ਸ਼ੱਕੀ ਹਾਲਾਤ ’ਚ ਨੌਜਵਾਨ ਲਾਪਤਾ, ਪਿਤਾ ਨੇ ਜਤਾਇਆ ਅਗਵਾ ਦਾ ਸ਼ੱਕ
ਨੌਜਵਾਨ ਰਹੱਸਮਈ ਹਾਲਾਤਾਂ ਵਿੱਚ ਲਾਪਤਾ, ਪਿਤਾ ਨੇ ਜਤਾਇਆ ਅਗਵਾ ਦਾ ਸ਼ੱਕ
Publish Date: Sun, 29 Mar 2026 08:14 PM (IST)
Updated Date: Mon, 30 Mar 2026 04:12 AM (IST)

ਪੁਲਿਸ ਨੇ ਕੀਤਾ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਗਿੱਲ ਰੋਡ ਇਲਾਕੇ ਤੋਂ ਇੱਕ 28 ਸਾਲਾ ਨੌਜਵਾਨ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 6 ਵਿੱਚ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅਨਿਲ ਕੁਮਾਰ ਛਾਬੜਾ, ਵਾਸੀ ਗ੍ਰੀਨ ਐਵੇਨਿਊ ਕਾਲੋਨੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦਾ ਪੁੱਤਰ ਦੀਪਾ ਛਾਬੜਾ, ਜਿਸਦੀ ਉਮਰ ਕਰੀਬ 28 ਸਾਲ ਹੈ, 6 ਮਾਰਚ 2026 ਨੂੰ ਘਰ ਤੋਂ ਆਪਣੇ ਕੰਮ ਲਈ ਨਿਕਲਿਆ ਸੀ। ਉਹ ਗਿੱਲ ਰੋਡ ਸਥਿਤ ਐੱਸਆਰਵੀ ਸਟੀਲਜ਼ ਦੇ ਨੇੜੇ ਸਕੂਟਰ ਮਾਰਕੀਟ ਵਾਲੇ ਇਲਾਕੇ ’ਚ ਗਿਆ ਸੀ ਪਰ ਸ਼ਾਮ ਹੋਣ ਤੱਕ ਵੀ ਉਹ ਘਰ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਆਪਣੇ ਪੱਧਰ ‘ਤੇ ਕਾਫੀ ਭਾਲ ਕੀਤੀ ਗਈ, ਪਰ ਨੌਜਵਾਨ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ। ਪੀੜਤ ਪਿਤਾ ਨੇ ਆਪਣੇ ਬਿਆਨ ’ਚ ਗੰਭੀਰ ਸ਼ੱਕ ਜਤਾਉਂਦਿਆਂ ਕਿਹਾ ਕਿ ਉਸਦੇ ਪੁੱਤਰ ਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਨਾਜਾਇਜ਼ ਹਿਰਾਸਤ ’ਚ ਰੱਖਿਆ ਗਿਆ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨਾਲ ਕਿਸੇ ਦੀ ਕੋਈ ਵੈਰ-ਵਿਰੋਧੀ ਗੱਲ ਵੀ ਸਾਹਮਣੇ ਨਹੀਂ ਆਈ, ਜਿਸ ਕਰ ਕੇ ਇਹ ਮਾਮਲਾ ਹੋਰ ਵੀ ਸੰਦੇਹਜਨਕ ਬਣ ਜਾਂਦਾ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 127(6) ਬੀਐੱਨਐੱਸ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੇ ਮੋਬਾਈਲ ਫੋਨ ਦੀ ਲੋਕੇਸ਼ਨ, ਉਸਦੇ ਆਖਰੀ ਸੰਪਰਕ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਸ ਬਾਰੇ ਪਤਾ ਲੱਗ ਸਕੇ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕਰ ਰਹੇ ਹਨ। ਇਲਾਕੇ ਦੇ ਰਹਿਣ ਵਾਲਿਆਂ ਨੇ ਵੀ ਇਸ ਘਟਨਾ ’ਤੇ ਚਿੰਤਾ ਜਤਾਈ ਹੈ ਤੇ ਪੁਲਿਸ ਨੂੰ ਜਲਦੀ ਤੋਂ ਜਲਦੀ ਮਾਮਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਪੱਖ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਨੌਜਵਾਨ ਨੂੰ ਲੱਭਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।