- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਮਾਨਸਾ ਵੱਲੋਂ

-ਅਸ਼ੋਕ ਬਾਂਸਲ ਦੀ ਪੁਸਤਕ 'ਲੱਭ ਜਾਣਗੇ ਲਾਲ ਗਵਾਚੇ' ’ਤੇ ਹੋਵੇਗੀ ਗੋਸ਼ਠੀ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਮਾਨਸਾ ਵੱਲੋਂ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਸਹਿਯੋਗ ਨਾਲ ਮਾਨਸਾ ਦੇ ਲੋਕਗੀਤਾਂ ਦੇ ਖੋਜੀ ਅਸ਼ੋਕ ਬਾਂਸਲ ਦੀ ਪੁਸਤਕ 'ਲੱਭ ਜਾਣਗੇ ਲਾਲ ਗਵਾਚੇ' ‘ਤੇ ਬੱਚਤ ਭਵਨ ਮਾਨਸਾ ਵਿਖੇ ਇੱਕ ਵਿਚਾਰ-ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਗੋਸ਼ਠੀ ਵਿਚ ਸੰਵਾਦ ਦਾ ਆਗਾਜ਼ ਕਰਦਿਆਂ ਉੱਘੇ ਨਾਟਕਕਾਰ ਅਤੇ ਚਿੰਤਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਦਾ 90 ਸਾਲਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਸੰਸਥਾ ਨੇ ਹਰ ਦੌਰ ਵਿੱਚ ਅਦਬ, ਕਲਾ ਅਤੇ ਸਮਾਜ ਦੇ ਅਹਿਮ ਮਸਲਿਆਂ ‘ਤੇ ਸੰਵਾਦ ਰਚਾਇਆ ਹੈ ਅਤੇ ਸਮਾਗਮ ਵੀ ਉਸੇ ਪਰੰਪਰਾ ਦਾ ਹਿੱਸਾ ਹੈ ਕਿਉਂਕਿ ਅਸ਼ੋਕ ਬਾਂਸਲ ਦੀ ਇਹ ਪੁਸਤਕ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਇੱਕ ਪੁਲ ਦਾ ਕੰਮ ਕਰਦੀ ਹੈ ਤੇ ਸਾਡੀ ਗੀਤਕਾਰੀ ਦੀ ਪਰੰਪਰਾ ਵਿੱਚੋਂ ਗੁੰਮ ਹੋ ਚੁੱਕੇ ਅਣਮੁੱਲੇ ਗੀਤਕਾਰਾਂ ਨੂੰ ਹਾਸ਼ੀਏ ਤੋਂ ਕੱਢ ਕੇ ਮੁੜ ਕੇਂਦਰ ਵਿੱਚ ਲਿਆਉਂਦੀ ਹੈ। ਗੁਰੂ ਨਾਨਕ ਕਾਲਜ, ਬੁਢਲਾਡਾ ਦੇ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਨੇ ਪੁਸਤਕ ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਪੁਸਤਕ ਦੀ ਪਹਿਲੀ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਲਹਿੰਦੇ ਪੰਜਾਬ ਦੇ ਗੀਤਕਾਰਾਂ ਬਾਰੇ ਅਜਿਹੀਆਂ ਭਰੋਸੇਯੋਗ ਸੂਚਨਾਵਾਂ ਮੁਹੱਈਆ ਕਰਦੀ ਹੈ, ਜੋ ਅਜੇ ਤੱਕ ਸਾਡੇ ਕੋਲ ਉਪਲੱਬਧ ਨਹੀਂ ਸਨ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਪੁਸਤਕ ਦਾ ਲੇਖਕ ਪੂਰੀ ਪੁਸਤਕ ਦੌਰਾਨ ਕਿਤੇ ਵੀ ਧਿਰ ਨਹੀਂ ਬਣਦਾ, ਸਗੋਂ ਤੱਥਾਂ ਦੇ ਆਧਾਰ 'ਤੇ ਆਪਣੀ ਗੱਲ ਰੱਖਦਾ ਹੈ। ਪੁਸਤਕ ਉੱਤੇ ਚਰਚਾ ਕਰਨ ਵਾਲੇ ਦੂਜੇ ਬੁਲਾਰੇ ਗੀਤਕਾਰ ਮਨਪ੍ਰੀਤ ਸਿੰਘ ਟਿਵਾਣਾ ਨੇ ਸਮਾਜ ਵਿਚ ਗੀਤਕਾਰ ਦੀ ਅਣਗੌਲੀ ਸਥਿਤੀ ਅਤੇ ਉਸਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਪੰਜਾਬੀ ਗੀਤਕਾਰੀ ਦਾ ਇੱਕ ਵੱਡਾ ਹਿੱਸਾ ਅਜੇ ਵੀ ਸਾਹਿਤ ਦੇ ਇਤਿਹਾਸ ਦਾ ਹਿੱਸਾ ਨਹੀਂ ਬਣ ਸਕਿਆ।
ਇਸ ਨੂੰ ਸਾਹਿਤਕ ਹਲਕਿਆਂ ਵਿੱਚ ਉਸ ਮਾਣ-ਸਨਮਾਨ ਨਾਲ ਪਰਵਾਨ ਨਹੀਂ ਕੀਤਾ, ਜਿਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਅਤੇ ਸੰਤ ਰਾਮ ਉਦਾਸੀ ਦੀ ਗੀਤਕਾਰੀ ਨੂੰ ਪ੍ਰਵਾਨਗੀ ਮਿਲੀ ਹੈ। ਵਿਸ਼ੇਸ਼ ਮਹਿਮਾਨ ਭਿੰਦਰ ਡੱਬਵਾਲੀ ਨੇ ਕਿਹਾ ਕਿ ਅਸ਼ੋਕ ਬਾਂਸਲ ਨੇ ਉਹ ਕੰਮ ਕਰ ਦਿਖਾਇਆ ਹੈ, ਜੋ ਅਜੇ ਤੱਕ ਵੱਡੀਆਂ ਅਕਾਦਮੀਆਂ, ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗ ਵੀ ਨਹੀਂ ਕਰ ਸਕੇ। ਦੂਜੇ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਸਮਾਜ ਵਿੱਚ ਵਧ ਰਹੀ ਹਿੰਸਾ ਦਾ ਇੱਕ ਕਾਰਨ ਇਹ ਵੀ ਹੈ ਕਿ ਗੀਤਾਂ ਵਰਗੀ ਸੰਵੇਦਨਸ਼ੀਲ ਕਲਾ ਨੂੰ ਨਾ ਤਾਂ ਉਸ ਰੂਪ ਵਿੱਚ ਪੇਸ਼ ਕੀਤਾ ਹੈ, ਜਿਸ ਰੂਪ ਵਿੱਚ ਇਹ ਮਨੁੱਖ ਨੂੰ ਸਕੂਨ ਅਤੇ ਸੰਵੇਦਨਾ ਪ੍ਰਦਾਨ ਕਰਦੀ ਹੈ ਤੇ ਨਾ ਹੀ ਇਸ ਵਿਰਾਸਤ ਨੂੰ ਠੀਕ ਢੰਗ ਨਾਲ ਸੰਭਾਲਿਆ ਗਿਆ ਹੈ।
ਸਮਾਗਮ ਦੇ ਮੁੱਖ ਬੁਲਾਰੇ ਪ੍ਰੋਫ਼ੈਸਰ ਸੁਖਦੇਵ ਸਿੰਘ ਸਿਰਸਾ ਨੇ ਵੱਖ-ਵੱਖ ਕਲਾ-ਖੋਜੀਆਂ ਦੇ ਹਵਾਲਿਆਂ ਨਾਲ ਕਿਹਾ ਕਿ ਖੋਜ ਇੱਕ ਸਾਧਨਾ ਹੈ, ਜਿਸ ਵਿੱਚ ਖੋਜੀ ਦੇ ਅੰਦਰ ਲਗਾਤਾਰ ਬੇਚੈਨੀ ਬਣੀ ਰਹਿੰਦੀ ਹੈ ਅਤੇ ਉਹ ਵਾਰ-ਵਾਰ ਤੱਥਾਂ ਦੀ ਤਸਦੀਕ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਬਾਂਸਲ ਨੇ ਆਪਣੀ ਇਸ ਪੁਸਤਕ ਰਾਹੀਂ ਲਹਿੰਦੇ ਪੰਜਾਬ ਦੇ ਦਸ ਮਹੱਤਵਪੂਰਨ ਗੀਤਕਾਰਾਂ ਬਾਰੇ ਅਜਿਹੇ ਤੱਥ ਇਕੱਠੇ ਕੀਤੇ ਹਨ, ਜੋ ਨਾ ਲਹਿੰਦੇ ਪੰਜਾਬ ਵਿੱਚ ਉਪਲਬਧ ਸਨ ਅਤੇ ਨਾ ਹੀ ਚੜ੍ਹਦੇ ਪੰਜਾਬ ਵਿੱਚ। ਇਹੀ ਇਸ ਪੁਸਤਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪੁਸਤਕ ਦੇ ਲੇਖਕ ਅਸ਼ੋਕ ਬਾਂਸਲ ਨੇ ਆਪਣੀ ਸੰਖੇਪ ਪਰ ਭਾਵਪੂਰਤ ਤਕਰੀਰ ਵਿੱਚ ਕਿਹਾ ਕਿ ਉਹ ਬਚਪਨ ਵਿੱਚ ਆਰਥਿਕ ਤੰਗੀਆਂ ਨਾਲ ਜੂਝਦੇ ਰਹੇ, ਪਰ ਉਨ੍ਹਾਂ ਦੀ ਮਾਂ ਵੱਲੋਂ ਸੁਣਾਈਆਂ ਲੋਰੀਆਂ ਨੇ ਉਨ੍ਹਾਂ ਨੂੰ ਲੋਕ-ਗੀਤਾਂ ਨਾਲ ਅਜਿਹਾ ਜੋੜਿਆ ਕਿ ਉਹ ਸਾਰੀ ਉਮਰ ਲੋਕ-ਗੀਤਾਂ ਦੇ ਹੋ ਕੇ ਰਹਿ ਗਿਆ। ਸਮਾਗਮ ਦਾ ਸੰਚਾਲਨ ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਮਾਨਸਾ ਦੇ ਜਨਰਲ ਸਕੱਤਰ ਕੁਲਦੀਪ ਚੌਹਾਨ ਨੇ ਕੀਤਾ, ਜਦਕਿ ਧੰਨਵਾਦ ਇਕਾਈ ਦੇ ਪ੍ਰਧਾਨ ਗੁਰਨੈਬ ਮਘਾਣੀਆਂ ਨੇ ਕੀਤਾ। ਇਸ ਸਮਾਗਮ ’ਚ ਸ਼ਹੀਦ ਭਗਤ ਸਿੰਘ ਕਲਾ ਮੰਚ, ਪੰਜਾਬ ਅਤੇ ਭਾਸ਼ਾ ਵਿਭਾਗ, ਮਾਨਸਾ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਵਿੱਚ ਉੱਘੇ ਕਹਾਣੀਕਾਰ ਦਰਸ਼ਨ ਜੋਗਾ, ਸ਼ਾਇਰ ਗੁਰਪ੍ਰੀਤ, ਗੀਤਕਾਰ ਜਨਕ ਸੰਗਤ ਅਤੇ ਕਾਕਾ ਮਾਨ, ਮਾਨਸਾ ਦੇ ਪ੍ਰਸਿੱਧ ਪੱਤਰਕਾਰ ਅਤੇ ਗੀਤਕਾਰ ਗੁਰਚੇਤ ਫੱਤੇਵਾਲੀਆ, ਲੋਕਧਾਰਾ ਖੋਜੀ ਡਾ. ਗੁਰਮੇਲ ਕੌਰ ਜੋਸ਼ੀ, ਪੰਜਾਬੀ ਗੀਤਕਾਰੀ ਉੱਤੇ ਪੀਐਚ.ਡੀ. ਕਰ ਚੁੱਕੇ ਡਾ. ਪਰਮਜੀਤ ਸਿੰਘ, ਜਰਨਲਿਸਟ ਬਲਵਿੰਦਰ ਸਿੰਘ, ਸ਼ਾਇਰ ਬਲਵੰਤ ਭਾਟੀਆ, ਗੁਰਜੰਟ ਸਿੰਘ, ਜਗਜੀਵਨ ਆਲੀਕੇ, ਗਗਨਦੀਪ ਸ਼ਰਮਾ, ਹਰਦੀਪ ਸਿੰਘ ਸਿੱਧੂ, ਪਵਨ ਪਰਿੰਦਾ, ਪ੍ਰਸ਼ੋਤਮ ਬੱਲੀ, ਪ੍ਰੋ ਜਸਪਾਲ ਸਿੰਘ, ਸਰਬਜੀਤ ਕੌਸ਼ਲ, ਹੈਪੀ ਰਮਦਿੱਤੇਵਾਲਾ, ਹਰਿੰਦਰ ਮਾਨਸ਼ਾਹੀਆ, ਅਮ੍ਰਿਤ ਸਵੀਤੋਜ, ਮਹਿੰਦਰ ਸ਼ਰਮਾ, ਲਖਵਿੰਦਰ ਮੂਸਾ, ਹੰਸ ਰਾਜ ਮੋਫ਼ਰ, ਡਾ. ਜਨਕ ਰਾਜ, ਆਤਮਾ ਸਿੰਘ ਪਮਾਰ, ਕਰਨ ਭੀਖੀ, ਭੁਪਿੰਦਰ ਫ਼ੌਜੀ,ਹਰਜੀਵਨ ਸਰਾਂ, ਅਵਤਾਰਜੀਤ, ਅਦਾਕਾਰ ਰਾਜ ਜੋਸ਼ੀ, ਸੁਭਾਸ਼ ਬਿੱਟੂ, ਡਾ਼ ਬੱਲਮ ਲੀਂਬਾ, ਬਲਰਾਜ ਨੰਗਲ, ਕ੍ਰਿਸ਼ਨ ਚੌਹਾਨ ਅਤੇ ਕੁਲਵਿੰਦਰ ਸਿੰਘ ਮਾਨਸਾ ਦੇ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।