ਮੰਗਾਂ ਨੂੰ ਲੈ ਕੇ ਮਗਨਰੇਗਾ ਮੁਲਾਜ਼ਮਾਂ ਦਾ ਸੰਘਰਸ਼ ਤੇਜ਼ ਪਿਛਲੇ ਕਰੀਬ 15 ਸਾਲਾਂ ਤੋਂ ਮਹਾਤਮਾ ਗਾਂਧੀ
Publish Date: Wed, 01 Jul 2026 06:41 PM (IST)
Updated Date: Thu, 02 Jul 2026 04:05 AM (IST)
ਫ਼ੋਟੋ : 22 ਐਮਏਐਨ ਕੈਪਸ਼ਨ : ਧਰਨੇ ’ਤੇ ਬੈਠੇ ਆਗੂ ਨਾਅਰੇਬਾਜ਼ੀ ਕਰਦੇ ਹੋਏ। * ਸਰਕਾਰ ਤੇ ਲਾਏ ਨਜ਼ਰ ਅੰਦਾਜ਼ ਕਰਨ ਦੇ ਗੰਭੀਰ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਕਰੀਬ 15 ਸਾਲਾਂ ਤੋਂ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਠੇਕਾ ਭਰਤੀ ਅਧੀਨ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੰਘਰਸ਼ ਲਗਾਤਾਰ ਜਾਰੀ ਹੈ। ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਉਨ੍ਹਾਂ ਦੇ ਜਾਇਜ਼ ਸੰਘਰਸ਼ ਨੂੰ ਨਜ਼ਰਅੰਦਾਜ਼ ਕਰਨ ਅਤੇ ਜਾਣਬੁੱਝ ਕੇ ਲਟਕਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਮੁਲਾਜ਼ਮਾਂ ਨੇ ਦੱਸਿਆ ਕਿ ਉਹ ਪਿਛਲੀ 1 ਜੂਨ ਤੋਂ ਕਲਮ ਛੋੜ ਹੜਤਾਲ ਤੇ ਹਨ ਅਤੇ ਸੂਬੇ ਭਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਅੱਗੇ ਰੋਸ ਧਰਨੇ ਦੇ ਰਹੇ ਹਨ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਪਿਛਲੇ 15 ਸਾਲਾਂ ਤੋਂ ਨਿਰੰਤਰ ਸੇਵਾ ਕਰ ਰਹੇ ਮਗਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ ਪਿਛਲੇ ਸੱਤ-ਸੱਤ ਮਹੀਨਿਆਂ ਤੋਂ ਰੋਕੀਆਂ ਤਨਖ਼ਾਹਾਂ ਬਿਨਾਂ ਕਿਸੇ ਦੇਰੀ ਦੇ ਜਾਰੀ ਕੀਤੀਆਂ ਜਾਣ ਅਤੇ ਹੋਰ ਲੰਬਿਤ ਹੱਕੀ ਮੰਗਾਂ ਨੂੰ ਵੀ ਤੁਰੰਤ ਪ੍ਰਵਾਨ ਕੀਤਾ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਏਪੀਓ ਵਨੀਤ ਮੱਤੀ, ਰਾਜਪਾਲ ਕੌਰ ਬੀਰੋਕੇ, ਸ਼ੁਭਪ੍ਰੀਤ ਸਿੰਘ ਖਿਆਲਾ ਅਤੇ ਗੁਰਕਾਬਲ ਸਿੰਘ ਰਾਠੀ ਨੇ ਪੰਜਾਬ ਸਰਕਾਰ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਘੱਟ ਤਨਖ਼ਾਹਾਂ ਅਤੇ ਅਸਥਾਈ ਨੌਕਰੀ ਦੇ ਬਾਵਜੂਦ ਮੁਲਾਜ਼ਮਾਂ ਨੇ ਪੂਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਹਨ, ਪਰ ਅੱਜ ਵੀ ਉਹ ਪੱਕੀ ਨੌਕਰੀ ਅਤੇ ਸਮੇਂ ਸਿਰ ਤਨਖ਼ਾਹ ਵਰਗੇ ਬੁਨਿਆਦੀ ਹੱਕਾਂ ਤੋਂ ਵਾਂਝੇ ਹਨ। ਆਗੂਆਂ ਨੇ ਕਿਹਾ ਕਿ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੇਲੂ ਖਰਚੇ, ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜ਼ਰੂਰੀ ਲੋੜਾਂ ਪੂਰੀਆਂ ਕਰਨਾ ਔਖਾ ਹੋ ਗਿਆ ਹੈ, ਪਰ ਸਰਕਾਰ ਇਸ ਗੰਭੀਰ ਮਸਲੇ ਪ੍ਰਤੀ ਕੋਈ ਸੰਵੇਦਨਸ਼ੀਲਤਾ ਨਹੀਂ ਵਿਖਾ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨੁਮਾਇੰਦਿਆਂ ਨਾਲ ਕੋਈ ਠੋਸ ਗੱਲਬਾਤ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਰੋਸ ਤੇ ਨਿਰਾਸ਼ਾ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਆਪਕ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਦਾ ਰਾਹ ਛੱਡ ਕੇ ਗੱਲਬਾਤ ਰਾਹੀਂ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਮਗਨਰੇਗਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਬਿਨ੍ਹਾਂ ਦੇਰੀ ਪ੍ਰਵਾਨ ਕਰਦਿਆਂ ਰੋਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਤਾਂ ਜੋ ਮੁਲਾਜ਼ਮਾਂ ’ਚ ਫੈਲੀ ਬੇਚੈਨੀ ਨੂੰ ਦੂਰ ਕੀਤਾ ਜਾ ਸਕੇ ਅਤੇ ਦਫ਼ਤਰੀ ਕੰਮਕਾਜ ਮੁੜ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਸਰਬਜੀਤ ਕੌਰ, ਜਸਵਿੰਦਰ ਕੌਰ,ਗੁਰਪ੍ਰੀਤ ਸਿੰਘ ਰਾਠੀ,ਗੁਰਦੀਪ ਝੱਬਰ, ਕੁਲਵਿੰਦਰ ਝੱਬਰ, ਜਸਵੀਰ ਭੂਪਾਲ ਬਿੰਦੂ ਰਾਣੀ, ਵਿਜੈ ਲੱਛਮੀ, ਮੋਨੂੰ ਕੁਮਾਰ, ਸਨੀ ਮਾਨਸਾ ਅਤੇ ਕੇਸ਼ਵ ਸਿੰਗਲਾ ਆਦਿ ਹਾਜ਼ਰ ਸਨ।