ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ 'ਓਲਡ ਸਟੂਡੈਂਟਸ ਐਸੋਸੀਏਸ਼ਨ' ਦੀ ਚੋਣ
ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ
Publish Date: Sun, 21 Jun 2026 04:21 PM (IST)
Updated Date: Sun, 21 Jun 2026 04:21 PM (IST)

ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ, ਬੁਢਲਾਡਾ ਵਿਖੇ ਪੁਰਾਣੇ ਵਿਦਿਆਰਥੀਆਂ (ਐਲੂਮਨੀ) ਦੀ ਇਕ ਅਹਿਮ ਇਕੱਤਰਤਾ ਹੋਈ। ਇਸ ਮੀਟਿੰਗ ਦੌਰਾਨ ਕਾਲਜ ਦੀ ਤਰੱਕੀ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਸੰਸਥਾ ਨਾਲ ਲਗਾਤਾਰ ਜੋੜੀ ਰੱਖਣ ਦੇ ਮਕਸਦ ਨਾਲ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਆਏ ਹੋਏ ਸਾਬਕਾ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਸੰਸਥਾ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ। ਉਨ੍ਹਾਂ ਕਾਲਜ ਵਿਚ ਸ਼ੁਰੂ ਕੀਤੇ ਨਵੇਂ ਕੋਰਸਾਂ, ਵਜੀਫਾ ਸਕੀਮਾਂ, ਅਕਾਦਮਿਕ, ਸਪੋਰਟਸ ਅਤੇ ਕਲਚਰਲ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਅਤੇ ਕਾਲਜ ਪ੍ਰਬੰਧਕਾਂ ਦੀ ਸਹਿਮਤੀ ਨਾਲ ਡਾ. ਕਰਨੈਲ ਸਿੰਘ ਵੈਰਾਗੀ, ਨਵਨੀਤ ਕੱਕੜ ਅਤੇ ਮਨੇਜਰ ਕੁਲਵੰਤ ਸਿੰਘ ਬੁਢਲਾਡਾ ਨੂੰ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਗਿਆ। ਇਸ ਉਪਰੰਤ ਸਰਪ੍ਰਸਤਾਂ ਦੀ ਦੇਖ-ਰੇਖ ਹੇਠ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਮੱਖਣ ਸਿੰਘ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਗੁਰਕੀਰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਚੰਦਨ ਨੂੰ ਮੀਤ ਪ੍ਰਧਾਨ, ਰਜਿੰਦਰ ਵਰਮਾ ਨੂੰ ਸਕੱਤਰ, ਤਰਜੀਤ ਸਿੰਘ ਚਹਿਲ ਨੂੰ ਜੁਆਇੰਟ ਸਕੱਤਰ ਅਤੇ ਪ੍ਰਮੋਦ ਕੁਮਾਰ ਨੂੰ ਖ਼ਜ਼ਾਨਚੀ (ਕੈਸ਼ੀਅਰ) ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਕਾਰਜਕਾਰਨੀ ਵਿਚ ਵੱਖ ਵੱਖ ਸ਼ੈਸ਼ਨਾਂ ਦੇ 31 ਮੈਂਬਰ ਚੁਣੇ ਗਏ। ਨਵ-ਨਿਯੁਕਤ ਪ੍ਰਧਾਨ ਮੱਖਣ ਸਿੰਘ ਅਤੇ ਸਮੂਹ ਅਹੁਦੇਦਾਰਾਂ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ, ਮੌਜੂਦਾ ਵਿਦਿਆਰਥੀਆਂ ਦੇ ਭਵਿੱਖ ਅਤੇ ਰੁਜ਼ਗਾਰ ਲਈ ਅਗਵਾਈ ਕਰਨਾ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨਾ ਹੋਵੇਗਾ। ਇਸ ਮੌਕੇ ਕਾਲਜ ਸਟਾਫ਼, ਪੁਰਾਣੇ ਵਿਦਿਆਰਥੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਇਹ ਐਸੋਸੀਏਸ਼ਨ ਸੰਸਥਾ ਦੀ ਬਿਹਤਰੀ ਲਈ ਸ਼ਲਾਘਾਯੋਗ ਕੰਮ ਕਰੇਗੀ। ਇਸ ਮੌਕੇ ਅਮਨਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ ਗੁਰਵਿੰਦਰ ਸਿੰਘ, ਅਨੂਪ ਸਿੰਘ ਖਾਲਸਾ, ਜਗਦੀਸ਼ ਰਾਏ ਕੁਲਰੀਆਂ ਅਤੇ ਗੁਰਦੀਪ ਸਿੰਘ ਹਾਜ਼ਰ ਸਨ।