72 ਪਿੰਡਾਂ ਦੀ ਪੰਚਾਇਤਾਂ ਵੱਲੋਂ ਖ਼ਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਅੱਪਗ੍ਰੇਡ ਕਰਨ ਦੀ ਮੰਗ
72 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ
Publish Date: Sun, 14 Jun 2026 05:02 PM (IST)
Updated Date: Sun, 14 Jun 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ 72 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਸੀਐਚਸੀ ਖਿਆਲਾ ਕਲਾਂ ਨੂੰ ਅੱਪਗ੍ਰੇਡ ਕਰਨ ਦੀ ਮੰਗ ਜ਼ੋਰ ਫੜ ਗਈ ਹੈ। ਹਸਪਤਾਲ ਅੱਪਗ੍ਰੇਡ ਕਰਵਾਉਣ ਲਈ ਬਣਾਈ ਗਈ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਵਿਚ ਭਰਵੀਂ ਹਾਜ਼ਰੀ ਰਹੀ। ਵੱਖ ਵੱਖ ਪਿੰਡਾਂ ਅਤੇ ਮਾਨਸਾ ਸ਼ਹਿਰ ਤੋਂ ਵੱਡੀ ਗਿਣਤੀ ‘ਚ ਪੁੱਜੇ ਬੁਲਾਰਿਆਂ ਨੇ ਮੰਗ ਕੀਤੀ ਕਿ ਇਸ ਹਸਪਤਾਲ ਦੇ ਵੱਡੇ ਘੇਰੇ ਨੂੰ ਦੇਖਦੇ ਹੋਏ ਇਸਦਾ ਵਿਸਥਾਰ ਕੀਤਾ ਜਾਵੇ। ਮੁੱਖ ਸੜਕ ‘ਤੇ ਸਥਿਤ ਅਤੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿਚਕਾਰ ਪੈਂਦੇ ਇਸ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਵਿਕਸਿਤ ਕੀਤਾ ਜਾਵੇ। ਜ਼ਿਲ੍ਹੇ ਦੇ ਹੋਰ ਸਰਕਾਰੀ ਹਸਪਤਾਲਾਂ ਨਾਲੋਂ ਵੱਧ ਰਕਬੇ ਵਿਚ ਬਣੇ ਇਸ ਹਸਪਤਾਲ ਵਿੱਚ ਹਰ ਰੋਗ ਦੇ ਮਾਹਿਰ ਡਾਕਟਰਾਂ, ਬਲੱਡ ਬੈਂਕ, ਅਲਟਰਾਸਾਊਂਡ, ਅਧੁਨਿਕ ਟੈਸਟ ਲੈਬਾਰਟਰੀ, ਚੌਵੀ ਘੰਟੇ ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਪੇਂਡੂ ਖੇਤਰ ਦੇ ਮਰੀਜ਼ਾਂ ਦੀ ਪਹੁੰਚ ਅਸਾਨ ਹੋ ਸਕੇ। ਮੁਸਲਿਮ ਫ਼ਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫ਼ਰ ਨੇ ਕਿਹਾ ਕਿ ਤੰਗ ਬਾਜ਼ਾਰ ਵਿਚ ਬਣੇ ਮਾਨਸਾ ਦੇ ਹਸਪਤਾਲ ਤੱਕ ਪੁੱਜਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ ਨੂੰ ਕਿਸੇ ਵਾਹਨ ਜ਼ਰੀਏ ਲਿਜਾਇਆ ਜਾਂਦਾ ਹੈ ਤਾਂ ਲਗਾਤਾਰ ਲੱਗਦੇ ਜਾਮ ਅਤੇ ਅੰਡਰ ਬ੍ਰਿੱਜ ਵਿਚ ਵਾਰ ਵਾਰ ਭਰਦਾ ਪਾਣੀ ਅਤੇ ਰੇਲਵੇ ਫ਼ਾਟਕ ਅੜਿੱਕਾ ਬਣਦਾ ਹੈ। ਜੇਕਰ ਮਰੀਜ਼ ਨੂੰ ਤੁਰਨ ਲਈ ਕਿਹਾ ਜਾਂਦਾ ਹੈ ਤਾਂ ਸਿਹਤ ਇਜਾਜ਼ਤ ਨਹੀਂ ਦਿੰਦੀ। ਮੈਡੀਕਲ ਪ੍ਰੈਕਟੀਸ਼ਨਰ ਯੁਨੀਅਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਨੈਸ਼ਨਲ ਹਾਈਵੇਅ ‘ਤੇ ਸਥਿਤ ਇਹ ਹਸਪਤਾਲ ਇਮਾਰਤ, ਜ਼ਮੀਨ ਅਤੇ ਸੌਖੀ ਪਹੁੰਚ ਪੱਖੋਂ ਹਰ ਮਦ ਪੂਰ੍ਹੀ ਕਰਦਾ ਹੈ। ਇਸ ਲਈ ਇਸ ਹਸਪਤਾਲ ਨੂੰ ਅੱਪਗ੍ਰੇਡ ਕਰਨਾ ਸਮੇਂ ਦੀ ਵੱਡੀ ਲੋੜ ਅਤੇ ਮੰਗ ਹੈ। ਕਿਸਾਨ ਆਗੂ ਗੁਰਜੰਟ ਸਿੰਘ ਅਤੇ ਵਰਿਆਮ ਸਿੰਘ ਨੇ ਕਿਹਾ ਕਿ ਸੁਨਾਮ ਤੋਂ ਕੋਟਸ਼ਮੀਰ, ਬਰਨਾਲੇ ਤੋਂ ਸਿਰਸਾ ਤੱਕ ਇਨ੍ਹਾਂ ਦੋਵੇਂ ਮੁੱਖ ਸੜਕਾਂ ‘ਤੇ ਇਹੀ ਸਰਕਾਰੀ ਸਿਹਤ ਕੇਂਦਰ ਮੌਜੂਦ ਹੈ। ਪੇਂਡੂ ਖੇਤਰ ਅਤੇ ਸੜਕਾਂ ‘ਤੇ ਵਾਪਰਦੇ ਹਾਦਸਿਆਂ ਨੂੰ ਵੇਖਦਿਆਂ ਹਸਪਤਾਲ ਵਿਚ ਟਰੋਮਾ ਸੈਂਟਰ, ਚੌਵੀ ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਅਤੇ ਬਲੱਡ ਬੈਂਕ ਸ਼ੁਰੂ ਕੀਤਾ ਜਾਵੇ। ਕੇਵਲ ਸਿੰਘ ਸਰਾਂ ਨੇ ਕਿਹਾ ਕਿ ਹਸਪਤਾਲ ਵਿੱਚ ਵਿਹਲੀਆਂ ਪਈਆਂ ਅਸਾਮੀਆਂ ਤੁਰੰਤ ਭਰਦਿਆਂ ਸੀਨੀਅਰਤਾ ਦੇ ਅਧਾਰਿਤ ਸੁਮਦਾਇਕ ਸਿਹਤ ਕੇਂਦਰ ਨੂੰ ਪਦ ਉੱਨਤ ਕੀਤਾ ਜਾਵੇ। ਬੁਲਾਰਿਆਂ ਮੰਗ ਕੀਤੀ ਕਿ ਕਿਸੇ ਵੇਲੇ ਪੂਰ੍ਹੇ ਭਾਰਤ ਵਿੱਚੋਂ ਪਹਿਲੇ ਸਥਾਨ ‘ਤੇ ਰਹਿਣ ਵਾਲੇ ਹਸਪਤਾਲ ਨੂੰ ਸਨਮਾਨ ਵੱਜੋਂ ਸਹੂਲਤ ਸੰਪੰਨ ਬਣਾ ਕੇ 72 ਪਿੰਡਾਂ ਦੇ ਸਾਢੇ ਤਿੰਨ ਲੱਖ ਲੋਕਾਂ ਨੂੰ ਸਸਤੀਆਂ ਸਰਕਾਰੀ ਸਿਹਤ ਸਹੂਲਤਾਂ ਦਾ ਤੋਹਫ਼ਾ ਦਿੱਤਾ ਜਾਵੇ। ਇਹ ਮੰਗ ਵੀ ਵਿਸ਼ੇਸ਼ ਤੌਰ ‘ਤੇ ਉੱਠੀ ਕਿ ਹਸਪਤਾਲ ਵਿੱਚ ਖੜ੍ਹੇ ਕੀਤੇ ਨਕਾਰਾ ਹੋ ਚੁੱਕੇ ਵਾਹਨਾਂ ਨੂੰ ਹਟਾਇਆ ਜਾਵੇ, ਖੰਡਰ ਬਣੇ ਪੁਰਾਣੇ ਰਿਹਾਇਸ਼ੀ ਕੁਆਰਟਰ ਢਾਹੇ ਜਾਣ ਅਤੇ ਜਿਲ੍ਹਾ ਨਸ਼ਾ ਮੁਕਤੀ ਕੇਂਦਰ ਮਾਨਸਾ ਵਿਖੇ ਤਬਦੀਲ ਕੀਤਾ ਜਾਵੇ। ਡਾ. ਬਿੱਕਰ ਸਿੰਘ ਖਿਆਲਾ ਦੇ ਉੱਦਮਾਂ ਨਾਲ ਸ਼ੁਰੂ ਹੋਈ ਇਹ ਮੁਹਿੰਮ ਨਿਸ਼ਾਨੇ ਵੱਲ ਵਧ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਹੰਸ ਰਾਜ ਮੋਫ਼ਰ, ਧੰਨਾ ਮੱਲ ਗੋਇਲ, ਹਰਦੀਪ ਸਿੰਘ ਜਟਾਣਾ , ਸਰਪੰਚ ਰਣਜੀਤ ਸਿੰਘ, ਡਾ. ਰਾਮ ਸਿੰਘ, ਕਿਸਾਨ ਆਗੂ ਗੁਰਜੰਟ ਸਿੰਘ, ਕਿਸਾਨ ਆਗੂ ਵਰਿਆਮ ਸਿੰਘ , ਗੁਰਸੇਵਕ ਸਿੰਘ , ਅਮਨਦੀਪ ਸਿੰਘ ,ਕੇਵਲ ਸਿੰਘ ਸਰਾਂ, ਕੁਲਵੰਤ ਸਿੰਘ , ਮੇਜਰ ਸਿੰਘ, ਸਰਪੰਚ ਕੁਲਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ , ਸੁਖਦਰਸ਼ਨ ਸੋਨੀ, ਛਿੰਦਰਪਾਲ ਸਿੰਘ ਚਹਿਲ , ਫ਼ੌਜੀ ਦਰਸ਼ਨ ਸਿੰਘ , ਪੰਚ ਗੁਰਪ੍ਰੀਤ ਕੌਰ ਆਦਿ ਹਾਜ਼ਰ ਹੋਏ।