ਡੀਸੀ ਨੂੰ ਮਿਲ ਕੇ ਵਫ਼ਦ ਨੇ ਮੰਗ ਪੱਤਰ ਦਿੱਤਾ ਐਸ.ਆਈ.ਆਰ. ਦੌਰਾਨ ਬੀਐਲਓਜ਼ ਨੂੰ ਦਰਪੇਸ਼
Publish Date: Wed, 01 Jul 2026 07:55 PM (IST)
Updated Date: Thu, 02 Jul 2026 04:08 AM (IST)
ਫ਼ੋਟੋ : 24 ਐਮਏਐਨ ਕੈਪਸ਼ਨ : ਡੀਸੀ ਮਾਨਸਾ ਨੂੰ ਮੰਗ ਪੱਤਰ ਦਿੰਦੇ ਹੋਏ ਬੀਐਲਉ ਸਹਿਬਾਨ। * ਬੀਐਲਓਜ਼ ਦੀਆਂ ਮੰਗਾਂ ਪ੍ਰਤੀ ਡੀਸੀ ਮਾਨਸਾ ਦਾ ਹਮਦਰਦੀ ਪੂਰਨ ਰਵੱਈਆ, ਮੋਬਾਈਲ ਭੱਤਾ ਜਾਰੀ ਕਰਨ ਦੇ ਤੁਰੰਤ ਦਿੱਤੇ ਹੁਕਮ: ਆਲੀਕੇ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਐਸ.ਆਈ.ਆਰ. ਦੌਰਾਨ ਬੀਐਲਓਜ਼ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਮਾਨਸਾ ਦੇ ਬੀਐਲਓਜ਼ ਦੇ ਇੱਕ ਵਫ਼ਦ ਨੇ ਅੱਜ ਬੀਐਲਓਜ਼ ਆਗੂ ਮੇਲਾ ਸਿੰਘ ਆਲੀਕੇ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੁਲਾਕਾਤ ਕਰਕੇ ਵਿਸਥਾਰ ਪੂਰਵਕ ਚਰਚਾ ਕੀਤੀ। ਡਿਪਟੀ ਕਮਿਸ਼ਨਰ ਨੇ ਵਫ਼ਦ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਜ਼ਿਲ੍ਹਾ ਪੱਧਰ ਤੇ ਹੱਲ ਹੋਣ ਵਾਲੇ ਮਸਲਿਆਂ ਦਾ ਤੁਰੰਤ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਵਫ਼ਦ ਨੇ ਸਭ ਤੋਂ ਪਹਿਲਾਂ ਜੂਨ ਮਹੀਨੇ ਦਾ ਮੋਬਾਈਲ ਭੱਤਾ ਨਾ ਮਿਲਣ ਦਾ ਮਾਮਲਾ ਉਠਾਉਂਦਿਆਂ ਇਸ ਤੇ ਰੋਸ ਪ੍ਰਗਟ ਕੀਤਾ। ਇਸ ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਮੋਬਾਈਲ ਭੱਤਾ ਜਾਰੀ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਵਫ਼ਦ ਨੇ ਐਸ.ਆਈ.ਆਰ. ਦੇ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਾਟਾ ਆਨਲਾਈਨ ਕਰਨ ਵਾਸਤੇ ਡਾਟਾ ਆਪਰੇਟਰ ਮੁਹੱਈਆ ਕਰਵਾਉਣ, ਫੀਲਡ ਵਿੱਚ ਸਹਿਯੋਗ ਲਈ ਆਂਗਣਵਾੜੀ ਵਰਕਰਾਂ ਨੂੰ ਹੈਲਪਰ ਵਜੋਂ ਤਾਇਨਾਤ ਕਰਨ, ਬੀਐਲਓਜ਼ ਨੂੰ ਲੈਪਟਾਪ ਮੁਹੱਈਆ ਕਰਵਾਉਣ, ਯੋਗ ਮਿਹਨਤਾਨਾ ਨਿਰਧਾਰਤ ਕਰਨ ਅਤੇ ਇੱਕ ਹਜ਼ਾਰ ਤੋਂ ਵੱਧ ਵੋਟਰਾਂ ਵਾਲੇ ਬੂਥਾਂ ਤੇ ਬੀਐਲਓ ਦੇ ਨਾਲ ਇੱਕ ਸਹਾਇਕ ਤਾਇਨਾਤ ਕਰਨ ਦੀਆਂ ਮੰਗਾਂ ਵੀ ਰੱਖੀਆਂ। ਡਿਪਟੀ ਕਮਿਸ਼ਨਰ ਨੇ ਵੱਡੇ ਬੂਥਾਂ ਤੇ ਸਹਾਇਕ ਮੁਹੱਈਆ ਕਰਵਾਉਣ ਦੀ ਮੰਗ ਨਾਲ ਸਹਿਮਤੀ ਪ੍ਰਗਟ ਕੀਤੀ। ਵਫ਼ਦ ਨੇ ਫੀਲਡ ਡਿਊਟੀ ਦੌਰਾਨ ਬੀਐਲਓਜ਼ ਨਾਲ ਵਾਪਰ ਰਹੀਆਂ ਦੁਰਵਿਹਾਰ ਦੀਆਂ ਘਟਨਾਵਾਂ ਬਾਰੇ ਵੀ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ। ਵਿਸ਼ੇਸ਼ ਤੌਰ ਤੇ ਮਾਨਸਾ ਦੇ ਬੂਥ ਨੰਬਰ 77 ਦੇ ਬੀਐਲਓ ਨਾਲ ਵਾਪਰੀ ਅਣਸੁਖਾਵੀਂ ਘਟਨਾ ਦਾ ਜ਼ਿਕਰ ਕੀਤਾ ਗਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਹੁਕਮ ਜਾਰੀ ਕਰਦਿਆਂ ਦੁਰਵਿਹਾਰ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਹੱਲ ਹੋਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਜਾਵੇਗਾ, ਜਦਕਿ ਲੈਪਟਾਪ ਮੁਹੱਈਆ ਕਰਵਾਉਣ, ਮਿਹਨਤਾਨਾ ਵਧਾਉਣ ਅਤੇ ਹੋਰ ਨੀਤੀਗਤ ਮੰਗਾਂ ਨੂੰ ਪੁਰਜ਼ੋਰ ਸਿਫ਼ਾਰਸ਼ਾਂ ਸਮੇਤ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜਿਆ ਜਾਵੇਗਾ। ਉਨ੍ਹਾਂ ਬੀਐਲਓਜ਼ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਡਿਊਟੀ ਦੌਰਾਨ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਐਸ.ਆਈ.ਆਰ. ਦੇ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਬੀਐਲਓਜ ਆਗੂ ਮੇਲਾ ਸਿੰਘ ਆਲੀਕੇ, ਸੰਦੀਪ ਸਿੰਘ ਚਹਿਲ ਬੁਢਲਾਡਾ ਅਤੇ ਸ. ਮਨਦੀਪ ਸਿੰਘ ਬੁਢਲਾਡਾ ਵੀ ਹਾਜ਼ਰ ਸਨ।