ਲਾਜਪਤ ਰਾਏ ਰੋਡ ’ਤੇ ਕਾਰ ਦੀ ਭੰਨਤੋੜ ਕਰਦਾ ਨੌਜਵਾਨ ਕੀਤਾ ਜਖ਼ਮੀ
ਜਗਰਾਓਂ ਦੇ ਲਾਜਪਤ ਰਾਏ ਰੋਡ ’ਤੇ ਗੱਡੀ ਭੰਨਦਿਆਂ ਨੌਜਵਾਨ ਕੀਤਾ ਜਖ਼ਮੀ
Publish Date: Tue, 27 Oct 2026 09:00 PM (IST)
Updated Date: Tue, 27 Oct 2026 09:01 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਲਾਜਪਤ ਰਾਏ ਰੋਡ ’ਤੇ ਇੱਕ ਸ਼ਵਿਫਟ ਕਾਰ ’ਚ ਜਾ ਰਹੇ ਨੌਜਵਾਨ ਨੂੰ ਦੂਸਰੀ ਕਾਰ ’ਚ ਸਵਾਰ ਹਥਿਆਰਬੰਦਾਂ ਨੇ ਘੇਰ ਲਿਆ। ਉਸ ’ਤੇ ਹਮਲਾ ਬੋਲਦਿਆਂ ਤਾਬੜ ਤੋੜ ਕਾਰ ਭੰਨ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਨੇੜੇ ਹੀ ਭਗਵਾਨ ਰਾਮ ਚੰਦਰ ਜੀ ਦਾ ਰਾਜ ਤਿਲਕ ਸਮਾਗਮ ਚੱਲ ਰਿਹਾ ਸੀ। ਸ਼ਰੇਆਮ ਗੁੰਡਾਗਰਦੀ ਕਾਰਨ ਇਲਾਕੇ ਦੇ ਲੋਕ ਸਹਿਮ ਗਏ। ਪੁਲਿਸ ਮੌਕੇ ’ਤੇ ਪੁੱਜੀ ਤਾਂ ਹਮਲਾਵਰ ਆਪਣੀ ਗੱਡੀ ਛੱਡ ਕੇ ਫ਼ਰਾਰ ਹੋ ਗਏ। ਇਸ ਘਟਨਾ ਵਿਚ ਜਖ਼ਮੀ ਹੋਏ ਰਮਨਦੀਪ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਦੋਸਤਾਂ ਦੀ ਲੜਾਈ ਹੋਈ ਸੀ। ਜਿਸ ਵਿਚ ਉਸਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹ ਉਨ੍ਹਾਂ ਦੀ ਕਾਰ ਲੈ ਕੇ ਬਾਜ਼ਾਰ ਵਿਚ ਲੰਘ ਰਿਹਾ ਸੀ। ਇੰਨੇ ਵਿਚ ਪਿੱਛਿਓਂ ਆ ਰਹੀ ਇੱਕ ਕਾਰ ਸਵਾਰ ਨੇ ਉਸ ਦੀ ਗੱਡੀ ਨੂੰ ਘੇਰਾ ਪਾਉਂਦਿਆਂ ਹਥਿਆਰਾਂ ਨਾਲ ਭੰਨਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਰੋਕਣਾ ਚਾਹਿਆ ਤਾਂ ਉਨ੍ਹਾਂ ਖੰਡੇ ਦਾ ਵਾਰ ਕਰਦਿਆਂ ਉਸਨੂੰ ਵੀ ਜਖ਼ਮੀ ਕਰ ਦਿੱਤਾ। ਲਹੂ ਲੁਹਾਣ ਰਮਨਦੀਪ ਨੂੰ ਜਗਰਾਓਂ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਮੌਕੇ ਪੁੱਜੇ ਥਾਣਾਂ ਸਿਟੀ ਦੇ ਸਬ ਇੰਸਪੈਕਟਰ ਕਰਨ ਸਿੰਘ ਨੇ ਕਿਹਾ ਕਿ ਜਖ਼ਮੀ ਰਮਨਦੀਪ ਦੇ ਬਿਆਨ ਕਲਮਬੰਦ ਕਰਨ ਦੇ ਨਾਲ ਨਾਲ ਗੱਡੀ ਭੰਨਣ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਛਾਪਾਮਾਰੀ ਕੀਤੀ ਜਾ ਰਹੀ ਹੈ।