48 ਘੰਟਿਆਂ 'ਚ ਸੁਲਝੀ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਦੀ ਗੁੱਥੀ, ਪੁਲਿਸ ਨੇ ਸਰਪੰਚ ਤੇ ਉਸ ਦੇ ਦੋ ਸਾਥੀ ਕੀਤੇ ਗ੍ਰਿਫ਼ਤਾਰ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਕੁਮਾਰ ਮੰਗੂ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਬੋਰਡ ਗਠਿਤ ਕੀਤਾ ਗਿਆ ਹੈ। ਇਸ ਬੋਰਡ ਵਿੱਚ ਡਾ. ਕਮਲਦੀਪ ਸਿੰਘ, ਡਾ. ਕ੍ਰਿਸ਼ਨ ਕੁਮਾਰ ਅਤੇ ਡਾ. ਵਿਕਾਸ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ।
Publish Date: Wed, 19 Aug 2026 04:02 PM (IST)
Updated Date: Wed, 19 Aug 2026 04:07 PM (IST)
ਜਾਗਰਣ ਸੰਵਾਦਦਾਤਾ, ਮਾਨਸਾ : ਪਿੰਡ ਨੰਗਲ ਕਲਾਂ ਦੇ ਕਬੱਡੀ ਖਿਡਾਰੀ ਅਮਨਦੀਪ ਕੁਮਾਰ ਉਰਫ਼ ਮੰਗੂ ਦੇ ਕਤਲ ਮਾਮਲੇ 'ਚ ਪੁਲਿਸ ਨੇ ਪਿੰਡ ਦੇ ਸਰਪੰਚ ਤੇ ਉਸ ਦੇ ਦੋ ਸਾਥੀਆਂ ਨੂੰ ਵਾਰਦਾਤ ਦੇ 48 ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਅਣਪਛਾਤਿਆਂ ਸਮੇਤ 11 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉੱਧਰ, ਸਿਵਲ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਬੋਰਡ ਗਠਿਤ ਕੀਤਾ ਗਿਆ ਹੈ।
ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਪੁਲਿਸ ਚੌਕੀ ਕੋਟਧਰਮੂ ਦੇ ਇੰਚਾਰਜ ਬਲਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨੰਗਲ ਕਲਾਂ ਦੇ ਅਮਨਦੀਪ ਕੁਮਾਰ ਉਰਫ਼ ਮੰਗੂ (36) ਨੂੰ ਲੜਾਈ-ਝਗੜੇ ਵਿੱਚ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਅਮਨਦੀਪ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਸੀ ਕਿ ਸੋਮਵਾਰ ਨੂੰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਉਹ ਗੁਰਦੁਆਰਾ ਸਾਹਿਬ ਦੀ ਫਿਰਨੀ 'ਤੇ ਜਾ ਰਿਹਾ ਸੀ। ਇਸ ਦੌਰਾਨ ਸਵਿਫਟ ਡਿਜ਼ਾਇਰ ਤੇ ਸਕਾਰਪੀਓ ਗੱਡੀਆਂ 'ਚ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਪਹੁੰਚੇ ਪਿੰਡ ਨੰਗਲ ਕਲਾਂ ਦੇ ਸਰਪੰਚ ਰੇਸ਼ਮ ਸਿੰਘ ਜਿੰਦਾ, ਪਿੰਡ ਜਵਾਹਰਕੇ ਵਾਸੀ ਗਗਨਪ੍ਰੀਤ ਸਿੰਘ ਉਰਫ਼ ਗਗਨ, ਪਿੰਡ ਗੁਰਨੇ ਖੁਰਦ ਵਾਸੀ ਸ਼ਗਨਦੀਪ ਸਿੰਘ ਉਰਫ਼ ਸ਼ਗਨੀ, ਪਿੰਡ ਭੰਮੇ ਕਲਾਂ ਵਾਸੀ ਬਾਦਲ ਸਿੰਘ ਅਤੇ ਕੁਲਦੀਪ ਸਿੰਘ ਸਮੇਤ 4-5 ਅਣਪਛਾਤੇ ਮੁਲਜ਼ਮਾਂ ਨੇ ਲੋਹੇ ਦੀ ਰਾਡ, ਕਿਰਪਾਨ, ਸੱਬਲ ਆਦਿ ਨਾਲ ਉਸ 'ਤੇ ਹਮਲਾ ਕਰ ਦਿੱਤਾ। ਉਸ ਵੱਲੋਂ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ।
