ਏਕਮ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਜਿੱਤਿਆ ਸਰਕਾਰੀ ਹਾਈ ਸਕੂਲ ਲਾਲ ਸਿੰਘ ਬਸਤੀ
Publish Date: Sun, 05 Jul 2026 04:07 PM (IST)
Updated Date: Sun, 05 Jul 2026 04:09 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਸਰਕਾਰੀ ਹਾਈ ਸਕੂਲ ਲਾਲ ਸਿੰਘ ਬਸਤੀ ਬਠਿੰਡਾ ਦੀ ਹੋਣਹਾਰ ਵਿਦਿਆਰਥਣ ਏਕਮ ਕੌਰ ਨੇ ਨੇਪਾਲ ਵਿਖੇ ਹੀ 10ਵੀਂ ਅੰਤਰ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 2026 ਵਿਚ ਭਾਗ ਲਿਆ। ਇਸ ਅੰਤਰ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਭਾਰਤ ਸ੍ਰੀ ਲੰਕਾ, ਭੂਟਾਨ, ਨੇਪਾਲ ਅਤੇ ਹੋਰ ਦੇਸ਼ਾਂ ਵੱਲੋਂ ਭਾਗ ਲਿਆ ਗਿਆ, ਜਿਸ ਵਿੱਚ ਏਕਮ ਕੌਰ ਨੇ ਉਮਰ ਵਰਗ 12 ਭਾਰ ਵਰਗ 40 ਕਿਲੋਗ੍ਰਾਮ ਵਿਚ ਭਾਗ ਲਿਆ ਅਤੇ ਸੋਨੇ ਦਾ ਤਗਮਾ ਹਾਸਲ ਕਰਕੇ ਉਸ ਨੇ ਪੰਜਾਬ ਅਤੇ ਦੇਸ਼ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ ਹੈ। ਬਠਿੰਡਾ ਜ਼ਿਲ੍ਹੇ ਦੇ ਨੋਡਲ ਅਫ਼ਸਰ ਸੁਸ਼ੀਲ ਨਾਥ ਨੇ ਵਿਦਿਆਰਥਣ ਨੂੰ ਵਧਾਈ ਦੇ ਕੇ ਹੌਂਸਲਾ ਅਫਜਾਹੀ ਕਰਦਿਆਂ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਨਾ ਸੇਠੀ ਵੱਲੋਂ ਵੀ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ, ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਪ੍ਰਿੰਸੀਪਲ ਆਸ਼ੂ ਸਿੰਘ ਅਤੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਵੱਲੋਂ ਜੇਤੂ ਖਿਡਾਰੀ ਏਕਮ ਕੌਰ ਨੂੰ ਸਕੂਲ ਵਿੱਚ ਪਹੁੰਚ ਕੇ ਖੇਡ ਪ੍ਰਾਪਤੀ ਸਰਟੀਫ਼ਿਕੇਟ, ਮੈਡਲ, ਸਨਮਾਨ ਚਿੰਨ੍ਹ, ਸਕੂਲ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥਣ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ। ਸਕੂਲ ਦੇ ਮੁੱਖ ਅਧਿਆਪਕ ਰੀਤੂ ਚੌਧਰੀ ਨੇ ਏਕਮ ਕੌਰ ਦੀ ਇਸ ਇਤਿਹਾਸਕ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ ਅਤੇ ਉਨ੍ਹਾਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਉੱਚੇ ਟੀਚੇ ਹਾਸਲ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਸਕੂਲ ਪਰਿਵਾਰ ਨੇ ਵੀ ਏਕਮ ਕੌਰ ਦੀ ਇਸ ਵਿਲੱਖਣ ਉਪਲਬਧੀ ਤੇ ਮਾਣ ਪ੍ਰਗਟ ਕਰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਮੁੱਖ ਅਧਿਆਪਕ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਸੁਨੀਲ ਸੁਖੀਜਾ ਵੱਲੋਂ ਨਿਭਾਈ ਗਈ। ਇਸ ਮੌਕੇ ਵਿਦਿਆਰਥਣ ਦੀ ਮਾਤਾ ਮਨੀਸ਼ਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਰੇਖਾ ਦੇਵੀ ਆਦਿ ਮੌਜੂਦ ਸਨ।