- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਕਈ ਦਿਨਾਂ ਤੋਂ ਭਾਖੜਾ ਨਹਿਰ ਵਿੱਚ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ. ਸਰਦੂਲਗੜ੍ਹ : ਪਿਛਲੇ ਕਈ ਦਿਨਾਂ ਤੋਂ ਭਾਖੜਾ ਨਹਿਰ ਵਿੱਚ ਚੱਲ ਰਹੀ ਬੰਦੀ ਦੇ ਕਾਰਨ ਸਰਦੂਲਗੜ੍ਹ ਇਲਾਕੇ ਦੇ ਕਿਸਾਨ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਝੋਨਾ ਲਗਾਉਣ ਦਾ ਸਮਾਂ ਲੰਘਦਾ ਜਾ ਰਿਹਾ ਹੈ ਪਰ ਹਾਲੇ ਤੱਕ ਨਹਿਰਾਂ ਵਿੱਚ ਪਾਣੀ ਨਹੀਂ ਪਹੁੰਚਿਆ। ਇਸ ਨੂੰ ਲੈ ਕੇ ਕਈ ਵਾਰ ਅਖ਼ਬਾਰਾਂ ਵਿੱਚ ਵੀ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਨਹਿਰ ਵਿਭਾਗ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਹਰਿਆਣਾ ਅਤੇ ਪੰਜਾਬ ਦੇ ਨਹਿਰੀ ਪਾਣੀ ਦੀ ਵੰਡ ਨੂੰ ਲੈ ਕੇ 15-15 ਦਿਨਾਂ ਦੀ ਬੰਦੀ ਕੀਤੀ ਜਾਂਦੀ ਹੈ, ਜਿਸ ਕਾਰਨ ਇਹ 15 ਦਿਨ ਪਾਣੀ ਹਰਿਆਣੇ ਨੂੰ ਮਿਲੇਗਾ ਪਰ ਪਿਛਲੇ ਸਾਲਾਂ ਵਿੱਚ ਬੰਦੀ ਦੇ ਦੌਰਾਨ ਵੀ ਨਹਿਰ ਵਿੱਚ 400 ਕਿਊਸਿਕ ਪਾਣੀ ਚਲਦਾ ਰਹਿੰਦਾ ਸੀ, ਜੋ ਕਿ ਇਸ ਵਾਰ ਉਹ ਵੀ ਹਰਿਆਣਾ ਵੱਲੋਂ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਹੈ ਕਿ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ’ਤੇ ਹੈ ਅਤੇ ਨਹਿਰਾਂ ਵਿੱਚ ਪਾਣੀ ਨਹੀਂ ਹੈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਕਿਸਾਨਾਂ ਮੁਤਾਬਿਕ ਪਾਣੀ ਦੀ ਕਮੀ ਕਾਰਨ ਇਸ ਵਾਰ ਝੋਨੇ ਦੀ ਫ਼ਸਲ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਇਸ ਮਸਲੇ ਨੂੰ ਲੈ ਕੇ ਜਦੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਨਹਿਰ ਦੀ ਰਿਪੇਅਰ ਦੇ ਨਾਮ ਤੇ ਭਾਖੜਾ ਨਹਿਰ ਨੂੰ ਬੰਦ ਕਰ ਰੱਖਿਆ ਹੈ, ਜੋ ਕਿ ਸਰਾਸਰ ਗਲਤ ਹੈ। ਹੁਣ ਝੋਨੇ ਦਾ ਸੀਜ਼ਨ ਜ਼ੋਰਾਂ ’ਤੇ ਹੈ ਅਤੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ। ਨਹਿਰਾਂ ਦੀ ਰਿਪੇਅਰ ਹਮੇਸ਼ਾ ਉਸ ਸਮੇਂ ਕੀਤੀ ਜਾਂਦੀ ਹੈ, ਜਦੋਂ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਬਹੁਤ ਘੱਟ ਹੋਵੇ। ਇਸ ਮੌਕੇ ਨਹਿਰਾਂ ਬੰਦ ਕਰਕੇ ਉਨ੍ਹਾਂ ਦੀ ਰਿਪੇਅਰ ਕਰਨਾ ਸਰਾਸਰ ਗਲਤ ਹੈ ਅਤੇ ਸਾਡੇ ਕਿਸਾਨਾਂ ਨਾਲ ਧੱਕਾ ਹੈ। ਹਰਿਆਣਾ ਸਰਕਾਰ ਵੱਲੋਂ ਜਾਣ ਬੁਝ ਕੇ ਸਾਡੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਜਲਦੀ ਹੀ ਭਾਖੜਾ ਬਿਆਸ ਮੈਨੇਜ਼ਮੈਂਟ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਭਾਖੜਾ ਨਹਿਰ ਵਿੱਚ ਪਾਣੀ ਛਡਵਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰ ਦੇ ਕੌਂਸਲਰ ਸਾਹਿਬਾਨ ਅਤੇ ਪਤਵੰਤੇ ਸੱਜਣ ਮੌਜੂਦ ਸਨ।