ਸਿਰੀਏਵਾਲਾ 'ਚ ਆਧਾਰ ਕਾਰਡ ਕੈਂਪ ਲਗਵਾਇਆ
ਗ੍ਰਾਮ ਪੰਚਾਇਤ ਸਿਰੀਏਵਾਲਾ ਨੇ ਪਿੰਡ ਵਾਸੀਆਂ
Publish Date: Sat, 13 Jun 2026 05:13 PM (IST)
Updated Date: Sat, 13 Jun 2026 05:15 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਗ੍ਰਾਮ ਪੰਚਾਇਤ ਸਿਰੀਏਵਾਲਾ ਨੇ ਪਿੰਡ ਵਾਸੀਆਂ ਨੂੰ ਆਧਾਰ ਕਾਰਡ ਨਾਲ ਸਬੰਧਤ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵੱਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਸਰਪੰਚ ਹਰਜਿੰਦਰ ਕੌਰ ਸਿਰੀਏਵਾਲਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ਆਧਾਰ ਕਾਰਡ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਫ਼ਾਇਦਾ ਨਾ ਸਿਰਫ਼ ਸਿਰੀਏਵਾਲਾ ਦੇ ਨਿਵਾਸੀਆਂ ਨੂੰ ਹੋਇਆ ਬਲਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਕੈਂਪ ਦਾ ਲਾਹਾ ਲਿਆ। ਇਸ ਕੈਂਪ ਦਾ ਸੰਚਾਲਨ ਡਾਕ ਵਿਭਾਗ ਬਠਿੰਡਾ ਤੋਂ ਪਹੁੰਚੇ ਗੁਰਦੀਪ ਸਿੰਘ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਮਾਰਕੀਟਿੰਗ ਐਗਜ਼ੀਕਿਊਟਿਵ ਮੁਨੀਤ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਪੋਸਟਲ ਜੀਵਨ ਬੀਮਾ, ਵਧੀਆ ਵਿਆਜ ਦਰਾਂ ਵਾਲੀਆਂ ਜਮਾਂ ਪੂੰਜੀ ਸਕੀਮਾਂ ਅਤੇ ਛੋਟੀਆਂ ਬੱਚੀਆਂ ਦੇ ਸੁਰੱਖਿਅਤ ਭਵਿੱਖ ਲਈ ਚਲਾਈ ਜਾ ਰਹੀ ਸੁਕੰਨਿਆ ਸਮਰਿਧੀ ਯੋਜਨਾ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਹਰਜਿੰਦਰ ਕੌਰ ਜੀ ਨੇ ਦੱਸਿਆ ਕਿ ਕੈਂਪ ਦੌਰਾਨ ਲਗਭਗ 45 ਦੇ ਕਰੀਬ ਲਾਭਪਾਤਰੀਆਂ ਨੇ ਆਪਣੇ ਆਧਾਰ ਕਾਰਡ ਅਪਡੇਟ ਕਰਵਾਏ ਅਤੇ ਇਸ ਦੌਰਾਨ ਵਿਸ਼ੇਸ਼ ਤੌਰ ਤੇ 10 ਨਵ-ਜਨਮੇ ਬੱਚਿਆਂ ਦੇ ਆਧਾਰ ਕਾਰਡ ਬਿਲਕੁਲ ਮੁਫ਼ਤ ਬਣਾਏ ਗਏ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸਹੂਲਤ ਅਤੇ ਉਨ੍ਹਾਂ ਦੇ ਕੰਮਾਂ ਨੂੰ ਸੁਖਾਲਾ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਲੋਕਾਂ ਨੂੰ ਅੱਤ ਦੀ ਗਰਮੀ ਵਿੱਚ ਸ਼ਹਿਰਾਂ ਦੇ ਚੱਕਰਾਂ ਅਤੇ ਲੰਮੀਆਂ ਲਾਈਨਾਂ ਤੋਂ ਬਚਾਉਣ ਲਈ ਇਹ ਕੈਂਪ ਲਗਾਇਆ ਗਿਆ ਸੀ। ਅਜਿਹੇ ਲੋਕ-ਭਲਾਈ ਉਪਰਾਲੇ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ। ਇਸ ਕੈਂਪ ਵਿੱਚ ਪਹੁੰਚੇ ਲੋਕਾਂ ਨੇ ਪੰਚਾਇਤ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ। ਪਿੰਡ ਬੁਰਜ ਥਰੋੜ ਤੋਂ ਆਏ ਅਵਤਾਰ ਸਿੰਘ ਨੇ ਦੱਸਿਆ ਕਿ ਕੈਂਪ ਦੇ ਪ੍ਰਬੰਧ ਬਹੁਤ ਹੀ ਸ਼ਾਨਦਾਰ ਸਨ। ਲੋਕਾਂ ਦੇ ਬੈਠਣ ਲਈ ਕੁਰਸੀਆਂ, ਪੀਣ ਲਈ ਸਾਫ਼ ਪਾਣੀ, ਏ.ਸੀ, ਲਾਇਬ੍ਰੇਰੀ ਦਾ ਵਿਸ਼ੇਸ਼ ਇੰਤਜ਼ਾਮ ਸੀ। ਟੋਕਨ ਸਿਸਟਮ ਲਾਗੂ ਹੋਣ ਕਾਰਨ ਹਰ ਇੱਕ ਨੇ ਆਪਣੀ ਵਾਰੀ ਅਨੁਸਾਰ ਬਿਨ੍ਹਾਂ ਕਿਸੇ ਖੱਜਲ-ਖੁਆਰੀ ਅਤੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਆਪਣਾ ਕੰਮ ਕਰਵਾਇਆ। ਇਲਾਕਾ ਨਿਵਾਸੀਆਂ ਨੇ ਇਸ ਸਫ਼ਲ ਕੈਂਪ ਲਈ ਸਰਪੰਚ ਅਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ।