- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਭੁੱਚੋ ਮੰਡੀ ਅਧੀਨ ਪੈਂਦੇ ਪਿੰਡ ਤੁੰਗਵਾਲੀ

-ਪਿੰਡ ਤੁੰਗਵਾਲੀ ’ਚ 20ਵਾਂ ਸਰੀਰ ਦਾਨ, ਪਰਿਵਾਰ ਨੇ ਆਖਰੀ ਇੱਛਾ ਦਾ ਕੀਤਾ ਸਤਿਕਾਰ
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਬਲਾਕ ਭੁੱਚੋ ਮੰਡੀ ਅਧੀਨ ਪੈਂਦੇ ਪਿੰਡ ਤੁੰਗਵਾਲੀ ਦੀ ਵਸਨੀਕ ਮਾਤਾ ਬਲਵੰਤ ਕੌਰ ਇੰਸਾਂ (68), ਪਤਨੀ ਭੂਰਾ ਸਿੰਘ ਇੰਸਾਂ, ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਆਖ਼ਰੀ ਇੱਛਾ ਦਾ ਸਤਿਕਾਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਵਰਲਡ ਕਾਲਜ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਐਂਡ ਹਸਪਤਾਲ, ਝੱਜਰ (ਹਰਿਆਣਾ) ਨੂੰ ਦਾਨ ਕਰ ਦਿੱਤੀ। ਮਾਤਾ ਬਲਵੰਤ ਕੌਰ ਇੰਸਾਂ ਦੇ ਪਤੀ ਭੂਰਾ ਸਿੰਘ ਇੰਸਾਂ, ਪੁੱਤਰ ਰੇਸਮ ਸਿੰਘ ਇੰਸਾਂ ਅਤੇ ਗੁਰਭਿੰਦਰ ਸਿੰਘ ਇੰਸਾਂ, ਧੀਆਂ ਰਾਣੀ ਕੌਰ ਇੰਸਾਂ ਅਤੇ ਨੂੰਹਾਂ ਪ੍ਰਵਿੰਦਰ ਕੌਰ ਇੰਸਾਂ ਤੇ ਮਨਪ੍ਰੀਤ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ 'ਤੇ ਚਲਦਿਆਂ ਇਹ ਸੇਵਾ ਨਿਭਾਈ।
ਮ੍ਰਿਤਕ ਦੇਹ ਨੂੰ ਰਵਾਨਾ ਕਰਨ ਸਮੇਂ "ਮਾਤਾ ਬਲਵੰਤ ਕੌਰ ਇੰਸਾਂ ਅਮਰ ਰਹੇ" ਦੇ ਨਾਅਰੇ ਲਾਏ। ਅਰਥੀ ਨੂੰ ਪਿੰਡ ਦੀਆਂ ਗਲੀਆਂ ਰਾਹੀਂ ਦਾਣਾ ਮੰਡੀ ਤੱਕ ਲਿਜਾਇਆ ਗਿਆ, ਜਿੱਥੋਂ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਮਾਤਾ ਬਲਵੰਤ ਕੌਰ ਇੰਸਾਂ ਦੀਆਂ ਧੀਆਂ ਵੱਲੋਂ ਅਰਥੀ ਨੂੰ ਮੋਢਾ ਦੇ ਕੇ ਸਮਾਜ ਲਈ ਪ੍ਰੇਰਣਾਦਾਇਕ ਮਿਸਾਲ ਪੇਸ਼ ਕੀਤੀ।
ਇਸ ਮੌਕੇ ਸੱਚੇ ਨਮਰ ਸੇਵਾਦਾਰ ਰਣਜੀਤ ਸਿੰਘ ਇੰਸਾਂ ਤੁੰਗਵਾਲੀ ਨੇ ਦੱਸਿਆ ਕਿ ਮਾਤਾ ਬਲਵੰਤ ਕੌਰ ਇੰਸਾਂ ਨੇ ਸੰਨ 1973 ਵਿੱਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਆਪਣਾ ਜੀਵਨ ਮਨੁੱਖਤਾ ਭਲਾਈ ਦੇ ਕੰਮਾਂ ਲਈ ਸਮਰਪਿਤ ਰੱਖਿਆ। ਉਨ੍ਹਾਂ ਦੱਸਿਆ ਕਿ ਪਿੰਡ ਤੁੰਗਵਾਲੀ ’ਚ ਇਹ 20ਵਾਂ ਅਤੇ ਬਲਾਕ ਭੁੱਚੋ ਮੰਡੀ ਵਿੱਚ 34ਵਾਂ ਸਰੀਰਦਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਤਾ ਜੀ ਨੇ ਲੰਬੇ ਸਮੇਂ ਤੱਕ ਡੇਰਾ ਸੱਚਾ ਸੌਦਾ, ਸਰਸਾ ਵਿਖੇ ਨਿਰਸਵਾਰਥ ਸੇਵਾ ਕੀਤੀ। ਇਸ ਮੌਕੇ ਜੋਰਾ ਸਿੰਘ ਇੰਸਾਂ ਆਦਮਪੁਰ (ਪ੍ਰਬੰਧਕ, ਸ਼ਾਹੀ ਦਰਬਾਰ ਰਾਜਗੜ੍ਹ ਸਲਾਵਤਪੁਰਾ), ਗੁਰਜੀਤ ਸਿੰਘ ਇੰਸਾਂ, ਮੇਘ ਰਾਜ ਇੰਸਾਂ, ਯਾਦਵਿੰਦਰ ਸਿੰਘ ਇੰਸਾਂ, ਇਕਬਾਲ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਪੱਕੀਆਂ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਮੌਕੇ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਮ੍ਰਿਤਕ ਦੇਹ ਦਾ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰਨ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਡਾਕਟਰੀ ਖੇਤਰ ਵਿੱਚ ਨਵੀਆਂ ਖੋਜਾਂ ਹੋ ਸਕਣ ਅਤੇ ਮਨੁੱਖਤਾ ਨੂੰ ਲਾਭ ਮਿਲੇ। ਡੇਰਾ ਪ੍ਰੇਮੀਆਂ ਦੇ ਉਪਰਾਲਿਆਂ ਸਦਕਾ ਪਿੰਡ ਤੁੰਗਵਾਲੀ ਅੱਜ ਸਰੀਰਦਾਨੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ।