ਐਨਐਚਐਮ ਮੁਲਾਜ਼ਮਾਂ ਦੀ ਹੜ੍ਹਤਾਲ ਛੇਵੇਂ ਦਿਨ ਵੀ ਜਾਰੀ, ਬਲਾਕ ਪੱਧਰ 'ਤੇ ਗੂੰਜੇ ਰੋਸ ਦੇ ਨਾਅਰੇ, ਖਿਆਲਾ ਕਲਾਂ ਵਿਖੇ ਕੱਢੀ ਗਈ ਰੋਸ ਰੈਲੀ
ਐਨ.ਐਚ.ਐਮ. ਜੁਆਇੰਟ ਫਰੰਟ ਪੰਜਾਬ ਦੇ
Publish Date: Sat, 27 Jun 2026 04:23 PM (IST)
Updated Date: Sat, 27 Jun 2026 04:25 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਐਨਐਚਐਮ ਜੁਆਇੰਟ ਫ਼ਰੰਟ ਪੰਜਾਬ ਦੇ ਸੱਦੇ ਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਮੁਕੰਮਲ ਹੜਤਾਲ ਅੱਜ ਛੇਵੇਂ ਦਿਨ ਵੀ ਪੂਰੇ ਜੋਸ਼ ਅਤੇ ਏਕਤਾ ਨਾਲ ਜਾਰੀ ਰਹੀ। ਹੜ੍ਹਤਾਲ ਦੇ ਛੇਵੇਂ ਦਿਨ ਸੰਘਰਸ਼ ਨੇ ਹੋਰ ਵਿਆਪਕ ਰੂਪ ਧਾਰਨ ਕਰ ਲਿਆ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਰੋਸ ਧਰਨੇ ਦਿੱਤੇ ਗਏ। ਇਸੇ ਤਹਿਤ ਸਬ-ਡਵੀਜ਼ਨਲ ਹਸਪਤਾਲ ਸਰਦੂਲਗੜ੍ਹ, ਸਬ-ਡਵੀਜ਼ਨਲ ਹਸਪਤਾਲ ਬੁਢਲਾਡਾ, ਸਿਵਲ ਹਸਪਤਾਲ ਮਾਨਸਾ ਅਤੇ ਸੀਐੱਚਸੀ ਖਿਆਲਾ ਕਲਾਂ ਵਿਖੇ ਐਨਐਚਐਮ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਇੱਕ ਰੋਸ ਰੈਲੀ ਵੀ ਕੱਢੀ ਗਈ। ਸੀ.ਐੱਚ.ਸੀ. ਖਿਆਲਾ ਕਲਾਂ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਨਿਸ਼ਾ ਅਗਰਵਾਲ ਨੇ ਕਿਹਾ ਕਿ ਐਨਐਚਐਮ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਣਗਹਿਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਾਬਰ ਕੰਮ, ਬਰਾਬਰ ਤਨਖ਼ਾਹ , ਲੋਇਲਟੀ ਬੋਨਸ ਦੀ ਬਹਾਲੀ, ਨਵੇਂ ਇੰਸੈਂਟਿਵ ਪ੍ਰਫ਼ਾਰਮੇ ਦੀ ਵਾਪਸੀ, ਕਮਿਊਨਟੀ ਹੈਲਥ ਅਫ਼ਸਰਾਂ ਦੇ ਕੈਡਰ ਨੂੰ ਸੈਂਕਸ਼ਨ ਕਰਨਾ, ਤਨਖ਼ਾਹ ਅਤੇ ਇੰਸੈਂਟਿਵ ਨੂੰ ਮਰਜ਼ ਕਰਨਾ ਅਤੇ ਹੋਰ ਲਟਕਦੀਆਂ ਮੰਗਾਂ ਦਾ ਹੱਲ ਕੀਤੇ ਬਿਨਾਂ ਸੰਘਰਸ਼ ਵਾਪਸ ਨਹੀਂ ਲਿਆ ਜਾਵੇਗਾ। ਕਰਨਜੀਤ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਪਰ ਇਸ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਸੁਣਿਆ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਸਨਮਾਨਜਨਕ ਹੱਲ ਕਰਨਾ ਚਾਹੀਦਾ ਹੈ। ਯੂਨੀਅਨ ਆਗੂਆਂ ਨੇ ਦੁਹਰਾਇਆ ਕਿ 2 ਜੁਲਾਈ ਨੂੰ ਸੰਗਰੂਰ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਕੀਤੇ ਜਾਣ ਵਾਲੇ ਸੂਬਾ ਪੱਧਰੀ ਵਿਸ਼ਾਲ ਧਰਨੇ ਦੀਆਂ ਤਿਆਰੀਆਂ ਵੀ ਜ਼ੋਰਾਂ ਤੇ ਹਨ। ਧਰਨਿਆਂ ਨੂੰ ਵੱਖ-ਵੱਖ ਭਰਾਤਰੀ ਜੱਥੇਬੰਦੀਆਂ ਵੱਲੋਂ ਭਰਵਾਂ ਸਮਰਥਨ ਦਿੱਤਾ ਗਿਆ। ਇਸ ਮੌਕੇ ਤੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੇ ਸੀਨੀਅਰ ਆਗੂ ਜਗਦੀਸ਼ ਸਿੰਘ ਰੜ ਨੇ ਕਿਹਾ ਕਿ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਹੱਕਾਂ ਦੀ ਪ੍ਰਾਪਤੀ ਤੱਕ ਹਰ ਸੰਘਰਸ਼ ਵਿੱਚ ਉਹ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਮੁਲਾਜ਼ਮ ਦੀ ਸੇਵਾ ਦੌਰਾਨ ਪਰਖਕਾਲ ਸਮਾਂ ਵੀ ਤਿੰਨ ਸਾਲ ਤੱਕ ਦਾ ਹੁੰਦਾ ਹੈ ਪਰ ਐਨ ਐਚ ਐਮ ਕਾਮਿਆਂ ਨੂੰ ਤਾਂ 15 -15 ਸਾਲ ਹੋ ਗਏ ਹਨ ਫਿਰ ਵੀ ਇਹਨਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ ਜੋ ਸਰਕਾਰ ਲਈ ਸ਼ਰਮ ਦੀ ਗੱਲ ਹੈ। ਧਰਨੇ ਦੇ ਅੰਤ ਵਿੱਚ ਸਮੂਹ ਮੁਲਾਜ਼ਮਾਂ ਨੇ ਇੱਕ ਸੁਰ ਵਿੱਚ ਐਲਾਨ ਕੀਤਾ ਕਿ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਕਿਸੇ ਵੀ ਕੀਮਤ ਤੇ ਜਾਰੀ ਰਹੇਗਾ ਅਤੇ ਜੇਕਰ ਸਰਕਾਰ ਨੇ ਜਲਦ ਕੋਈ ਸਕਾਰਾਤਮਕ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਆਪਕ ਕੀਤਾ ਜਾਵੇਗਾ। ਇਸ ਮੌਕੇ ਡਾ. ਵਿਸ਼ਵਜੀਤ ਸਿੰਘ, ਡਾ ਅਮਰਿੰਦਰ ਸ਼ਾਰਦਾ, ਕਰਮਜੀਤ ਕੌਰ, ਦੁਰਗਾ ਦਾਸ, ਅਮਨਦੀਪ ਕੌਰ ਦਲੇਲ ਸਿੰਘ ਵਾਲਾ, ਮਨਦੀਪ ਕੌਰ ਅਲੀਸ਼ੇਰ, ਬੇਅੰਤ ਕੌਰ, ਸੁਖਜੀਤ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ ਠੂਠਿਆਂਵਾਲੀ, ਸੁਖਜਿੰਦਰ ਕੌਰ ਸ਼ੀਂਹ, ਗੁਰਵੀਰ ਕੌਰ, ਦਿਲਰਾਜ ਕੌਰ, ਖੁਸ਼ਦੀਪ ਕੌਰ, ਰਮਨਦੀਪ ਕੌਰ, ਪ੍ਰਭਜੋਤ ਕੌਰ ਖੋਖਰ, ਜਸਪਾਲ ਕੌਰ, ਡਾ ਨਿਸ਼ੀਮਾ ਤਨੇਜਾ, ਸਰਬਜੀਤ ਸਿੰਘ ਰੱਲਾ, ਨਰਿੰਦਰ ਸਿੰਘ, ਜਗਦੇਵ ਸਿੰਘ, ਧਰਮਿੰਦਰ ਸਿੰਘ ਨਵੀ ਸ਼ਰਮਾ, ਉਪਵੈਦ ਯੂਨੀਅਨ ਪੰਜਾਬ ਦੇ ਆਗੂ ਵੈਦ ਦਵਿੰਦਰ ਕੁਮਾਰ ਅਤੇ ਵੈਦ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਐਨਐਚਐਮ ਮੁਲਾਜ਼ਮ ਹਾਜ਼ਰ ਸਨ।