ਸੀਪੀਆਈ (ਐਮ) ਦੀ ਜ਼ਿਲ੍ਹਾ ਕਮੇਟੀ ਮੀਟਿੰਗ ਅਹਿਮ ਵਿਚਾਰਾਂ
ਇੱਥੇ ਹਿੰਦ ਕਮਿਊਨਿਸਟ ਪਾਰਟੀ
Publish Date: Sun, 28 Jun 2026 03:51 PM (IST)
Updated Date: Sun, 28 Jun 2026 03:52 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜ਼ਿਲ੍ਹਾ ਕਮੇਟੀ ਮਾਨਸਾ ਦੀ ਮੀਟਿੰਗ ਸਥਾਨਕ ਕਾਮਰੇਡ ਗੱਜਣ ਸਿੰਘ ਟਾਂਡੀਆਂ ਭਵਨ ਵਿਖੇ ਹੋਈ, ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਜਗਸੀਰ ਸਿੰਘ ਜੱਗਾ ਬਰੇਟਾ ਨੇ ਕੀਤੀ। ਮੀਟਿੰਗ ਵਿੱਚ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਮਿਊਨਿਸਟ ਆਗੂ ਕਾਮਰੇਡ ਭੂਪ ਚੰਦ ਚੰਨੋਂ ਨੇ ਮੀਟਿੰਗ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਡੇਢ ਦਹਾਕੇ ਦੇ ਰਾਜ ਭਾਗ ਵਿੱਚ ਦੇਸ਼ ਅਤੇ ਦੇਸ਼ ਦੇ ਕਿਰਤੀ ਕਿਸਾਨਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਕੁੱਝ ਨਹੀਂ ਕੀਤਾ ਸਗੋਂ ਲੋਟੂ ਕਾਰਪੋਰੇਟਾਂ ਅਤੇ ਅਮੀਰਾਂ ਘਰਾਣਿਆਂ ਨੂੰ ਮੋਟੇ ਲਾਭ ਦਿੱਤੇ ਹਨ। ਇਨ੍ਹਾਂ ਕਾਰਪੋਰੇਟ ਘਰਾਣਿਆਂ ਤੋਂ ਚੋਣ ਬਾਂਡਾ ਰਾਹੀਂ ਕਰੋੜਾਂ, ਅਰਬਾਂ ਰੁਪਏ ਹਾਸਲ ਕੀਤੇ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਦੇਸ਼ ਵਿੱਚ ਜ਼ਮਹੂਰੀਅਤ, ਧਰਮ ਨਿਰਪੱਖਤਾ, ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਭਾਜਪਾ-ਆਰਐਸਐਸ ਦੀ ਫਿਰਕੂ ਫਾਸ਼ੀਵਾਦੀ, ਕਾਰਪੋਰੇਟ ਅਤੇ ਅਮਰੀਕਾ ਸਾਮਰਾਜੀ ਜੁੰਡਲੀ ਵਿਰੁੱਧ ਸੰਘਰਸ਼ ਨੂੰ ਜ਼ਮੀਨੀ ਪੱਧਰ ਤੇ ਸੰਘਰਸ਼ ਹੋਰ ਤੇਜ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੀਆਂ ਅਕਾਲੀ-ਕਾਂਗਰਸੀ ਸਰਕਾਰਾਂ ਨੂੰ ਵੀ ਮਾਤ ਪਾ ਦਿੱਤੀ ਹੈ। ਸੂਬੇ ਵਿੱਚ ਭ੍ਰਿਸ਼ਟਾਚਾਰ, ਨਸ਼ਿਆਂ, ਗੁੰਡਾਗਰਦੀ ਸਮੇਤ ਹਰ ਖੇਤਰ ਵਿੱਚ ਬੁਰਾ ਹਾਲ ਹੈ ਅਫ਼ਸਰਸ਼ਾਹੀ ਬੇਲਗਾਮ ਹੋ ਚੁੱਕੀ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਮੌਜੂਦਾ ਹਾਲਤਾਂ ਵਿੱਚ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਭ੍ਰਿਸ਼ਟਾਚਾਰ ਵਿੱਚ ਗਲਤਾਨ ਹਨ ਪਰ ਸੀ.ਪੀ.ਆਈ.(ਐਮ) ਅਤੇ ਕਮਿਊਨਿਸਟਾਂ ਦਾ ਕਿਰਦਾਰ ਸਾਫ਼ ਸੁਥਰਾ ਅਤੇ ਲੋਕਾਂ ਦੇ ਪੱਖੀ ਹੈ। ਇਹੀ ਵਜ੍ਹਾ ਹੈ ਕਿ ਪੰਜਾਬ ਸਮੇਤ ਦੇਸ਼ ਵਿਭਿੰਨ ਹਿੱਸਿਆਂ ਕਮਿਊਨਿਸਟ ਪਾਰਟੀਆਂ ਅਤੇ ਇਨ੍ਹਾਂ ਨਾਲ ਸਬੰਧਤ ਜਨਤਕ ਸੰਗਠਨ ਆਮ ਲੋਕਾਂ ਦੀ ਲੜਾਈ ਪੂਰੀ ਤਨਦੇਹੀ ਅਤੇ ਦ੍ਰਿੜਤਾ ਨਾਲ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ 7 ਜੁਲਾਈ ਨੂੰ ਭੀਖੀ,8 ਜੁਲਾਈ ਨੂੰ ਝੁਨੀਰ, 9 ਜੁਲਾਈ ਨੂੰ ਬਰੇਟਾ ਅਤੇ 10 ਜੁਲਾਈ ਨੂੰ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਪੰਜਾਬ ਨੂੰ ਭੇਜਕੇ ਮੰਗ ਕੀਤੀ ਜਾਵੇਗੀ ਕਿ ਮਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ, ਤਜਵੀਜ਼ਤ ਬਿਜਲੀ ਬਿੱਲ ਵਾਪਸ ਲਿਆ ਜਾਵੇ, ਤਜਵੀਜ਼ਤ ਬੀਜ਼ ਦਾ ਸੋਧ ਬਿੱਲ ਵਾਪਸ ਲਿਆ ਜਾਵੇ, ਮੁਕਤ ਵਪਾਰ ਸੰਧੀ ਨੂੰ ਰੱਦ ਕੀਤਾ ਜਾਵੇ, ਬੇਜ਼ਮੀਨਿਆਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਪਾਉਣ ਲਈ 5 ਲੱਖ ਰੁਪਏ ਦਿੱਤੇ ਜਾਣ ਆਦਿ। ਕਮਿਊਨਿਸਟ ਆਗੂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਨੇੜਲੇ ਸਾਥੀ ਪੰਡਿਤ ਕਿਸ਼ੋਰੀ ਲਾਲ ਦੀ ਬਰਸੀ ਮੌਕੇ ਨੌਜਵਾਨਾਂ-ਵਿਦਿਆਰਥੀਆਂ ਦੀ 11 ਜੁਲਾਈ ਨੂੰ ਜਲੰਧਰ ਵਿਖੇ ਹੋ ਰਹੀ ਸੂਬਾਈ ਕਨਵੈਨਸ਼ਨ ਵਿੱਚ ਜ਼ਿਲ੍ਹੇ ਵਿੱਚੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪ੍ਰਸਿੱਧੀ ਵਾਲੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 1 ਅਗਸਤ ਨੂੰ ਚੰਡੀਗੜ੍ਹ ਬਰਸੀ ਦੇ ਸਮਾਗਮ ਵਿੱਚ ਜ਼ਿਲ੍ਹੇ ਵਿੱਚੋਂ ਸਾਥੀ ਸ਼ਾਮਲ ਹੋਣਗੇ। ਮੀਟਿੰਗ ਦੇ ਆਰੰਭ ਵਿੱਚ ਵਿਛੜੇ ਸਾਥੀਆਂ ਕਾਮਰੇਡ ਗੁਰਚਰਨ ਸਿੰਘ ਚੌਹਾਨ ਆਦਿ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇੱਕ ਹੋਰ ਫੈਸਲੇ ਰਾਹੀਂ ਪਾਰਟੀ ਦੇ ਮਾਨਸਾ ਸ਼ਹਿਰੀ ਕਮੇਟੀ ਦੇ ਸਕੱਤਰ ਕਾਮਰੇਡ ਸੀਤਾ ਰਾਮ ਗੋਇਲ ਨੂੰ ਸੀ.ਪੀ.ਐਮ. ਦੀ ਜ਼ਿਲ੍ਹਾ ਕਮੇਟੀ ਵਿੱਚ ਪਰਮਾਨੈਂਟ ਇਨਵਾਇਟੀ ਮੈਂਬਰ ਵਜੋਂ ਲਿਆ ਗਿਆ। ਮੀਟਿੰਗ ਵਿੱਚ ਕਾ. ਨਛੱਤਰ ਸਿੰਘ ਢੈਪਈ, ਕਾ. ਜਸਵੰਤ ਸਿੰਘ ਬੀਰੋਕੇ, ਕਾ. ਸੁਰੇਸ਼ ਕੁਮਾਰ ਮਾਨਸਾ, ਕਾ. ਹਰਜਿੰਦਰ ਸਿੰਘ ਬਰੇਟਾ, ਕਾ. ਜਗਸੀਰ ਸਿੰਘ, ਕਾ. ਗੁਰਪ੍ਰੀਤ ਸਿੰਘ ਬਰਨ, ਕਾ. ਜਗਦੇਵ ਸਿੰਘ ਢੈਪਈ, ਕਾ. ਪਰਵਿੰਦਰ ਸਿੰਘ ਭੀਖੀ, ਕਾ. ਬੀਰਬਲ ਸਿੰਘ ਚੌਹਾਨ ਆਦਿ ਸ਼ਾਮਲ ਹੋਏ।