ਜਮਾਲਪੁਰ ਇਲਾਕੇ ਵਿੱਚ ਸ਼ਰੇਆਮ ਨੌਜਵਾਨ ਦੇ ਮਾਰੀ ਗੋਲੀ,ਫੱਟੜ
ਜਮਾਲਪੁਰ ਇਲਾਕੇ ਵਿੱਚ ਸ਼ਰੇਆਮ ਨੌਜਵਾਨ ਦੇ ਮਾਰੀ ਗੋਲੀ,ਫੱਟੜ
Publish Date: Sun, 22 Feb 2026 08:33 PM (IST)
Updated Date: Mon, 23 Feb 2026 04:16 AM (IST)

ਰੰਜਿਸ਼ ਦੇ ਚੱਲਦੇ ਘਰ ਦੇ ਕੋਲ ਹੀ ਕੀਤੀ ਵਾਰਦਾਤ, ਪਰਚਾ ਦਰਜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਦੇ ਜਮਾਲਪੁਰ ਇਲਾਕੇ ਵਿੱਚ ਸਥਿਤ ਭਾਮੀਆਂ ਕਲਾਂ ਵਿਖੇ ਬੇਖੌਫ ਬਦਮਾਸ਼ਾਂ ਨੇ ਰੰਜਿਸ਼ ਦੇ ਚੱਲਦੇ ਘਰੋਂ ਸਾਮਾਨ ਲੈਣ ਲਈ ਬਾਜ਼ਾਰ ਜਾ ਰਹੇ ਨੌਜਵਾਨ ਨੂੰ ਉਸ ਦੇ ਘਰ ਦੇ ਨਜ਼ਦੀਕ ਗੋਲੀ ਦਾ ਨਿਸ਼ਾਨਾ ਬਣਾਇਆ। ਬੀਤੇ ਦਿਨੀਂ ਦੇਰ ਰਾਤ ਹੋਈ ਇਸ ਵਾਰਦਾਤ ਵਿੱਚ ਗੋਲੀ ਲੱਗਣ ਕਾਰਨ ਨੌਜਵਾਨ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਹਮਲਾਵਰਾਂ ਵੱਲੋਂ ਚਲਾਈ ਗੋਲ਼ੀ ਰਿਫਲ ਗਾਬਾ ਨਾਮ ਦੇ ਇਸ ਨੌਜਵਾਨ ਦੀ ਖੱਬੀ ਲੱਤ ’ਚ ਲੱਗੀ। ਥਾਣਾ ਜਮਾਲਪੁਰ ਪੁਲਿਸ ਨੇ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਰਿਫਲ ਦੇ ਭਰਾ ਅਜੈ ਗਾਬਾ ਦੇ ਬਿਆਨ ਤੇ ਹਮਲਾਵਰਾ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰੂ ਨਾਨਕ ਹੋਮ ਭਾਮੀਆਂ ਕਲਾਂ ਦੇ ਰਹਿਣ ਵਾਲੇ ਰਜਤ ਵਰਮਾ ਅਤੇ ਜੀਟੀਬੀ ਨਗਰ ਭਾਮੀਆਂ ਕਲਾਂ ਦੇ ਹੀ ਰਹਿਣ ਵਾਲੇ ਵਰਿਆਮ ਸਿੰਘ ਦੇ ਰੂਪ ਵਿੱਚ ਹੋਈ ਹੈ। ਗੋਲ਼ੀ ਲੱਗਣ ਕਾਰਨ ਫੱਟੜ ਹੋਏ ਉਸ ਦੇ ਭਰਾ ਅਜੇ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਵਾਰਦਾਤ ਵਾਲੀ ਰਾਤ ਕਰੀਬ 10 ਵਜੇ ਰਿਫਲਾਬਾ ਘਰੋਂ ਦਹੀਂ ਲੈਣ ਲਈ ਸੜਕ ਵੱਲ ਗਿਆ ਸੀ। ਉਸ ਦੇ ਜਾਣ ਤੋਂ ਕਰੀਬ ਪੰਜ ਮਿੰਟ ਬਾਅਦ ਉਨਾਂ ਨੂੰ ਗਲੀ ਵਿੱਚ ਗਾਲੀ ਗਲੋਚ ਅਤੇ ਲੜਾਈ ਝਗੜੇ ਦਾ ਰੌਲਾ ਸੁਣਿਆ। ਇਹ ਰੌਲਾ ਸੁਣ ਕੇ ਜਦ ਉਹ ਬਾਹਰ ਨਿਕਲਿਆ ਤਾਂ ਵੇਖਿਆ ਕਿ ਉਸ ਦੇ ਭਰਾ ਨੂੰ ਹਥਿਆਰ ਬੰਦ ਨੌਜਵਾਨ ਕੁੱਟ ਰਹੇ ਸਨ। ਇਸ ਲੜਾਈ ਝਗੜੇ ਦੌਰਾਨ ਮੁਲਜ਼ਮ ਰਜਤ ਵਰਮਾ ਨੇ ਆਪਣੇ ਨਾਲ ਲਿਆਂਦੀ ਪਿਸਤੌਲ ਤੋਂ ਰਿਫਲਾਬਾ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀ ਚਲਾ ਦਿੱਤੀ। ਰਜਤ ਵਰਮਾ ਵੱਲੋਂ ਚਲਾਈ ਗੋਲ਼ੀ ਉਸ ਦੇ ਭਰਾ ਦੀ ਖੱਬੀ ਲੱਤ ਵਿੱਚ ਲੱਗੀ ਅਤੇ ਲਹੂ ਲੁਹਾਨ ਹਾਲਤ ਵਿੱਚ ਫੱਟੜ ਨੂੰ ਮੌਕੇ ’ਤੇ ਹੀ ਛੱਡ ਕੇ ਮੁਲਜ਼ਮ ਰਜਤ ਵਰਮਾ, ਵਰਿਆਮ ਸਿੰਘ ਅਤੇ ਬਾਕੀ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।। ਆਂਢੀਆਂ ਗੁਆਂਢੀਆਂ ਦੀ ਮਦਦ ਨਾਲ ਉਹ ਆਪਣੇ ਭਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਆਇਆ ਜਿੱਥੇ ਰਿਫਲ ਕਾਬਾ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਅਜੇ ਗਾਬਾ ਦੇ ਬਿਆਨ ਉੱਪਰ ਰਜਤ ਵਰਮਾ ਅਤੇ ਵਰਿਆਮ ਸਿੰਘ ਖ਼ਿਲਾਫ਼ ਵੱਖ-ਵੱਖ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।