ਸਰਪੰਚੀ ਚੋਣ ਦੀ ਰੰਜਿਸ਼ ਕਾਰਨ ਹਮਲੇ ਦਾ ਦੋਸ਼ ਅਮਨਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਸਰਪੰਚੀ ਚੋਣ ਦੀ ਰੰਜਿਸ਼ ਨੂੰ ਹਮਲੇ ਦਾ ਕਾਰਨ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਚੋਣਾਂ ਦੌਰਾਨ ਉਸ ਦੀ ਰੇਸ਼ਮ ਸਿੰਘ ਨਾਲ ਬਹਿਸਬਾਜ਼ੀ ਹੋਈ ਸੀ ਅਤੇ ਉਸ ਸਮੇਂ ਤੋਂ ਹੀ ਸਰਪੰਚ ਉਸ ਨਾਲ ਖਾਰ ਰੱਖਦਾ ਸੀ। ਇਸੇ ਰੰਜਿਸ਼ ਕਾਰਨ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕੀਤਾ। ਅਮਨਦੀਪ ਕੁਮਾਰ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਉਸ ਦੇ ਭਰਾ ਵਰਿੰਦਰ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਕੇਸ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ।
48 ਘੰਟਿਆਂ 'ਚ ਸਰਪੰਚ ਸਮੇਤ ਤਿੰਨ ਗ੍ਰਿਫ਼ਤਾਰ ਐੱਸਐੱਸਪੀ ਮੀਣਾ ਨੇ ਦੱਸਿਆ ਕਿ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਬਲਕੌਰ ਸਿੰਘ, ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਪੁਲਿਸ ਚੌਕੀ ਕੋਟਧਰਮੂ ਦੇ ਇੰਚਾਰਜ ਬਲਜਿੰਦਰ ਸਿੰਘ 'ਤੇ ਆਧਾਰਿਤ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਨੇ ਪਿੰਡ ਨੰਗਲ ਕਲਾਂ ਦੇ ਸਰਪੰਚ ਰੇਸ਼ਮ ਸਿੰਘ ਉਰਫ਼ ਜਿੰਦਾ, ਗਗਨਪ੍ਰੀਤ ਸਿੰਘ ਉਰਫ਼ ਗਗਨ ਅਤੇ ਸ਼ਗਨਦੀਪ ਸਿੰਘ ਉਰਫ਼ ਸ਼ਗਨੀ ਨੂੰ ਰਮਦਿੱਤੇ ਚੌਕ ਤੋਂ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਮਾਮਲੇ 'ਚ ਨਾਮਜ਼ਦ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਤੇ ਵਾਹਨਾਂ ਦੀ ਬਰਾਮਦਗੀ ਕੀਤੀ ਜਾਵੇਗੀ।
ਸਰਪੰਚ ਖ਼ਿਲਾਫ਼ ਪਹਿਲਾਂ ਵੀ 16 ਮਾਮਲੇ ਦਰਜ ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਰਪੰਚ ਰੇਸ਼ਮ ਸਿੰਘ ਖ਼ਿਲਾਫ਼ ਪਹਿਲਾਂ 16 ਮਾਮਲੇ ਦਰਜ ਹਨ। ਉੱਥੇ ਹੀ ਗਗਨਪ੍ਰੀਤ ਸਿੰਘ ਅਤੇ ਸ਼ਗਨਦੀਪ ਸਿੰਘ ਖ਼ਿਲਾਫ਼ ਦੋ-ਦੋ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਕੁਮਾਰ ਮੰਗੂ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਬੋਰਡ ਗਠਿਤ ਕੀਤਾ ਗਿਆ ਹੈ। ਇਸ ਬੋਰਡ ਵਿੱਚ ਡਾ. ਕਮਲਦੀਪ ਸਿੰਘ, ਡਾ. ਕ੍ਰਿਸ਼ਨ ਕੁਮਾਰ ਅਤੇ ਡਾ. ਵਿਕਾਸ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ।