ਅਧਿਆਪਕਾਂ ਨੂੰ ਸਕੂਲਾਂ ‘ਚੋਂ ਬਾਹਰ ਰੱਖਣ ਖ਼ਿਲਾਫ਼ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
ਪੰਜਾਬ ਦੀ ਸਿੱਖਿਆ ਹਾਲਤ ਬਦ ਤੋਂ ਬਦਤਰ
Publish Date: Fri, 19 Jun 2026 04:47 PM (IST)
Updated Date: Fri, 19 Jun 2026 04:48 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਦੀ ਸਿੱਖਿਆ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿਚ ਉਲਝਾ ਕੇ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਨੇ ਇੰਨ੍ਹਾਂ ਗ਼ੈਰ ਵਿਦਿਅਕ ਕੰਮਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਪੰਜਾਬ ਦੇ 17 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਬੀਐੱਲਓ ਡਿਊਟੀ ਵਿੱਚ ਐੱਸਆਈਆਰ ਸਰਵੇ ਕਰਨ ਲਈ ਸਕੂਲਾਂ ਤੋ ਬਾਹਰ ਕਰ ਦਿੱਤਾ ਹੈ। ਉਹ ਆਉਣ ਵਾਲੇ ਮਹੀਨਿਆਂ ਵਿੱਚ ਘਰ ਘਰ ਜਾ ਕੇ ਵੋਟਰਾਂ ਦੇ ਫ਼ਾਰਮ ਭਰਨਗੇ ਅਤੇ ਉਨ੍ਹਾਂ ਨੂੰ ਔਨਲਾਈਨ ਅਪਲੋਡ ਕਰਨਗੇ, ਜੋ ਕਿ ਇੱਕ ਲੰਬੀ ਪ੍ਰਕਿਰਿਆ ਹੈ ਅਤੇ ਕਈ ਮਹੀਨੇ ਤੱਕ ਚਲਦੀ ਰਹੇਗੀ। ਇਸੇ ਡਰੱਗ ਜਨਗਣਨਾ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਨਾਂ ਤੇ ਤਕਰੀਬਨ 20 ਹਜ਼ਾਰ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕਰ ਦਿੱਤਾ ਹੈ। ਹਜ਼ਾਰਾਂ ਅਧਿਆਪਕ ਮਈ ਮਹੀਨੇ ਜਨਗਣਨਾ ਦਾ ਪਹਿਲਾਂ ਫੇਜ਼ ਕਰ ਕੇ ਹਟੇ ਹਨ ਅਤੇ ਹੁਣ ਫ਼ਰਵਰੀ ਵਿੱਚ ਦੂਜਾ ਫੇਜ਼ ਕਰਨਗੇ। ਇਸੇ ਦੌਰਾਨ ਨਵੰਬਰ ਮਹੀਨੇ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ ਤਾਂ ਤਕਰੀਬਨ ਦੋ ਮਹੀਨੇ ਹਜ਼ਾਰਾਂ ਅਧਿਆਪਕ ਉਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨਗੇ। ਡੀਟੀਐਫ਼ ਦੇ ਮੀਤ ਪ੍ਰਧਾਨ ਨਵੀਨ ਬੋਹਾ, ਸ਼ਮਸ਼ੇਰ ਦਸੋਧੀਆ ਅਤੇ ਕੁਲਦੀਪ ਅੱਕਾਂਵਾਲੀ ਨੇ ਬੀਐੱਲਓਜ਼ ਅਤੇ ਜਨਗਣਨਾ ਵਿੱਚ ਲੱਗੇ ਅਧਿਆਪਕਾਂ ਦੀਆਂ ਬਦਲੀਆਂ ਰੋਕਣ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕ ਬਦਲੀਆਂ ਉਡੀਕ ਰਹੇ ਸਨ, ਪਰ ਵਿਭਾਗ ਦਾ ਅਚਾਨਕ ਇਹ ਫ਼ੈਸਲਾ ਲੈਣਾ ਬਹੁਤ ਮੰਦਭਾਗਾ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਪ੍ਰਿੰਸੀਪਲਾਂ, ਹੈਡਮਾਸਟਰਾਂ, ਲੈਕਚਰਾਰਾਂ, ਮਾਸਟਰਾਂ ਅਤੇ ਈਟੀਟੀ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਆਗੂਆਂ ਨੇ ਕਿਹਾ ਕਿ ਜੁਲਾਈ ਵਿੱਚ ਸਕੂਲ ਖੁੱਲ੍ਹਦੇ ਸਮੇਂ ਵਿਦਿਆਰਥੀਆਂ ਨੂੰ ਪੜਾਉਣ ਲਈ ਅਧਿਆਪਕ ਸਕੂਲਾਂ ਵਿੱਚ ਨਹੀਂ ਮਿਲਣਗੇ। ਆਗੂਆਂ ਕੁਝ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਐਫ਼ਆਈਆਰ ਅਤੇ ਤਨਖ਼ਾਹ ਰੋਕਣ ਦੀਆਂ ਧਮਕੀਆਂ ਦੇ ਕੇ ਜ਼ਬਰੀ ਇੰਨ੍ਹਾਂ ਡਿਊਟੀਆਂ ਨੂੰ ਕਰਵਾਇਆ ਜਾ ਰਿਹਾ ਹੈ, ਜਿਸਨੂੰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਬਰਦਾਸ਼ਤ ਨਹੀਂ ਕਰੇਗਾ। ਦਵਿੰਦਰ ਫ਼ਰੀਦਕੇ, ਭੁਪਿੰਦਰ ਬੋਹਾ ਅਤੇ ਰਾਜ ਸੇਠੀ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਡਰੱਗ ਸਰਵੇ ਵਿੱਚ ਕਿਸੇ ਵੀ ਅਧਿਆਪਕ ਦੀ ਜ਼ਬਰੀ ਡਿਊਟੀ ਨਹੀਂ ਲਾਈ ਗਈ ਅਤੇ ਨਾ ਹੀ ਲਗਾਈ ਜਾਵੇਗੀ । ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਡਰੱਗ ਸਰਵੇ ਵਿੱਚ ਜ਼ਬਰਦਸਤੀ ਡਿਊਟੀ ਕਰਨ ਲਈ ਕਿਹਾ ਜਾਵੇ ਤਾਂ ਉਹ ਮਸਲਾ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ।