ਮੁਕੰਮਲ ਬਾਈਕਾਟ ਕੀਤਾ ਜਾ ਚੁੱਕਾ ਹੈ ਅਤੇ ਕੋਈ ਵੀ ਐਨਐਚਐਮ ਕਰਮਚਾਰੀ ਇਸ ਮੁਹਿੰਮ ਦੀ ਡਿਊਟੀ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ। ਨੀਲਮ ਰਾਣੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਮੁਲਾਜ਼ਮਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਤਾਂ 2 ਜੁਲਾਈ 2026 ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼, ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਧਰਨਾ ਅਤੇ ਮਹਾਂਰੈਲੀ ਕੀਤੀ ਜਾਵੇਗੀ। ਇਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਐਨਐਚਐਮ ਮੁਲਾਜ਼ਮ ਸ਼ਮੂਲੀਅਤ ਕਰਨਗੇ। ਹੜ੍ਹਤਾਲ ਨੂੰ ਸਮਰਥਨ ਦੇਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਸੁਬਾਰਡੀਨੇਟ ਐਂਡ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਆਗੂ ਪ੍ਰਤਾਪ ਸਿੰਘ ਖੁਡਾਲ ਨੇ ਕਿਹਾ ਕਿ ਕਰਮਚਾਰੀਆਂ ਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਉਤਰਨਾ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਤੇ ਪੈ ਰਹੇ ਮਾੜੇ ਪ੍ਰਭਾਵ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਜ਼ਿੰਮੇਵਾਰ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਸਨਮਾਨਜਨਕ ਹੱਲ ਕੀਤਾ ਜਾਵੇ। ਧਰਨੇ ਦੇ ਅੰਤ ਵਿਚ ਸਮੂਹ ਮੁਲਾਜ਼ਮਾਂ ਨੇ ਇਕ ਸੁਰ ਵਿਚ ਐਲਾਨ ਕੀਤਾ ਕਿ ਹੱਕ ਨਹੀਂ ਤਾਂ ਕੰਮ ਨਹੀਂ ਦੇ ਅਸੂਲ ਤੇ ਚੱਲਦਿਆਂ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਕਿਸੇ ਵੀ ਕੀਮਤ ਤੇ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ, ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ, ਜਗਦੇਵ ਸਿੰਘ ਮਾਨ, ਡਾ. ਵਿਸ਼ਵਜੀਤ ਸਿੰਘ, ਲਲਿਤ ਕੁਮਾਰ, ਸੰਦੀਪ ਸਿੰਘ, ਵੈਦ ਕਰਨਜੀਤ ਸਿੰਘ, ਕਰਮਜੀਤ ਕੌਰ, ਅਮਨਦੀਪ ਕੌਰ ਦਲੇਲ ਸਿੰਘ ਵਾਲਾ, ਦੀਪ ਸ਼ਿਖਾ, ਰਾਜਵੀਰ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਦਾਤੇਵਾਸ, ਸ਼ਵਿੰਦਰ ਕੌਰ, ਅੰਜੂ ਧਰਮਪੁਰਾ, ਜਸਪ੍ਰੀਤ ਕੌਰ, ਗੁਰਵੀਰ ਕੌਰ, ਦਿਲਰਾਜ ਕੌਰ, ਦਵਿੰਦਰ ਸਿੰਘ, ਵਰਿੰਦਰ ਮਹਿਤਾ, ਬਲਜੀਤ ਸਿੰਘ, ਖੁਸ਼ਦੀਪ ਕੌਰ, ਰੁਪਿੰਦਰ ਕੌਰ, ਡਾ. ਰਤਿਕਾ, ਡਾ. ਕਮਲਦੀਪ ਸਿੰਘ, ਡਾ. ਵਰੁਣ ਮਿੱਤਲ, ਰਾਧੇ ਸ਼ਿਆਮ, ਪ੍ਰਭਜੋਤ ਕੌਰ ਖੋਖਰ, ਗੁਰਸੇਵਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਐਨ.ਐਚ.ਐਮ. ਮੁਲਾਜ਼ਮ ਹਾਜ਼ਰ ਸਨ।