- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲਦੀ ਜੀਵਨ ਸ਼ੈਲੀ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਬਦਲਦੀ ਜੀਵਨ ਸ਼ੈਲੀ ਅਤੇ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਕਾਰਨ ਲੋਕ ਖੇਡਾਂ ਅਤੇ ਕਸਰਤ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਦਾ ਅਸਰ ਨਾ ਸਿਰਫ਼ ਸਰੀਰਕ ਸਿਹਤ 'ਤੇ ਪੈ ਰਿਹਾ ਹੈ, ਸਗੋਂ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ। ਸਿਹਤ ਮਾਹਿਰਾਂ ਅਤੇ ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਨਿਯਮਿਤ ਕਸਰਤ ਅਤੇ ਖੇਡਾਂ ਵਿਅਕਤੀ ਨੂੰ ਤੰਦਰੁਸਤ, ਆਤਮ-ਵਿਸ਼ਵਾਸੀ ਅਤੇ ਖੁਸ਼ਮਿਜ਼ਾਜ ਬਣਾਉਂਦੀਆਂ ਹਨ। ਖੇਡਾਂ ਮਨੁੱਖ ਦੇ ਜੀਵਨ ਦਾ ਅਹਿਮ ਅੰਗ ਹੋਣ ਦੇ ਸਬੰਧ ’ਚ ਅਲੱਗ ਅਲੱਗ ਵਿਅਕਤੀਆਂ ਨਾਲ ਕੀਤੀ ਗੱਲਬਾਤ ‘ਚ ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਡੀਪੀਈ ਭੁਪਿੰਦਰ ਸਿੰਘ ਤੱਗੜ ਦਾ ਆਖਣਾ ਸੀ ਕਿ ਖੇਡਾਂ ਸਿਰਫ਼ ਸਰੀਰ ਨੂੰ ਹੀ ਮਜ਼ਬੂਤ ਨਹੀਂ ਕਰਦੀਆਂ, ਸਗੋਂ ਮਾਨਸਿਕ ਤੌਰ 'ਤੇ ਵੀ ਵਿਅਕਤੀ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਨਿਯਮਿਤ ਖੇਡਾਂ ਅਤੇ ਕਸਰਤ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਉਂਦਾ ਹੈ।
ਲੈਕਚਰਾਰ ਸਰਬਜੀਤ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਕੂਲੀ ਪੱਧਰ ਤੋਂ ਹੀ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਖੇਡ ਦੇ ਆਪਣੇ-ਆਪਣੇ ਫ਼ਾਇਦੇ ਹਨ। ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਂਝ ਹਰ ਖੇਡ ਹੀ ਲਾਹੇਵੰਦ ਹੈ ਅਤੇ ਹਰ ਬੱਚੇ, ਨੌਜਵਾਨ ਅਤੇ ਵੱਡੀ ਉਮਰ ਦੇ ਵਿਅਕਤੀਆਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਣ ਨਾਲ ਲੱਤਾਂ ਮਜ਼ਬੂਤ ਹੁੰਦੀਆਂ ਹਨ, ਸਰੀਰ ਦੀ ਸਹਿਣਸ਼ਕਤੀ ਅਤੇ ਸਾਹ ਲੈਣ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਂਸਲਾ ਵੀ ਪੈਦਾ ਹੁੰਦਾ ਹੈ।
ਕੁਲਦੀਪ ਸਿੰਘ ਪੀਟੀਆਈ ਨੇ ਕਿਹਾ ਕਿ ਟੈਨਿਸ, ਬੈਡਮਿੰਟਨ, ਫੁੱਟਬਾਲ, ਸਾਈਕਲਿੰਗ, ਤੈਰਾਕੀ, ਜੌਗਿੰਗ ਅਤੇ ਜਿਮ ਵਰਗੀਆਂ ਖੇਡਾਂ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਸਮੂਹਿਕ ਖੇਡਾਂ ਦਾ ਇੱਕ ਵੱਡਾ ਫ਼ਾਇਦਾ ਇਹ ਵੀ ਹੈ ਕਿ ਇਨ੍ਹਾਂ ਨਾਲ ਸਮਾਜਿਕ ਸੰਬੰਧ ਮਜ਼ਬੂਤ ਹੁੰਦੇ ਹਨ, ਜਿਸ ਦਾ ਸਕਾਰਾਤਮਕ ਪ੍ਰਭਾਵ ਵਿਅਕਤੀ ਦੀ ਮਾਨਸਿਕ ਸਿਹਤ ਅਤੇ ਲੰਬੀ ਉਮਰ 'ਤੇ ਪੈਂਦਾ ਹੈ। ਉਨ੍ਹਾਂ ਅਨੁਸਾਰ ਇਕੱਲੇ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਮੁਕਾਬਲੇ ਸਮੂਹਿਕ ਖੇਡਾਂ ਸਮਾਜਿਕ ਮੇਲ - ਜੋਲ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਕੋਈ ਵੀ ਹੋਵੇ, ਹਰ ਖੇਡ ਸਿਹਤ ਲਈ ਲਾਭਦਾਇਕ ਹੈ। ਇਸ ਲਈ ਹਰ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕੁਝ ਸਮਾਂ ਖੇਡਾਂ ਜਾਂ ਕਸਰਤ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਤਾਂ ਜੋ ਉਹ ਤੰਦਰੁਸਤ ਰਹਿਣ, ਆਤਮ-ਵਿਸ਼ਵਾਸ ਨਾਲ ਭਰਪੂਰ ਜੀਵਨ ਜਿਉਂ ਸਕਣ ਤੇ ਸਿਹਤਮੰਦ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾ ਸਕਣ।