ਮਹਾਰਾਜਾ ਅਗਰਸੈਨ ਮਾਰਗ ਦਾ ਨਿਰਮਾਣ ਅੱਧ ਵਿਚਕਾਰ ਲਟਕਿਆ, ਰਾਹਗੀਰਾਂ ਦੀਆਂ ਵਧ ਰਹੀਆਂ ਮੁਸ਼ਕਿਲਾਂ
ਸਿਰਸਾ ਰੋਡ ਤੋਂ ਮਾਨਸਾ ਸ਼ਹਿਰ ਵਿੱਚ ਦਾਖ਼ਲ
Publish Date: Fri, 12 Jun 2026 04:11 PM (IST)
Updated Date: Fri, 12 Jun 2026 04:11 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਿਰਸਾ ਰੋਡ ਤੋਂ ਮਾਨਸਾ ਸ਼ਹਿਰ ਵਿਚ ਦਾਖ਼ਲ ਹੋਣ ਵਾਲੇ ਮੁੱਖ ਐਂਟਰੀ ਪੁਆਇੰਟ ਆਪਣੀ ਮਾੜੀ ਹਾਲਤ ‘ਤੇ ਹੰਝੂ ਵਹਾ ਰਹੀ ਹੈ। ਇਹ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਗਰੀਨ ਵੈਲੀ ਰੋਡ, ਜਿਸ ਦਾ ਨਾਮ ਮਹਾਰਾਜ ਅਗਰਸੈਨ ਮਾਰਗ ਰੱਖਿਆ ਗਿਆ ਹੈ। ਪਿਛਲੇ ਤਕਰੀਬਨ ਚਾਰ ਮਹੀਨਿਆਂ ਤੋਂ ਨਿਰਮਾਣ ਅਧੀਨ ਹੈ ਪਰ ਸੜਕ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਨਿਰਮਾਣ ਕਾਰਜ ਅੱਧ ਵਿਚਕਾਰ ਰੁੱਕਿਆ ਹੋਇਆ ਹੈ ਅਤੇ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਸੜਕ ਨੂੰ ਨਵੀਂ ਬਣਾਉਣ ਲਈ ਪਹਿਲਾਂ ਪੱਥਰ ਤੇ ਮਿੱਟੀ ਪਾਈ ਗਈ ਸੀ ਅਤੇ ਇਹ ਸੜਕ ਸ਼ਹਿਰ ਲਈ ਇੱਕ ਨਮੂਨਾ ਬਣਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਨਿਰਮਾਣ ਕਾਰਜ ਲੰਬੇ ਸਮੇਂ ਤੋਂ ਰੁਕਿਆ ਹੋਣ ਕਾਰਨ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਜਗ੍ਹਾ ਜਗ੍ਹਾ ਪੱਥਰ ਅਤੇ ਮਿੱਟੀ ਉਖੜ ਰਹੇ ਹਨ। ਆਉਣ ਜਾਣ ਵਾਲੇ ਰਾਹਗੀਰਾਂ ‘ਤੇ ਧੂੜ ਮਿੱਟੀ ਪੈ ਰਹੀ ਹੈ। ਸ਼ਹਿਰ ਲਈ ਇਹ ਸੜਕ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਆਲੇ ਦੁਆਲੇ ਦੇ ਸਾਰੇ ਪਿੰਡ ਇਸੇ ਰੋਡ ਰਾਹੀਂ ਸ਼ਹਿਰ ਵਿੱਚ ਦਾਖ਼ਲ ਹੁੰਦੇ ਹਨ। ਸਾਰੇ ਸਬਜ਼ੀ ਵਾਲੇ, ਰੇਹੜੀਆਂ ਵਾਲੇ, ਆੜ੍ਹਤੀਏ ਅਤੇ ਕਿਸਾਨ ਜੋ ਆਉਂਦੇ ਹਨ ਅਤੇ ਇਹ ਇੱਕੋ ਇੱਕ ਇਹ ਰਸਤਾ ਮੰਡੀ ਵਿੱਚ ਅਤੇ ਮੰਡੀ ਤੋਂ ਬਾਹਰ ਨਿਕਲਦਾ ਹੈ। ਇਸ ਮਾਰਗ ਤੇ ਦੋ ਕਲੋਨੀਆਂ ਵੀ ਬਣੀਆਂ ਹੋਈਆਂ ਹਨ। ਉਨ੍ਹਾਂ ਦਾ ਇੱਥੇ ਚੱਲਣਾ ਫ਼ਿਰਨਾ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਸੜਕ ਦੀ ਮਾੜੀ ਹਾਲਤ ਕਾਰਨ ਟਰੱਕਾਂ ਤੇ ਮੋਟਰਸਾਈਕਲ, ਟਰੈਕਟਰਾਂ ਦੇ ਟਾਇਰ, ਟਰਾਲੀਆਂ ਦੇ ਟਾਇਰ ਵੀ ਫ਼ਟ ਚੁੱਕੇ ਹਨ। ਜਦ ਇਹ ਸੜਕ ਦੇ ਨਾਲ ਜੁੜੇ ਰਾਹਗੀਰਾਂ, ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਰਮਾਣ ਕਾਰਜ ਸ਼ੁਰੂ ਹੋਣ ਸਮੇਂ ਆਸ ਸੀ ਕਿ ਸ਼ਹਿਰ ਨੂੰ ਇੱਕ ਆਧੁਨਿਕ ਅਤੇ ਸੁਵਿਧਾਜਨਕ ਸੜਕ ਮਿਲੇਗੀ। ਪਰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਕੰਮ ਮੁਕੰਮਲ ਨਾ ਹੋਣ ਕਾਰਨ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਮਹਾਰਾਜਾ ਅਗਰਸੈਨ ਮਾਰਗ ਦਾ ਪੀਸੀ ਵਰਕ ਪ੍ਰੀਮਿਕਸ ਪਾ ਕੇ ਜਲਦੀ ਤੋਂ ਜਲਦੀ ਇਸ ਸੜਕ ਨੂੰ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਨੇੜੇ ਹਨ ਅਤੇ ਜੇਕਰ ਇਸ ਤੋਂ ਪਹਿਲਾਂ ਸੜਕ ਦਾ ਕੰਮ ਪੂਰ੍ਹਾ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਸ ਮਸਲੇ ਨੂੰ ਲੈ ਕੇ ਜਦ ਠੇਕੇਦਾਰ ਦਿਨੇਸ਼ ਕੁਮਾਰ ਨਾਲ ਗੱਲ ਹੋਈ। ਉਨ੍ਹਾਂ ਨੇ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਕੰਮ ਰੱਖਿਆ ਹੋਇਆ ਹੈ ਅਤੇ ਫ਼ੰਡ ਜਲਦੀ ਆਉਣ ਦੀ ਉਮੀਦ ਹੈ। ਇਸ ਦੇ ਬਾਅਦ ਕੰਮ ਸ਼ੁਰੂ ਹੋ ਜਾਵੇਗਾ।