ਪਵਿੱਤਰ ਸ਼ਹਿਰ ਦਾ ਬੱਸ ਅੱਡਾ ਬਣਿਆ ਛੱਪੜ, ਇੱਕ ਮੀਂਹ ਨੇ ਵਿਕਾਸ ਦੇ ਦਾਅਵਿਆਂ ਦੀ ਖੋਲ੍ਹੀ ਪੋਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ
Publish Date: Thu, 02 Jul 2026 07:17 PM (IST)
Updated Date: Fri, 03 Jul 2026 04:14 AM (IST)
ਪਾਣੀ ਭਰਨ ਕਾਰਨ ਬੱਸਾਂ ਸੜਕ ਤੇ ਖੜੀਆਂ ਕਰਨੀਆਂ ਪਈਆਂ ਸਵਾਰੀਆਂ ਅਤੇ ਬੱਸ ਆਪਰੇਟਰ ਹੋਏ ਖੱਜਲ-ਖੁਆਰ ਲੋਕਾਂ ਨੇ ਕਿਹਾ- ਹੁਣ ਤਾਂ ਬੱਸ ਅੱਡੇ ਦੀ ਸਾਰ ਲਓ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤਲਵੰਡੀ ਸਾਬੋ ਦਾ ਬੱਸ ਅੱਡਾ ਇੱਕ ਵਾਰ ਫ਼ਿਰ ਆਪਣੀ ਬਦਹਾਲੀ ਕਾਰਨ ਚਰਚਾ ਵਿੱਚ ਹੈ। ਲੰਮੇ ਸਮੇਂ ਤੋਂ ਬੱਸ ਅੱਡੇ ਦੀ ਮੁਰੰਮਤ ਅਤੇ ਨਵੀਨੀਕਰਨ ਦੀ ਮੰਗ ਉੱਠਦੀ ਆ ਰਹੀ ਹੈ ਪਰ ਸਬੰਧਤ ਵਿਭਾਗ ਅਤੇ ਸਰਕਾਰ ਵੱਲੋਂ ਇਸ ਵੱਲ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਨਤੀਜੇ ਵਜੋਂ ਅੱਜ ਪਏ ਹਲਕੇ ਮੀਂਹ ਨੇ ਹੀ ਬੱਸ ਅੱਡੇ ਦੀਆਂ ਸਾਰੀਆਂ ਖਾਮੀਆਂ ਲੋਕਾਂ ਸਾਹਮਣੇ ਰੱਖ ਦਿੱਤੀਆਂ। ਮੀਂਹ ਤੋਂ ਬਾਅਦ ਬੱਸ ਅੱਡੇ ਦਾ ਵੱਡਾ ਹਿੱਸਾ ਪਾਣੀ ਨਾਲ ਭਰ ਗਿਆ ਅਤੇ ਪੂਰਾ ਬੱਸ ਅੱਡਾ ਛੱਪੜ ਦਾ ਰੂਪ ਧਾਰ ਗਿਆ। ਹਾਲਾਤ ਇੰਨੇ ਮਾੜੇ ਬਣ ਗਏ ਕਿ ਬੱਸਾਂ ਅੰਦਰ ਦਾਖਲ ਹੀ ਨਹੀਂ ਹੋ ਸਕੀਆਂ ਮਜ਼ਬੂਰੀ ਵੱਸ ਬੱਸ ਆਪਰੇਟਰਾਂ ਨੂੰ ਆਪਣੀਆਂ ਬੱਸਾਂ ਮੁੱਖ ਸੜਕ ਤੇ ਖੜੀਆਂ ਕਰਕੇ ਸਵਾਰੀਆਂ ਚੜ੍ਹਾਉਣੀਆਂ ਅਤੇ ਉਤਾਰਨੀਆਂ ਪਈਆਂ। ਇਸ ਕਾਰਨ ਨਾ ਸਿਰਫ਼ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਸਗੋਂ ਸੜਕ ਤੇ ਟ੍ਰੈਫ਼ਿਕ ਵੀ ਪ੍ਰਭਾਵਿਤ ਹੋਇਆ ਅਤੇ ਕਈ ਥਾਵਾਂ ਤੇ ਜਾਮ ਦੀ ਸਥਿਤੀ ਬਣ ਗਈ। ਮੌਕੇ ਤੇ ਗੱਲਬਾਤ ਕਰਦਿਆਂ ਬੱਸ ਆਪਰੇਟਰ ਨਿਰੰਜਨ ਸਿੰਘ ਨੇ ਕਿਹਾ ਕਿ ਬੱਸ ਅੱਡੇ ਦੀ ਮਾੜੀ ਹਾਲਤ ਬਾਰੇ ਕਈ ਵਾਰ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਅਜੇ ਤੱਕ ਕਿਸੇ ਵੀ ਸਰਕਾਰ ਜਾਂ ਸਬੰਧਤ ਵਿਭਾਗ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਹੋਣ ਦੇ ਬਾਵਜੂਦ ਬੱਸ ਅੱਡੇ ਦੀ ਹਾਲਤ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਮੰਗ ਕੀਤੀ ਕਿ ਬੱਸ ਅੱਡੇ ਦਾ ਲੈਵਲ ਉੱਚਾ ਕੀਤਾ ਜਾਵੇ ਅਤੇ ਢੁੱਕਵੀਂ ਸੀਵਰੇਜ ਵਿਵਸਥਾ ਬਣਾਈ ਜਾਵੇ ਤਾਂ ਜੋ ਮੀਂਹ ਦਾ ਪਾਣੀ ਤੁਰੰਤ ਨਿਕਲ ਸਕੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰੀ ਨੀਤੀਆਂ ਅਤੇ ਵਧਦੇ ਡੀਜ਼ਲ ਦੇ ਭਾਅ ਕਾਰਨ ਬੱਸ ਆਪਰੇਟਰ ਪਹਿਲਾਂ ਹੀ ਆਰਥਿਕ ਦਬਾਅ ਹੇਠ ਹਨ, ਜਦਕਿ ਦੂਜੇ ਪਾਸੇ ਬੱਸ ਅੱਡੇ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਨੂੰ ਹੋਰ ਨੁਕਸਾਨ ਝੱਲਣਾ ਪੈ ਰਿਹਾ ਹੈ। ਜੇਕਰ ਬੱਸਾਂ ਅੱਡੇ ਦੇ ਅੰਦਰ ਨਹੀਂ ਲੱਗਣਗੀਆਂ ਤਾਂ ਸਵਾਰੀਆਂ ਵੀ ਘੱਟ ਮਿਲਣਗੀਆਂ ਅਤੇ ਮੁਸ਼ਕਲਾਂ ਹੋਰ ਵਧਣਗੀਆਂ। ਇਸੇ ਦੌਰਾਨ ਪਿੰਡ ਗਿਆਨਾ ਤੋਂ ਆਈ ਇੱਕ ਮਹਿਲਾ ਯਾਤਰੀ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਸਰਕਾਰ ਬਣਾਈ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਬੱਸ ਅੱਡੇ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਹਨ ਅਤੇ ਸ਼ਹਿਰ ਵਿੱਚ ਦਾਖ਼ਲ ਹੁੰਦੇ ਹੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਬਦਹਾਲ ਬੱਸ ਅੱਡਾ ਦੇਖਣ ਨੂੰ ਮਿਲਦਾ ਹੈ, ਜੋ ਪਵਿੱਤਰ ਸ਼ਹਿਰ ਦੀ ਛਵੀ ਨੂੰ ਠੇਸ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇ ਬੱਸਾਂ ਬੱਸ ਅੱਡੇ ਦੇ ਅੰਦਰ ਆਪਣੇ ਨਿਰਧਾਰਤ ਕਾਊਂਟਰਾਂ ਤੇ ਖੜੀਆਂ ਹੋਣ ਤਾਂ ਯਾਤਰੀਆਂ ਨੂੰ ਆਪਣੀ ਮੰਜ਼ਿਲ ਵਾਲੀ ਬੱਸ ਲੱਭਣ ਵਿੱਚ ਕੋਈ ਦਿੱਕਤ ਨਾ ਆਵੇ। ਮੌਜੂਦਾ ਹਾਲਾਤ ਵਿੱਚ ਬੱਸਾਂ ਸੜਕ ਤੇ ਖੜੀਆਂ ਹੋਣ ਕਾਰਨ ਯਾਤਰੀਆਂ ਨੂੰ ਹਰ ਬੱਸ ਬਾਰੇ ਪੁੱਛਗਿੱਛ ਕਰਨੀ ਪੈਂਦੀ ਹੈ, ਜਿਸ ਨਾਲ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲ ਆਉਂਦੀ ਹੈ। ਸਥਾਨਕ ਲੋਕਾਂ ਅਤੇ ਬੱਸ ਆਪਰੇਟਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਲਵੰਡੀ ਸਾਬੋ ਦੇ ਬੱਸ ਅੱਡੇ ਦੀ ਸਮੱਸਿਆ ਨੂੰ ਹੋਰ ਲੰਮਾ ਨਾ ਖਿੱਚਿਆ ਜਾਵੇ ਅਤੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਤੋਂ ਜਲਦੀ ਇਸ ਦੀ ਮੁਰੰਮਤ, ਲੈਵਲ ਉੱਚਾ ਕਰਨ ਅਤੇ ਸੀਵਰੇਜ ਦੀ ਪੱਕੀ ਵਿਵਸਥਾ ਯਕੀਨੀ ਬਣਾਈ ਜਾਵੇ, ਤਾਂ ਜੋ ਯਾਤਰੀਆਂ ਨੂੰ ਰੋਜ਼ਾਨਾ ਹੋ ਰਹੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।