ਪਿੰਡ ਪਿੰਡ ਗੂੰਜਣ ਲੱਗੀ ਖਿਆਲਾ ਕਲਾਂ ਦੇ ਹਸਪਤਾਲ ਨੂੰ ਵੱਡਾ ਕਰਨ ਦੀ ਮੰਗ
ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ
Publish Date: Thu, 25 Jun 2026 05:15 PM (IST)
Updated Date: Thu, 25 Jun 2026 05:16 PM (IST)

ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਹੋਣ ਲੱਗੇ ਜਨਤਕ ਇਕੱਠ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਸੀਐਚਸੀ ਤੋਂ ਟਰੋਮਾ ਸੈਂਟਰ ਬਣਾਉਂਣ ਦੀ ਮੰਗ ਪਿੰਡਾਂ ਦੀਆਂ ਸੱਥਾਂ, ਧਾਰਮਿਕ ਸਥਾਨਾਂ ਅਤੇ ਜਨਤਕ ਇਕੱਠਾਂ ਵਿੱਚ ਵੀ ਗੂੰਜਣ ਲੱਗ ਪਈ ਹੈ। ਹਸਪਤਾਲ ਨੂੰ ਵੱਡਾ ਕਰਵਾਉਣ ਲਈ ਹੋ ਰਹੇ ਇਕੱਠਾਂ ਵਿੱਚ ਭਰਵੀਂ ਹਾਜ਼ਰੀ ਭਰਦੇ ਲੋਕ ਮੰਗ ਕਰਨ ਲੱਗੇ ਹਨ ਕਿ ਸਮੇਂ ਦੀ ਲੋੜ ਮੁਤਾਬਿਕ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦ ਉੱਨਤ ਕਰਕੇ ਬਲੱਡ ਬੈਂਕ ਵਰਗੀਆਂ ਸੁਵਿਧਾਵਾਂ ਦੇ ਕੇ ਅਤੇ ਚੌਵੀ ਘੰਟੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਕੱਠ ਵਿਚ ਸ਼ਾਮਿਲ ਹੋਈਆਂ ਔਰਤਾਂ ਨੇ ਕਿਹਾ ਕਿ ਸਾਨੂੰ ਖੁਦ ਦੀ ਬਿਮਾਰੀ ਅਤੇ ਕਿਸੇ ਪਰਿਵਾਰਕ ਮੈਂਬਰ ਦੀ ਸਾਂਭ ਸੰਭਾਲ ਲਈ ਦੋ ਵਕਤ ਹਸਪਤਾਲ ਜਾਣਾ ਪੈਂਦਾ ਹੈ। ਹਸਪਤਾਲ ਪਹੁੰਚ ਤੋਂ ਦੂਰ ਹੋਣ ਕਾਰਨ ਵੱਡੀ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਖਿਆਲ ਕਲਾਂ ਦਾ ਹਸਪਤਾਲ ਅੱਪਗ੍ਰੇਡ ਹੁੰਦਾ ਹੈ ਤਾਂ ਮਰੀਜਾਂ ਲਈ ਵੱਡੀ ਰਾਹਤ ਵਾਲੀ ਗੱਲ ਹੋਵੇਗੀ। ਖਿਆਲਾ ਕਲਾਂ ਸੀਐਚਸੀ ਅੱਪਗ੍ਰੇਡ ਸੰਘਰਸ਼ ਕਮੇਟੀ ਨਾਲ ਇੱਕਜੁੱਟ ਹੁੰਦਿਆਂ ਖਿਆਲਾ ਕਲਾਂ ਦੇ ਗੁਰਦੁਆਰਾ ਬੇਰੀ ਸਾਹਿਬ ਵਿਖੇ ਭਰ੍ਹਵੀਂ ਇਕੱਤਰਤਾ ਹੋਈ। ਇਸ ਮੌਕੇ ਵੱਡੀ ਗਿਣਤੀ ਔਰਤਾਂ ਅਤੇ ਮਰਦ ਹਾਜ਼ਰ ਹੋਏ ਬੁਲਾਰਿਆਂ ਨੇ ਮੰਗ ਕੀਤੀ ਹਸਪਤਾਲ ਅਧੀਨ ਪੈਂਦੀ ਅਬਾਦੀ ਮੁਤਾਬਿਕ ਹਸਪਤਾਲ ਨੂੰ ਤੁਰੰਤ ਪਦ ਉੱਨਤ ਕੀਤਾ ਜਾਵੇ। ਇਸ ਉਪਰੰਤ ਖਿਆਲਾ ਕਲਾਂ ਦੇ ਰਵਿਦਾਸ ਮੰਦਰ, ਮਲਕਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਖਿਆਲਾ ਖੁਰਦ ਦੇ ਗੁਰਦੁਆਰਾ ਤੀਰ ਸਰ ਸਾਹਿਬ ਵਿਖੇ ਵੱਡੀ ਗਿਣਤੀ ਪਿੰਡ ਵਾਸੀ ਇਕੱਤਰ ਹੋਏ। ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਹੰਸ ਰਾਜ ਮੋਫਰ ਨੇ ਕਿਹਾ 1974 ਤੋਂ ਇੱਕੋ ਪੱਧਰ ‘ਤੇ ਚੱਲ ਰਹੇ ਇਸ ਹਸਪਤਾਲ ਨੂੰ ਪਦ ਉੱਨਤ ਨਾ ਕਰਨ ਪਿੱਛੇ ਪਤਾ ਨਹੀਂ ਕੀ ਅੜਿੱਕਾ ਹੈ, ਜਦੋਂਕਿ ਬਠਿੰਡਾ ਪਟਿਆਲਾ ਵਾਇਆ ਮਾਨਸਾ ਮੁੱਖ ਸੜਕ ਉੱਪਰ 130 ਕਿੱਲੋਮੀਟਰ ਦੇ ਵਕਫੇ ਵਿੱਚ ਹਾਦਸਿਆਂ ਦਾ ਸ਼ਿਕਾਰ ਬਣਦੇ ਰਾਹਗੀਰਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਇੱਕ ਵੀ ਸਰਕਾਰੀ ਹਸਪਤਾਲ ਨਹੀਂ ਹੈ। ਜਗਸੀਰ ਸਿੰਘ ਮਲਕਪੁਰ ਨੇ ਕਿਹਾ ਕਿ 1974 ਵਿੱਚ ਤੱਤਕਾਲੀ ਮੰਤਰੀ ਬਲਦੇਵ ਸਿੰਘ ਖਿਆਲਾ ਦੇ ਉੱਦਮਾਂ ਸਦਕਾ ਪਿੰਡ ਦੀ 9 ਏਕੜ ਜ਼ਮੀਨ ਵਿੱਚ ਹਸਪਤਾਲ ਦੀ ਉਸਾਰੀ ਕੀਤੀ ਗਈ ਸੀ। ਚੰਗੀ ਕਾਰਗੁਜ਼ਾਰੀ ਨੂੰ ਵੇਖਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਈ ਵਾਰ ਵੱਡੇ ਸਨਮਾਨ ਵੀ ਦਿੱਤੇ। ਪੰਜ ਤੋਂ ਵੱਧ ਵਾਰ ਹਸਪਤਾਲ ਨੂੰ ਪਦ ਉੱਨਤ ਕਰਨ ਲਈ ਕਾਗਜੀ ਕਾਰਵਾਈਆਂ ਵੀ ਅਰੰਭੀਆਂ ਗਈਆਂ ਪਰ ਮਸਲਾ ਉੱਥੇ ਦਾ ਉੱਥੇ ਹੀ ਰਹਿੰਦਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਜਨਤਕ ਜਾਨ ਸੁਰੱਖਿਆ ਅਧੀਨ ਹਸਪਤਾਲ ਨੂੰ ਤੁਰੰਤ ਪਦ ਉੱਨਤ ਕੀਤਾ ਜਾਵੇ। ਡਾਕਟਰ ਬਿੱਕਰ ਸਿੰਘ, ਲਖਵੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਅਤੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਹਰ ਰੋਜ 72 ਪਿੰਡਾਂ ਦੇ ਸੈਂਕੜੇ ਮਰੀਜ਼ ਇਸ ਹਸਪਤਾਲ ਵਿੱਚ ਪੁੱਜਦੇ ਹਨ ਪਰ ਇੱਕ ਦੋ ਰੋਗਾਂ ਦੇ ਇਲਾਜ ਬਿਨ੍ਹਾਂ ਹੋਰ ਕੋਈ ਸਹੂਲਤ ਨਾ ਮਿਲਣ ਕਰਕੇ ਨਿਰਾਸ਼ ਪਰਤ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਿਹਤ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇ। ਮਲਕਪੁਰ ਪਿੰਡ ਦੇ ਸਰਪੰਚ ਅਵਤਾਰ ਸਿੰਘ, ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ, ਬਲਾਕ ਸੰਮਤੀ ਮੈਂਬਰ ਸਵਰਨ ਸਿੰਘ, ਸੁਖਦੀਪ ਸਿੰਘ ਸੁੱਖੀ ਖਿਆਲਾ, ਜੀਵਨ ਕੁਮਾਰ ਗੋਇਲ, ਡਾਕਟਰ ਗੁਰਦੇਵ ਸਿੰਘ, ਅਵਤਾਰ ਸਿੰਘ, ਮੰਦਰ ਸਿੰਘ, ਨਛੱਤਰ ਸਿੰਘ, ਗੁਰਤੇਜ ਸਿੰਘ ਹਾਕਮ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਰਹੇ।