ਬਾਸਕਟਬਾਲ ਇੰਡੀਆ ਟੀਮ ਨੇ ਜਿੱਤਿਆ ਗੋਲਡ ਮੈਡਲ
ਸ੍ਰੀਲੰਕਾ ‘ਚ ਖੇਡਣ ਗਈ
Publish Date: Fri, 12 Jun 2026 04:44 PM (IST)
Updated Date: Fri, 12 Jun 2026 04:47 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀਲੰਕਾ ਕੋਲੰਬੋ ’ਚ ਹੋਈ ਸਾਊਥ ਏਸ਼ੀਆ ਬਾਸਕਟਬਾਲ ਚੈਂਪੀਅਨਿਸ਼ਪ ‘ਚ ਇੰਡੀਆ ਟੀਮ ਅੰਡਰ-18 ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਮਾਨਸਾ ਜ਼ਿਲ੍ਹੇ ਦੇ ਫ਼ਤਿਹਜੀਤ ਸਿੰਘ ਨੇ ਵੀ ਟੀਮ ’ਚ ਖੇਡਦਿਆਂ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਸ ਦੇ ਆਪਣੇ ਘਰ ਮਾਨਸਾ ਖੁਰਦ ਵਿਖੇ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ ਅਤੇ ਮਾਨਸਾ ਦੇ ਲੋਕਾਂ ਨੇ ਸਵਾਗਤ ਕੀਤਾ ਹੈ। ਸਾਊਥ ਏਸ਼ੀਆ ਬਾਸਕਟਬਾਲ ਚੈਂਪੀਅਨਿਸ਼ਪ ਜਿੱਤਣ ਬਾਅਦ ਇੰਡੀਆ ਟੀਮ ਅੰਡਰ-18 ਦੇ ਖਿਡਾਰੀ ਫ਼ਤਿਹਜੀਤ ਸਿੰਘ ਦੇ ਘਰ ਪੁੱਜਣ ‘ਤੇ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ 25 ਤੋਂ 29 ਮਈ ਤੱਕ ਇਹ ਕੋਲੰਬੋ ’ਚ ਚੈਂਪੀਅਨਸ਼ਿਪ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕੀਤਾ ਅਤੇ ਫ਼ਿਰ ਇੰਡੀਆ ਟੀਮ ਦਾ ਚੇਨਈ, ਲੁਧਿਆਣਾ ਅਤੇ ਹੋਰ ਅਲੱਗ ਅਲੱਗ ਜਗ੍ਹਾ ਤੇ ਪਹੁੰਚਣ ‘ਤੇ ਸਨਮਾਨ ਕੀਤਾ ਗਿਆ ਅਤੇ ਮਾਨਸਾ ਦੇ ਭੈਣੀਬਾਘਾ ਦੇ ਮੈਦਾਨ ਵਿਚ ਵੀ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮ ਜਿੱਤਣ ਬਾਅਦ ਅਹਿਮਦਾਬਾਦ (ਗੁਜਰਾਤ) ‘ਚ ਅਗਸਤ ਦੇ ਆਖਰੀ ਹਫ਼ਤੇ ਹੋ ਰਹੀ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਗਈ ਹੈ ਅਤੇ ਇਸ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਤਕਰੀਬਨ ਏਸ਼ੀਆ ਦੀਆਂ 35 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਜਨਵਰੀ-2026 ਨੂੰ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ। ਉਸ ਸਮੇਂ ਫਤਿਹਜੀਤ ਨੇ ਕੇਰਲਾ ਟੀਮ ਨਾਲ ਕੁਆਟਰ ਫਾਈਨਲ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ। ਜ਼ਿਕਰਯੋਗ ਹੈ ਕਿ ਫ਼ਤਿਹਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਖੁਦ ਹੈਂਡਬਾਲ ਖੇਡ ਦੇ ਅੰਤਰਰਾਸ਼ਟਰੀ ਖਿਡਾਰੀ ਹਨ , ਜੋ ਇਸ ਸਮੇਂ ਪੰਜਾਬ ਪੁਲਿਸ ਵਿਚ ਬਤੌਰ ਥਾਣੇਦਾਰ ਸੇਵਾਵਾਂ ਨਿਭਾਅ ਰਹੇ ਹਨ। ਫਤਹਿਜੀਤ ਸਿੰਘ ਦੇ ਮਾਤਾ ਡਾ. ਪ੍ਰਕਾਸ਼ ਕੌਰ ਬਤੌਰ ਪ੍ਰਿੰਸੀਪਲ ਸੇਵਾਵਾਂ ਕ੍ਰਿਸ਼ਨਾ ਕਾਲਜ ਰੱਲੀ ਵਿੱਚ ਨਿਭਾਅ ਰਹੇ ਹਨ। ਉਨ੍ਹਾਂ ਵੀ ਆਪਣੇ ਪੁੱਤਰ ਦੀ ਇਸ ਉਪਲੱਬਧੀ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਜਤਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਲਗਾਤਾਰ ਬਚਪਨ ਤੋਂ ਹੀ ਮਿਹਨਤੀ ਹੈ ਅਤੇ ਉਸ ਨੂੰ ਇਹ ਮਿਹਨਤ ਦਾ ਫਲ ਹੀ ਮਿਲਿਆ ਹੈ। ਫਤਿਹਜੀਤ ਸਿੰਘ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੰਡੀਆ ਟੀਮ ਅੰਡਰ 18 ‘ਚ ਉਹ ਖੇਡੇ ਅਤੇ ਭਾਰਤ ਦੇ ਨਾਮ ਸਾਰੀ ਟੀਮ ਨੇ ਰਲ ਕੇ ਗੋਲਡ ਮੈਡਲ ਹਾਸਲ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨ ਦਾ ਯਕੀਨ ਦਿਵਾਇਆ। ਉਨ੍ਹਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਮੇਸ਼ਾ ਟਮੀ ਵਿਚ ਕੋਸ਼ਿਸ ਹੁੰਦੀ ਹੈ ਕਿ ਉਹ ਚੰਗੇ ਤੋਂ ਚੰਗਾ ਪ੍ਰਦਰਸ਼ਨ ਕਰਨ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਜਾਣ। ਉਨ੍ਹਾਂ ਨੇ ਨੋਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਨੌਜਵਾਨ ਵੀ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਵੱਲ ਮੁੜੇ ਹੋਏ ਨੌਜਵਾਨਾਂ ਨੂੰ ਵਾਪਸ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।