ਲੁਧਿਆਣਾ 'ਚ ਗੋਲੀਆਂ ਦੀ ਗੂੰਜ, ਕਰਜ਼ੇ ਦੇ ਪੈਸੇ ਮੰਗਣ ਗਏ ਨੌਜਵਾਨਾਂ 'ਤੇ ਹਮਲਾ, ਸ਼ਰੇਆਮ ਫਾਇਰਿੰਗ ਕਰ ਫੈਲਾਈ ਦਹਿਸ਼ਤ
ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਫਾਇਰਿੰਗ ਦੀਆਂ ਵੱਧ ਰਹੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਸ਼ਹਿਰ ਦੇ ਅਮਨ-ਕਾਨੂੰਨ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਨਾਜਾਇਜ਼ ਹਥਿਆਰਾਂ ਨਾਲ ਸ਼ਰੇਆਮ ਗੋਲੀਆਂ ਚਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
Publish Date: Fri, 31 Jul 2026 01:45 PM (IST)
Updated Date: Fri, 31 Jul 2026 01:48 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ, ਪੰਜਾਬੀ ਜਾਗਰਣ। ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਫਾਇਰਿੰਗ ਦੀਆਂ ਵੱਧ ਰਹੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਸ਼ਹਿਰ ਦੇ ਅਮਨ-ਕਾਨੂੰਨ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਨਾਜਾਇਜ਼ ਹਥਿਆਰਾਂ ਨਾਲ ਸ਼ਰੇਆਮ ਗੋਲੀਆਂ ਚਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਪਾਸੇ 15 ਲੱਖ ਰੁਪਏ ਦੀ ਉਧਾਰੀ ਵਾਪਸ ਮੰਗਣ ਗਏ ਨੌਜਵਾਨਾਂ ’ਤੇ ਹਮਲਾ ਕਰਕੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਵਿੱਚ ਇੱਕ ਨੌਜਵਾਨ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ, ਜਦਕਿ ਦੂਜੇ ਮਾਮਲੇ ’ਚ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਚੀਮਾ ਚੌਕ ਨੇੜੇ ਕੁਝ ਨੌਜਵਾਨਾਂ ਨੇ ਸ਼ਰੇਆਮ ਫਾਇਰਿੰਗ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਦੋਵੇਂ ਘਟਨਾਵਾਂ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
15 ਲੱਖ ਰੁਪਏ ਦੇ ਲੈਣ-ਦੇਣ ਨੇ ਲਿਆ ਖੂਨੀ ਰੂਪ
ਦੁਗਰੀ ਥਾਣਾ ਪੁਲਿਸ ਨੇ ਵਰਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੱਕਰ, ਤਹਿਸੀਲ ਜਗਰਾਓਂ ਦੀ ਸ਼ਿਕਾਇਤ ’ਤੇ ਗੁਰਜੀਤ ਸਿੰਘ ਵਾਸੀ ਸੀਆਰਪੀਐਫ ਕਾਲੋਨੀ ਫੇਜ਼-1, ਦੁਗਰੀ, ਗਗਨਦੀਪ ਸਿੰਘ ਉਰਫ਼ ਗੱਗੀ ਵਾਸੀ ਪਿੰਡ ਦੁਗਰੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਫਾਇਨਾਂਸ ਦਾ ਕੰਮ ਕਰਦਾ ਹੈ। ਸ਼ਿਕਾਇਤ ਕਰਤਾ ਮੁਤਾਬਕ ਗੁਰਜੀਤ ਸਿੰਘ ਕੋਲ ਉਨ੍ਹਾਂ ਦੇ ਕਰੀਬ 15 ਲੱਖ ਰੁਪਏ ਬਕਾਇਆ ਸਨ। ਕਈ ਵਾਰ ਰਕਮ ਦੀ ਮੰਗ ਕਰਨ ਦੇ ਬਾਵਜੂਦ ਜਦੋਂ ਪੈਸੇ ਵਾਪਸ ਨਹੀਂ ਮਿਲੇ ਤਾਂ ਉਹ ਆਪਣੇ ਕੁਝ ਸਾਥੀਆਂ ਨਾਲ ਦੁਗਰੀ ਫੇਜ਼-1 ਵਿਖੇ ਗੁਰਜੀਤ ਸਿੰਘ ਕੋਲ ਰਕਮ ਲੈਣ ਲਈ ਗਿਆ।
