ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵਿਸ਼ਾਲ ਪੰਥਕ ਕਾਫ਼ਲਾ ਰਵਾਨਾ, ਜੱਥੇਦਾਰ ਗਿਆਨੀ ਟੇਕ ਸਿੰਘ ਨੇ ਪੰਥ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ
Publish Date: Sun, 05 Jul 2026 04:16 PM (IST)
Updated Date: Sun, 05 Jul 2026 04:17 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਲਗਾਤਾਰ ਦਿੱਤੀ ਜਾ ਰਹੀ ਚੁਣੌਤੀ ਅਤੇ ਵੀਡੀਓ ਵਿਵਾਦ ਬਾਅਦ ਪੈਦਾ ਹੋਏ ਘੋਰ ਪੰਥਕ ਰੋਸ ਦੇ ਚਲਦਿਆਂ, ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦਾ ਇੱਕ ਵਿਸ਼ਾਲ ਕਾਫ਼ਲਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋਇਆ। ਇਸ ਇਤਿਹਾਸਕ ਰਵਾਨਗੀ ਮੌਕੇ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਕਾਫ਼ਲੇ ਨੂੰ ਰਵਾਨਾ ਕੀਤਾ। ਪਿਛਲੇ ਦਿਨ੍ਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ਨੂੰ ਜਨਵਰੀ ਮਹੀਨੇ ਚ ਤਲਬ ਕੀਤਾ ਗਿਆ ਸੀ, ਜਿਸ ਉਪਰੰਤ ਵੀਡੀਓ ਦੀ ਫੋਰੈਂਸਿਕ ਜਾਂਚ ਆਉਣ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਐਲਾਨਿਆ ਗਿਆ। ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਰ ਘਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਪਹੁੰਚਾਇਆ ਜਾ ਰਿਹਾ ਹੈ। ਇਸੇ ਸੰਦਰਭ ਚ ਸਮੁੱਚੇ ਖਾਲਸਾ ਪੰਥ ਦਾ ਇੱਕ ਵਿਸ਼ਾਲ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 21 ਹਾੜ ਨਾਨਕਸ਼ਾਹੀ ਸੰਮਤ 558, (5 ਜੁਲਾਈ) ਵਾਲੇ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੁਲਾਇਆ ਗਿਆ ਹੈ। ਇਸ ਇਕੱਠ ਚ ਸ਼ਿਰਕਤ ਕਰਨ ਲਈ ਕੋਨੇ ਕੋਨੇ ਤੋਂ ਸੰਗਤ ਸ੍ਰੀ ਅੰਮ੍ਰਿਤਸਰ ਪਹੁੰਚ ਰਹੀ ਹੈ, ਜਿਸ ਤਹਿਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ 3000 ਦੇ ਕਰੀਬ ਸੰਗਤ ਦਾ ਕਾਫ਼ਲਾ 60 ਬੱਸਾਂ ਰਾਹੀਂ ਤਖਤ ਸਾਹਿਬ ਨਤਮਸਤਕ ਹੋ ਕੇ ਸ੍ਰੀ ਅੰਮ੍ਰਿਤਸਰ ਵੱਲ ਰਵਾਨਾ ਹੋਇਆ। ਬੱਸਾਂ ਦੀ ਰਵਾਨਗੀ ਮੌਕੇ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਗਤ ਨੇ ਅਕਾਲ ਤਖਤ ਮਹਾਨ ਹੈ ਦੇ ਨਾਅਰੇ ਲਗਾਉਂਦਿਆਂ ਤਖਤ ਸਾਹਿਬ ਤੋਂ ਰਵਾਨਗੀ ਲਈ। ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਬੇਹੱਦ ਦ੍ਰਿੜ੍ਹਤਾ ਨਾਲ ਆਖਿਆ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਿਆ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਕਹਿੰਦਾ ਹੈ ਕਿ ਸਿੰਘ ਸਾਹਿਬ ਚਾਹੇ ਰੋਜ਼ ਮੀਟਿੰਗਾਂ ਕਰੀ ਜਾਣ, ਮੈਂ ਪੰਜ ਸਿੰਘ ਸਾਹਿਬਾਨ ਦੇ ਫ਼ੈਸਲਿਆਂ ਨੂੰ ਨਹੀਂ ਮੰਨਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਹੰਕਾਰੀ ਬਿਆਨ ਦੇਣ ਵਾਲਾ ਵਿਅਕਤੀ ਸਿੱਧੇ ਤੌਰ ਤੇ ਪੰਥ ਦੋਖੀ ਅਤੇ ਗੁਰੂ ਦੋਖੀ ਹੈ। ਪਹਿਲਾਂ ਵੀਡੀਓ ਨੂੰ ਏਆਈ ਅਤੇ ਮਾਸਕਾਂ ਦੇ ਓਹਲੇ ਝੂਠਾ ਦੱਸਣਾ ਅਤੇ ਫੋਰੈਂਸਿਕ ਜਾਂਚ ਵਿੱਚ ਸੱਚ ਸਾਹਮਣੇ ਆਉਣ ਬਾਅਦ ਲਗਾਤਾਰ ਬਿਆਨ ਬਦਲਣੇ, ਸੱਤਾ ਦੇ ਨਸ਼ੇ ਅਤੇ ਗੁਰੂ ਭੈਅ ਤੋਂ ਮੁਨਕਰ ਹੋਣ ਦੀ ਨਿਸ਼ਾਨੀ ਹੈ। ਜਥੇਦਾਰ ਸਾਹਿਬ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਚੇਤਾਵਨੀ ਦਿੱਤੀ ਕਿ ਅੱਜ ਤੱਕ ਜਿਸ ਕਿਸੇ ਨੇ ਵੀ ਅਕਾਲ ਤਖਤ ਸਾਹਿਬ ਅਤੇ ਖਾਲਸਾ ਪੰਥ ਨਾਲ ਟੱਕਰ ਲਈ ਹੈ, ਉਸ ਦਾ ਹਸ਼ਰ ਸਭ ਨੇ ਦੇਖਿਆ ਹੈ। ਉਨ੍ਹਾਂ ਇਤਿਹਾਸਕ ਪਾਤਰਾਂ ਦਾ ਜ਼ਿਕਰ ਕਰਦਿਆਂ ਕਿਹਾ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਮੱਸਾ ਰੰਘੜ, ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ ਅਤੇ ਬੂਟਾ ਸਿੰਘ ਇਹ ਸਾਰਾ ਵਰਤਾਰਾ ਤੁਸੀਂ ਆਪਣੀ ਅੱਖੀਂ ਦੇਖਿਆ ਹੈ, ਜਿਸ ਨੇ ਵੀ ਅਕਾਲ ਤਖਤ ਸਾਹਿਬ ਨੂੰ ਵੰਗਾਰਿਆ, ਸੰਗਤ ਨੇ ਉਸ ਨੂੰ ਕਦੇ ਮੁਆਫ਼ ਨਹੀਂ ਕੀਤਾ। ਸਿੰਘ ਸਾਹਿਬ ਨੇ 5 ਜੁਲਾਈ ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਵਿਸ਼ੇਸ਼ ਧਾਰਮਿਕ ਇਕੱਠ (ਇਜਲਾਸ) ਲਈ ਸਮੁੱਚੇ ਪੰਥ ਨੂੰ ਖੁੱਲ੍ਹਾ ਸੱਦਾ ਦਿੱਤਾ। ਇਸ ਮੌਕੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਨਰਿੰਦਰਜੀਤ ਸਿੰਘ ਮੈਨੇਜਰ, ਭੋਲਾ ਸਿੰਘ ਇੰਚਾਰਜ ਸਬ ਆਫਿਸ, ਮਨਦੀਪ ਸਿੰਘ, ਗੁਰਸੇਵਕ ਸਿੰਘ ਕਿੰਗਰਾ ਮੀਤ ਮੈਨੇਜਰ, ਗੁਰਦੇਵ ਸਿੰਘ ਵਧੀਕ ਮੈਨੇਜਰ ਹਾਜ਼ਰ ਸਨ।