ਪਿੰਡ ਮੀਆਂ ਜੈ ਸਿੰਘ ਵਾਲਾ ਵਿਖੇ ਹੋਈ ਆਪ ਦੀ ‘ਲੋਕ ਮਿਲਣੀ’ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ
Publish Date: Thu, 02 Jul 2026 06:11 PM (IST)
Updated Date: Fri, 03 Jul 2026 04:11 AM (IST)
ਹਲਕਾ ਇੰਚਾਰਜ ਬਠਿੰਡਾ ਦਿਹਾਤੀ ਜਸਵਿੰਦਰ ਸਿੰਘ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਧਰਮਪਾਲ ਸ਼ਰਮਾ, ਪੰਜਾਬੀ ਜਾਗਰਣ ਸੰਗਤ ਮੰਡੀ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਪੱਖੀ ਨੀਤੀਆਂ ਤਹਿਤ ਪਿੰਡ ਮੀਆਂ ਜੈ ਸਿੰਘ ਵਾਲਾ ਵਿਖੇ ਇੱਕ ਵਿਸ਼ੇਸ਼ ਲੋਕ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਮਿਲਣੀ ਦੌਰਾਨ ਹਲਕਾ ਇੰਚਾਰਜ ਦਿਹਾਤੀ ਜਸਵਿੰਦਰ ਸਿੰਘ ਛਿੰਦਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਸੁਣਿਆ। ਜਸਵਿੰਦਰ ਸਿੰਘ ਛਿੰਦਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਮੌਕੇ ਤੇ ਹੀ ਮੌਜੂਦ ਕਈ ਪ੍ਰਸ਼ਾਸਨਿਕ ਅਤੇ ਸਥਾਨਕ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਛਿੰਦਾ ਨੇ ਕਿਹਾ ਕਿ ਜੋ ਵੀ ਵਿਕਾਸ ਕਾਰਜ ਅਜੇ ਅਧੂਰੇ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ। ਸਰਕਾਰ ਦਾ ਮੁੱਖ ਮਕਸਦ ਹਰ ਸਹੂਲਤ ਨੂੰ ਆਮ ਲੋਕਾਂ ਦੇ ਘਰ-ਘਰ ਤੱਕ ਪਹੁੰਚਾਉਣਾ ਹੈ। ਇਸ ਮੌਕੇ ਪਿੰਡ ਦੀਆਂ ਮਾਵਾਂ-ਧੀਆਂ ਨੇ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਆ ਗਈ ਹੈ। ਔਰਤਾਂ ਨੇ ਹਲਕਾ ਇੰਚਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਜਨਤਾ ਦੀ ਸੇਵਾ ਲਈ ਤਿਆਰ ਰਹਿੰਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾ ਰਹੇ ਹਨ। ਸਮਾਗਮ ਦੌਰਾਨ ਇੱਕ ਦਿਲਚਸਪ ਮਾਹੌਲ ਉਸ ਸਮੇਂ ਬਣਿਆ ਜਦੋਂ ਪਿੰਡ ਦੇ ਕੁਝ ਛੜਿਆਂ (ਕੁਆਰੇ ਮਰਦਾਂ) ਨੇ ਹਲਕਾ ਇੰਚਾਰਜ ਨੂੰ ਮਜ਼ਾਕੀਆ ਲਹਿਜੇ ਵਿੱਚ ਆਖਿਆ, ਸਾਡੇ ਖਾਤਿਆਂ ਵਿੱਚ ਵੀ ਹਜ਼ਾਰ-ਹਜ਼ਾਰ ਰੁਪਏ ਪਾਏ ਜਾਣ। ਇਸ ਤੇ ਜਸਵਿੰਦਰ ਸਿੰਘ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਇਹ ਮੰਗ ਅਤੇ ਗੱਲਬਾਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਅੱਗੇ ਜ਼ਰੂਰ ਰੱਖਣਗੇ। ਇਸ ਲੋਕ ਮਿਲਣੀ ਵਿੱਚ ਪਿੰਡ ਦੀ ਪੰਚਾਇਤ, ਮੋਹਤਵਾਰ ਸੱਜਣ ਅਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ। ਵਿਸ਼ੇਸ਼ ਤੌਰ ’ਤੇ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਲਖਬੀਰ ਸਿੰਘ ਮਾਨ, ਪਿੰਡ ਮੀਆਂ ਦੀ ਸਰਪੰਚ ਕਰਮਜੀਤ ਕੌਰ ਤੇ ਵੱਡੀ ਗਿਣਤੀ ’ਚ ਪੰਚਾਇਤ ਮੈਂਬਰਾਂ ਸਮੇਤ ਪਿੰਡ ਵਾਸੀਆਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਹਿੱਸਾ ਲਿਆ। ਇਹ ਮਿਲਣੀ ਪਿੰਡ ਦੇ ਸਾਂਝੇ ਵਿਕਾਸ ਅਤੇ ਆਪਸੀ ਤਾਲਮੇਲ ਲਈ ਬੇਹੱਦ ਸਫ਼ਲ ਰਹੀ।