ਬੀਕੇਯੂ ਏਕਤਾ ਡਕੌਂਦਾ ਵੱਲੋਂ ਕੀਤਾ 66ਕੇਵੀ ਗਰਿੱਡ ਜੋਗਾ ਰੱਲਾ ਦਾ ਘਿਰਾਓ ਮਾਨਸਾ ਬਰਨਾਲਾ ਰੋਡ ਉੱਤੇ ਸਥਿਤ
Publish Date: Mon, 29 Jun 2026 04:51 PM (IST)
Updated Date: Mon, 29 Jun 2026 04:52 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਨਸਾ ਬਰਨਾਲਾ ਰੋਡ ‘ਤੇ ਸਥਿਤ ਜੋਗਾ ਰੱਲਾ 66ਕੇਵੀ ਗਰਿੱਡ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਘਿਰਾਓ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਜੋਰਾਂ ਤੇ ਹੈ ਪਰ ਖੇਤੀ ਮੋਟਰਾਂ ਦੀ ਅੱਠ ਘੰਟੇ ਦੀ ਨਿਰਵਿਘਨ ਸਪਲਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਕਿਸਾਨ ਝੋਨਾ ਲਗਾਉਣ ਤੋਂ ਬੇਵਸ ਹਨ ਅਤੇ ਮਜ਼ਦੂਰ ਕੰਮ ਨਾ ਮਿਲਣ ਕਾਰਨ ਦਿਹਾੜੀ ਤੋਂ ਵਾਂਝੇ ਹੋ ਚੁੱਕੇ ਹਨ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਭਾਵੇਂ ਭਗਵੰਤ ਮਾਨ ਸਰਕਾਰ ਵੱਲੋਂ ਅੱਠ ਘੰਟੇ ਬਿਜਲੀ ਦੇਣ ਦੀ ਗੱਲ ਕਹੀ ਗਈ ਸੀ ਪਰ ਹੁਣ ਸਰਕਾਰ ਦੇ ਵਾਅਦੇ ਦੀ ਫੂਕ ਨਿਕਲ ਚੁੱਕੀ ਹੈ। ਮਜ਼ਬੂਰਨ ਕਿਸਾਨਾਂ ਨੂੰ ਆਪਣੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਪਾਣੀ ਦੀ ਕਿੱਲਤ ਕਾਰਨ ਵਾਹੁਣਾ ਪੈ ਰਿਹਾ ਹੈ। ਇਸ ਮੌਕੇ ਬੋਲਦਿਆਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਸਰਕਾਰ ਬਿਜਲੀ ਦੀ ਪੈਦਾਵਾਰ ਕਰਨ ਵਿੱਚ ਪਿਛੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਹੜੇ ਦੀ ਗਰਮੀ ਕਾਰਨ ਬਿਜਲੀ ਦੀ ਖਪਤ 17000 ਮੈਗਾਵਾਟ ਨੂੰ ਪਾਰ ਕਰ ਚੁੱਕੀ ਹੈ ਪਰ ਸਰਕਾਰ ਕੋਲ ਕੇਂਦਰ ਅਤੇ ਸੂਬੇ ਦੀ ਪੈਦਾਵਾਰ ਨੂੰ ਮਿਲਾ ਕੇ ਹਾਲੇ ਤੱਕ 17000 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵੀ ਨਹੀਂ ਹੈ, ਜਿਸ ਦਾ ਖਾਮਿਆਜ਼ਾ ਲਗਾਤਾਰ ਖੇਤੀ ਮੋਟਰਾਂ ਵਾਲੀ ਸਪਲਾਈ ਵਿਚ ਲੱਗ ਰਹੇ ਕੱਟਾਂ ਕਾਰਨ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ । ਕਿਸਾਨਾਂ ਦੀ ਬੇਵਸੀ ਨੂੰ ਦੇਖਦੇ ਹੋਏ ਜਥੇਬੰਦੀ ਵੱਲੋਂ 66 ਕੇਵੀ ਗਰਿੱਡ ਦਾ ਘਿਰਾਓ ਕੀਤਾ ਗਿਆ ਅਤੇ ਅਧਿਕਾਰੀਆਂ ਵੱਲੋਂ ਮਜਬੂਰ ਕਿਸਾਨਾਂ ਦੀ ਗੱਲਬਾਤ ਵੱਲ ਨਾ ਗੌਰ ਕਰਨ ’ਤੇ ਜੱਥੇਬੰਦੀ ਵੱਲੋਂ ਰੋਡ ਜਾਮ ਦਾ ਐਲਾਨ ਕੀਤਾ ਗਿਆ। ਇਸ ’ਤੇ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੇ ਤੁਰੰਤ ਮੀਟਿੰਗ ਰਾਹੀਂ ਵਿਚਾਰਦਿਆਂ ਸਟੇਜ ਤੋਂ ਕਿਸਾਨਾਂ ਨੂੰ ਬਿਜਲੀ ਦੀ ਪੂਰਤੀ ਕਰਨ ਦਾ ਵਾਅਦਾ ਦਿੱਤਾ ਗਿਆ। ਇਸ ’ਤੇ ਜਥੇਬੰਦੀ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ। ਧਰਨੇ ਵਿੱਚ ਬਲਾਕ ਆਗੂ ਕਾਲਾ ਸਿੰਘ ਅਕਲੀਆ, ਰਾਵਲ ਸਿੰਘ ਕੋਟੜਾ, ਬਲਜੀਤ ਸਿੰਘ ਭੈਣੀ ਬਾਘਾ, ਜਸਪਾਲ ਸਿੰਘ ਉੱਭਾ, ਗੁਰਮੀਤ ਸਿੰਘ, ਜਗਜੀਤ ਸਿੰਘ ਜੋਗਾ ਆਦਿ ਨੇ ਵੀ ਸੰਬੋਧਨ ਕੀਤਾ।