ਸ਼ਿਕਾਇਤਕਰਤਾ ਦੇ ਅਨੁਸਾਰ ਉੱਥੇ ਪਹੁੰਚਦੇ ਹੀ ਗੁਰਜੀਤ ਸਿੰਘ ਆਪਣੇ ਸਾਥੀ ਗਗਨਦੀਪ ਸਿੰਘ ਉਰਫ਼ ਗੱਗੀ ਅਤੇ ਦੋ ਹੋਰ ਅਣਪਛਾਤੇ ਨੌਜਵਾਨਾਂ ਨਾਲ ਆ ਗਿਆ। ਪਹਿਲਾਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ ਅਤੇ ਕੁਝ ਹੀ ਪਲਾਂ ਵਿੱਚ ਮਾਮਲਾ ਹਿੰਸਕ ਹੋ ਗਿਆ।
ਦੋਸ਼ ਹੈ ਕਿ ਮੁਲਜ਼ਮਾਂ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗਗਨਦੀਪ ਸਿੰਘ ਨੇ ਆਪਣੇ ਕੋਲ ਮੌਜੂਦ ਰਿਵਾਲਵਰ ਕੱਢ ਕੇ ਲਗਾਤਾਰ ਤਿੰਨ ਫਾਇਰ ਕਰ ਦਿੱਤੇ।
ਇਨ੍ਹਾਂ ’ਚੋਂ ਦੋ ਗੋਲੀਆਂ ਵਰਿੰਦਰਪਾਲ ਸਿੰਘ ਦੀਆਂ ਲੱਤਾਂ ਵਿੱਚ ਲੱਗੀਆਂ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਹੇਠਾਂ ਡਿੱਗ ਪਿਆ। ਅਚਾਨਕ ਹੋਈ ਫਾਇਰਿੰਗ ਨਾਲ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਪੀੜਤ ਅਤੇ ਉਸ ਦੇ ਸਾਥੀਆਂ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਸਮੇਂ ਉਨ੍ਹਾਂ ਨੇ ਦੁਬਾਰਾ ਮਿਲਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਚੀਮਾ ਚੌਕ ਪੁਲ ਹੇਠਾਂ ਸ਼ਰੇਆਮ ਫਾਇਰਿੰਗ, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਦਰਜ ਕੀਤਾ ਕੇਸ
ਦੂਜੀ ਘਟਨਾ ਚੀਮਾ ਚੌਂਕ ਪੁੱਲ ਦੇ ਲਾਗੇ ਵਾਪਰੀ। ਮੁਲਜ਼ਮਾਂ ਵੱਲੋਂ ਸ਼ਰੇਆਮ ਫਾਇਰਿੰਗ ਕਰਕੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਗਈ। ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਅਮਨ, ਮਿੱਠੂ ਅਤੇ 6 ਤੋਂ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੂੰ ਮਿਲੀ ਸੂਚਨਾ ਅਤੇ ਮੌਕੇ ’ਤੇ ਕੀਤੀ ਜਾਂਚ ਦੇ ਆਧਾਰ 'ਤੇ ਦਰਜ ਕੀਤਾ ਗਿਆ।
ਪੁਲਿਸ ਮੁਤਾਬਕ ਰਾਤ ਸਮੇਂ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਚੀਮਾ ਚੌਕ ਪੁਲ ਹੇਠਾਂ ਕੁਝ ਨੌਜਵਾਨ ਨਾਜਾਇਜ਼ ਹਥਿਆਰਾਂ ਨਾਲ ਖੁੱਲ੍ਹੇਆਮ ਫਾਇਰਿੰਗ ਕਰ ਰਹੇ ਹਨ। ਇਸ ਦੌਰਾਨ ਗੋਲੀਬਾਰੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪੁੱਜੀ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਨੇ ਨਾਜਾਇਜ਼ ਹਥਿਆਰਾਂ ਨਾਲ ਕਈ ਫਾਇਰ ਕੀਤੇ, ਜਿਸ ਨਾਲ ਉੱਥੋਂ ਲੰਘ ਰਹੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਜਾਂਚ ਦੌਰਾਨ ਪੁਲਿਸ ਨੇ ਮੌਕੇ ਤੋਂ ਪੰਜ ਖੋਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ, ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਪੁਲਿਸ ਦਾ ਮੰਨਣਾ ਹੈ ਕਿ ਵਾਇਰਲ ਵੀਡੀਓ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਸ਼ਹਿਰ ਵਿੱਚ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਪੁਲਿਸ ਨੇ ਦੋਵੇਂ ਮਾਮਲਿਆਂ ਵਿੱਚ ਦਾਅਵਾ ਕੀਤਾ ਹੈ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।